ਪੰਜਵੀਂ ਕਲਾਸ ਦੇ ਨਤੀਜਿਆਂ 'ਚ ਮਾਨਸਾ ਦੀ ਸੁਖਮਨ ਕੌਰ ਨੇ ਮਾਰੀ ਬਾਜ਼ੀ, ਹਾਸਲ ਕੀਤਾ ਪਹਿਲਾ ਸਥਾਨ
ਵੱਡੀ ਹੋ ਕੇ ਅਧਿਆਪਿਕਾ ਬਣਨਾ ਚਾਹੁੰਦੀ ਸੁਖਮਨ ਕੌਰ
ਮੁਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਪੰਜਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਹੈ। ਸਿਲਵਰ ਵਾਟਿਕਾ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਜ਼ਿਲ੍ਹਾ ਮਾਨਸਾ ਦੀ ਵਿਦਿਆਰਥਣ ਸੁਖਮਨ ਕੌਰ ਪੁੱਤਰੀ ਰਣਜੀਤ ਸਿੰਘ ਨੇ ਸੌ ਫ਼ੀਸਦੀ ਅੰਕ ਹਾਸਲ ਕਰਕੇ ਪੰਜਾਬ ਭਰ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।
ਜਾਣਕਾਰੀ ਮਿਲਣ 'ਤੇ ਪਰਿਵਾਰ ਅਤੇ ਪਿੰਡ ਵਾਸੀਆਂ 'ਚ ਖੁਸ਼ੀ ਦਾ ਮਾਹੌਲ ਵਿਖਾਈ ਦਿੱਤਾ। ਪਿਤਾ ਰਣਜੀਤ ਸਿੰਘ ਅਤੇ ਮਾਤਾ ਚਰਨਜੀਤ ਕੌਰ ਨੇ ਧੀ ਸੁਖਮਨ ਕੌਰ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਕਿਹਾ ਕਿ ਇਸ ਪ੍ਰਾਪਤੀ ਨਾਲ ਉਨ੍ਹਾਂ ਦਾ ਅਤੇ ਪਿੰਡ ਦਾ ਨਾਮ ਉੱਚਾ ਹੋਇਆ ਹੈ ।
ਸੁਖਮਨ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਅੱਗੇ ਵੀ ਪੂਰੀ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰੇਗੀ ਅਤੇ ਉਹ ਵੱਡੀ ਹੋ ਕੇ ਅਧਿਆਪਿਕਾ ਬਣੇਗੀ । ਸਕੂਲ ਪ੍ਰਿੰਸੀਪਲ ਸੁਮਨ ਰਾਣੀ ਨੇ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਦੇ ਸਕੂਲ ਦੀ ਵਿਦਿਆਰਥਣ ਨੇ ਸੂਬੇ ਪੱਧਰ 'ਤੇ ਨਾਮ ਚਮਕਾਇਆ ਹੈ। ਇਸ ਮੌਕੇ ਸੁਖਮਨ ਕੌਰ ਦੇ ਦਾਦਾ ਮਹਿੰਦਰ ਸਿੰਘ , ਦਾਦੀ ਕ੍ਰਿਪਾਲ ਕੌਰ , ਤਾਇਆ ਅਵਤਾਰ ਸਿੰਘ , ਮਾਸੀ ਕਿਰਨ ਨੇ ਵੀ ਸੁਖਮਨ ਕੌਰ ਨੂੰ ਆਸ਼ੀਰਵਾਦ ਦਿੱਤਾ ।