Elections Special: ਬਰਨਾਲਾ ਦੀ ਸਿਆਸਤ ਦਾ ਇਤਫ਼ਾਕ! ਵੋਟਾਂ ਮੰਗਣ 3 ਵਾਰ ਬਰਨਾਲਾ ਆ ਚੁੱਕੇ ਪ੍ਰਧਾਨ ਮੰਤਰੀ ਪਰ ਨਹੀਂ ਜਿੱਤੇ ਉਮੀਦਵਾਰ
ਹੈਰਾਨੀ ਦੀ ਗੱਲ ਇਹ ਹੈ ਕਿ ਤਿੰਨੋਂ ਵਾਰ ਪ੍ਰਧਾਨ ਮੰਤਰੀਆਂ ਨੇ ਜਿਸ ਉਮੀਦਵਾਰ ਲਈ ਪ੍ਰਚਾਰ ਕੀਤਾ ਸੀ, ਉਹ ਤਿੰਨੋਂ ਹਾਰ ਗਏ।
Elections Special: ਲੋਕ ਸਭਾ ਹਲਕਾ ਸੰਗਰੂਰ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਬਰਨਾਲਾ ਦੀ ਸਿਆਸਤ ਵਿਚ ਇਕ ਅਜੀਬ ਇਤਫ਼ਾਕ ਦੇਖਣ ਨੂੰ ਮਿਲਿਆ ਹੈ। ਹੁਣ ਤਕ ਦੇਸ਼ ਦੇ ਤਤਕਾਲੀ ਪ੍ਰਧਾਨ ਮੰਤਰੀ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿਚ ਅਪਣੀ ਪਾਰਟੀ ਦੇ ਉਮੀਦਵਾਰ ਲਈ ਵੋਟਾਂ ਮੰਗਣ ਲਈ ਤਿੰਨ ਵਾਰ ਬਰਨਾਲਾ ਆ ਚੁੱਕੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਤਿੰਨੋਂ ਵਾਰ ਪ੍ਰਧਾਨ ਮੰਤਰੀਆਂ ਨੇ ਜਿਸ ਉਮੀਦਵਾਰ ਲਈ ਪ੍ਰਚਾਰ ਕੀਤਾ ਸੀ, ਉਹ ਤਿੰਨੋਂ ਹਾਰ ਗਏ।
1980 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਹਿਲੀ ਵਾਰ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਪਣੇ ਕਾਂਗਰਸੀ ਉਮੀਦਵਾਰ ਨਰਿੰਦਰ ਫੂਲਕਾ ਲਈ ਵੋਟਾਂ ਮੰਗਣ ਬਰਨਾਲਾ ਆਏ ਸਨ। ਇਸ ਤੋਂ ਬਾਅਦ 1997 ਵਿਚ ਤਤਕਾਲੀ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ ਸੀਪੀਆਈ ਉਮੀਦਵਾਰ ਲਈ ਵੋਟਾਂ ਮੰਗਣ ਆਏ ਸਨ। ਬਾਅਦ ਵਿਚ 1999 ਦੀਆਂ ਲੋਕ ਸਭਾ ਚੋਣਾਂ ਵਿਚ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਲਈ ਵੋਟਾਂ ਮੰਗਣ ਆਏ ਸਨ। ਤਿੰਨੋਂ ਵਾਰ ਤਤਕਾਲੀ ਪ੍ਰਧਾਨ ਮੰਤਰੀਆਂ ਦੀਆਂ ਅਪੀਲਾਂ ਬਰਨਾਲਾ ਦੇ ਲੋਕਾਂ ਨੇ ਠੁਕਰਾ ਦਿਤੀਆਂ ਅਤੇ ਉਮੀਦਵਾਰ ਚੋਣ ਹਾਰ ਗਏ।
1999: ਵਾਜਪਾਈ ਦਾ ਭਾਸ਼ਣ ਸੁਣਨ ਲਈ ਮੀਂਹ ਵਿਚ ਖੜ੍ਹੇ ਰਹੇ ਲੋਕ
1999 ਦੀਆਂ ਲੋਕ ਸਭਾ ਚੋਣਾਂ ਵਿਚ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਕਾਲੀ ਦਲ ਦੇ ਉਮੀਦਵਾਰ ਤੇ ਕੇਂਦਰੀ ਮੰਤਰੀ ਸੁਰਜੀਤ ਸਿੰਘ ਬਰਨਾਲਾ ਲਈ ਵੋਟਾਂ ਮੰਗਣ ਆਏ ਸਨ। ਉਦੋਂ ਬਰਸਾਤ ਦਾ ਮੌਸਮ ਸੀ। ਵਾਜਪਾਈ ਨੂੰ ਸੁਣਨ ਲਈ ਬਰਸਾਤ ਦੇ ਮੌਸਮ ਵਿਚ ਵੀ ਵੱਡੀ ਗਿਣਤੀ ਵਿਚ ਲੋਕ ਆਏ ਪਰ ਜਿਨ੍ਹਾਂ ਲਈ ਅਟਲ ਵੋਟਾਂ ਮੰਗਣ ਆਏ ਸਨ, ਲੋਕਾਂ ਨੇ ਉਸ ਨੂੰ ਹਰਾ ਦਿਤਾ।
1980: ਇੰਦਰਾ ਗਾਂਧੀ ਨੇ ਵਿਧਾਨ ਸਭਾ ਚੋਣਾਂ ਵਿਚ ਫੂਲਕਾ ਲਈ ਮੰਗੀਆਂ ਸਨ ਵੋਟਾਂ
1980 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਉਸ ਵੇਲੇ ਦੀ ਕਾਂਗਰਸ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਬਰਨਾਲਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਨਰਿੰਦਰ ਸਿੰਘ ਫੂਲਕਾ ਲਈ ਵੋਟਾਂ ਮੰਗੀਆਂ ਸਨ ਪਰ ਉਹ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਬਰਨਾਲਾ ਤੋਂ ਹਾਰ ਗਏ ਸਨ।
1997 ਵਿਚ ਹੈਲੀਕਾਪਟਰ ਦੇਖਣ ਆਏ ਲੋਕ ਪਰ ਵੋਟਾਂ ਨਹੀਂ ਪਾਈਆਂ
1997 ਦੀਆਂ ਵਿਧਾਨ ਸਭਾ ਚੋਣਾਂ ਵਿਚ ਤਤਕਾਲੀ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ ਸੀਪੀਆਈ ਉਮੀਦਵਾਰ ਚੰਦ ਸਿੰਘ ਚੋਪੜਾ ਲਈ ਵੋਟਾਂ ਮੰਗਣ ਆਏ ਸਨ। ਉਨ੍ਹਾਂ ਦੇ ਆਉਣ ਨਾਲ ਚੋਣਾਂ ਵਿਚ ਨਵਾਂ ਜੋਸ਼ ਆਇਆ ਪਰ ਉਸ ਸਮੇਂ ਚੰਦ ਸਿੰਘ ਤੀਜੇ ਨੰਬਰ ’ਤੇ ਰਹੇ। ਉਸ ਸਮੇਂ ਆਜ਼ਾਦ ਉਮੀਦਵਾਰ ਮਲਕੀਤ ਸਿੰਘ ਕੀਤੂ ਨੇ ਚੋਣ ਵਿਚ ਜਿੱਤ ਹਾਸਲ ਕੀਤੀ ਸੀ। ਸੁਰੱਖਿਆ ਕਾਰਨਾਂ ਕਰਕੇ ਪ੍ਰਧਾਨ ਮੰਤਰੀ ਦੇ ਨਾਲ ਤਿੰਨ ਹੈਲੀਕਾਪਟਰ ਵੀ ਆਏ ਸਨ। ਹੈਲੀਕਾਪਟਰ ਦੇਖਣ ਲਈ ਭਾਰੀ ਗਿਣਤੀ ਵਿਚ ਲੋਕ ਅਨਾਜ ਮੰਡੀ ਬਰਨਾਲਾ ਗਏ ਪਰ ਕਿਸੇ ਨੇ ਉਨ੍ਹਾਂ ਦੇ ਉਮੀਦਵਾਰ ਨੂੰ ਵੋਟ ਨਹੀਂ ਪਾਈ।
(For more Punjabi news apart from Prime Minister came Barnala 3 times to seek votes, but candidates losses, stay tuned to Rozana Spokesman)