ਅੰਮ੍ਰਿਤਸਰ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, ਲੁੱਟੇਰਿਆਂ ਨੇ ਬੈਂਕ 'ਚੋਂ ਲੁੱਟੇ ਪੌਣੇ ਛੇ ਲੱਖ ਰੁਪਏ
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਸ਼ੁਰੂ
ਅੰਮ੍ਰਿਤਸਰ: ਅੰਮ੍ਰਿਤਸਰ ਜੀਟੀ ਰੋਡ ਅਲਫ਼ਾ ਵਨ ਦੇ ਸਾਹਮਣੇ ਨਕਾਬ ਪਹਿਨੇ ਚਾਰ ਨੌਜਵਾਨਾਂ ਨੇ ਬੈਂਕ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਨੌਜਵਾਨਾਂ ਨੇ ਬੈਂਕ ਮੁਲਾਜ਼ਮਾਂ ਨੂੰ ਬੰਧਕ ਬਣਾ ਕੇ ਕਰੀਬ 6 ਲੱਖ ਰੁਪਏ ਲੁੱਟ ਲਏ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫੋਰੈਂਸਿਕ ਵਿਭਾਗ ਅਤੇ ਡਾਗ ਸਕੁਐਡ ਦੀਆਂ ਟੀਮਾਂ ਵੀ ਮੌਕੇ 'ਤੇ ਪਹੁੰਚ ਗਈਆਂ।
ਇਹ ਘਟਨਾ ਸ਼ੁੱਕਰਵਾਰ ਦੁਪਹਿਰ ਨੂੰ ਅਲਫਾ ਵਨ ਦੇ ਸਾਹਮਣੇ ਸਥਿਤ ਸੈਂਟਰਲ ਬੈਂਕ ਆਫ ਇੰਡੀਆ ਬ੍ਰਾਂਚ 'ਚ ਵਾਪਰੀ। ਬੈਂਕ ਮੈਨੇਜਰ ਨੇ ਦੱਸਿਆ ਕਿ ਪਹਿਲਾਂ ਇੱਕ ਵਿਅਕਤੀ ਗਾਹਕ ਬਣ ਕੇ ਬੈਂਕ ਅੰਦਰ ਆਇਆ। ਉਸਨੇ ਦੇਖਿਆ ਕਿ ਬੈਂਕ ਵਿੱਚ ਭੀੜ ਘੱਟ ਹੈ ਅਤੇ ਹਰ ਕੋਈ ਆਪਣੇ ਸਾਥੀਆਂ ਨਾਲ ਰੁੱਝਿਆ ਹੋਇਆ ਹੈ। ਤਿੰਨ ਹੋਰ ਨੌਜਵਾਨ ਹਥਿਆਰਾਂ ਨਾਲ ਬੈਂਕ ਅੰਦਰ ਦਾਖਲ ਹੋਏ। ਚਾਰਾਂ ਨੇ ਮੂੰਹ 'ਤੇ ਮਾਸਕ ਪਾਏ ਹੋਏ ਸਨ ਅਤੇ ਮੁਲਾਜ਼ਮਾਂ ਨੂੰ ਬੰਧਕ ਬਣਾ ਲਿਆ ਸੀ। ਕੈਸ਼ੀਅਰ ਕੋਲ ਰੱਖੇ ਕਰੀਬ 6 ਲੱਖ ਰੁਪਏ ਲੁੱਟ ਕੇ ਆਪਣੇ ਨਾਲ ਲੈ ਗਏ।
ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮੁਲਾਜ਼ਮਾਂ ਦੇ ਬਿਆਨ ਲੈਣੇ ਸ਼ੁਰੂ ਕਰ ਦਿੱਤੇ ਹਨ। ਫੋਰੈਂਸਿਕ ਵਿਭਾਗ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ। ਡੌਗ ਸਕੁਐਡ ਟੀਮ ਵੀ ਮੌਕੇ 'ਤੇ ਪਹੁੰਚ ਗਈ ਹੈ। ਫਿਲਹਾਲ ਪੁਲਿਸ ਟੀਮ ਲੁਟੇਰਿਆਂ ਦੇ ਰਸਤੇ ਦਾ ਪਤਾ ਲਗਾਉਣ ਲਈ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਛਾਣਬੀਣ ਕਰ ਰਹੀ ਹੈ।
ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਦੱਸਿਆ ਕਿ ਸਾਰੇ ਲੁਟੇਰੇ ਸਫ਼ੈਦ ਰੰਗ ਦੀ ਕਾਰ ਵਿੱਚ ਬੈਂਕ ਦੇ ਬਾਹਰ ਪੁੱਜੇ ਸਨ। ਸਾਰੇ ਮੁਲਜ਼ਮਾਂ ਨੇ ਮਾਸਕ ਪਹਿਨੇ ਹੋਏ ਸਨ। ਫਿਲਹਾਲ ਟੀਮਾਂ ਜਾਂਚ 'ਚ ਜੁਟੀਆਂ ਹੋਈਆਂ ਹਨ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਹਾਸਲ ਕਰ ਲਈ ਹੈ। ਜਲਦ ਹੀ ਦੋਸ਼ੀਆਂ ਨੂੰ ਫੜਨ 'ਚ ਸਫਲਤਾ ਹਾਸਲ ਕੀਤੀ ਜਾਵੇਗੀ।