ਜਦੋਂ ਬਾਦਲਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਨੂੰ ਕਾਂਗਰਸ ਦਾ ਏਜੰਟ ਦਸਿਆ ਤਾਂ ਅਸੀਂ ਉਸ ਤੋਂ ਦੂਰ ਚਲੇ ਗਏ : ਪ੍ਰੋ. ਮਹਿੰਦਰ ਪਾਲ ਸਿੰਘ
ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਪ੍ਰੋ. ਮਹਿੰਦਰ ਪਾਲ ਸਿੰਘ ਦਾ ਬੇਬਾਕ ਇੰਟਰਵਿਊ
Punjab News: ਚੰਡੀਗੜ੍ਹ (ਨਵਜੋਤ ਸਿੰਘ ਧਾਲੀਵਾਲ, ਵੀਰਪਾਲ ਕੌਰ): ਦੇਸ਼ ਦੇ ਨਾਲ-ਨਾਲ ਪੰਜਾਬ ਵਿਚ ਵੀ ਚੋਣਾਂ ਦਾ ਬਿਗਲ ਵੱਜ ਚੁਕਾ ਹੈ। ਇਸ ਵਾਰ ਪੰਜਾਬੀ ਦੀਆਂ ਵੱਡੀਆਂ ਪਾਰਟੀਆਂ ਆਮ ਆਦਮੀ ਪਾਰਟੀ (ਆਪ), ਕਾਂਗਰਸ, ਭਾਰਤੀ ਜਨਤਾ ਪਾਰਟੀ (ਭਾਜਪਾ), ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋਂ ਇਲਾਵਾ ਕੁੱਝ ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਵਿਚ ਉਤਰੇ ਹਨ।
ਇਸ ਵਾਰ ਸੱਭ ਤੋਂ ਵੱਧ ਚਰਚਿਤ ਸੀਟ ਖਡੂਰ ਸਾਹਿਬ ਦੀ ਹੈ ਕਿਉਂਕਿ ਇਸ ਸੀਟ ਤੋਂ ਬਾਕੀ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਲ ‘ਵਾਰਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੀ ਚੋਣ ਮੈਦਾਨ ’ਚ ਹਨ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਇਸ ਸੀਟ ਤੋਂ ਅੰਮ੍ਰਿਤਪਾਲ ਸਿੰਘ ਵਿਰੁਧ ਅਪਣਾ ਉਮੀਦਵਾਰ ਵਾਪਸ ਲੈ ਲਿਆ ਗਿਆ ਹੈ ਤੇ ਵੇਖਣਾ ਇਹ ਹੋਵੇਗਾ ਕਿ ਕੀ ਇਸ ਵਾਰ ਵੀ ਪੰਜਾਬ ਦੇ ਉਹ ਸਮੀਕਰਣ ਬਣਨਗੇ ਜੋ 1989 ਵਿਚ ਬਣੇ ਸਨ ਜਦੋਂ ਸਿਮਰਨਜੀਤ ਸਿੰਘ ਮਾਨ ਨੇ ਜੇਲ ਵਿਚ ਬੈਠ ਕੇ ਚੋਣ ਲੜੀ ਸੀ ਤੇ ਜਿੱਤੀ ਵੀ ਸੀ। ਇਸ ਸਾਰੇ ਸਮੀਕਰਣਾਂ ਬਾਰੇ ‘ਰੋਜ਼ਾਨਾ ਸਪੋਕਸਮੈਨ’ ਨੇ ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਪ੍ਰੋ. ਮਹਿੰਦਰ ਪਾਲ ਸਿੰਘ ਨਾਲ ਖ਼ਾਸ ਗੱਲਬਾਤ ਕੀਤੀ।
ਸਵਾਲ : ਇਹ ਚੋਣਾਂ ਆਮ ਨੇ ਜਾਂ ਬਾਕੀ ਚੋਣਾਂ ਨਾਲੋਂ ਵੱਖ ਨੇ?
ਜਵਾਬ : ਸਾਡੇ ਲਈ 1975 ਤੋਂ ਬਾਅਦ ਵਾਲੀਆਂ ਸਾਰੀਆਂ ਹੀ ਚੋਣਾਂ ਖ਼ਾਸ ਰਹੀਆਂ ਨੇ, 1978 ਤੋਂ ਬਾਅਦ ਜਿਵੇਂ ਸਮਾਂ ਵਧਿਆ ਹੈ ਉਵੇਂ ਚੁਨੌਤੀ ਵੀ ਵਧੀ ਹੈ ਤੇ ਜੇ ਗੱਲ 1984 ਦੀ ਕੀਤੀ ਜਾਵੇ ਤਾਂ ਸਾਡੀ ਪਾਰਟੀ ਉਸ ਤੋਂ ਬਾਅਦ ਹੀ ਸ਼ੁਰੂ ਹੋਈ ਹੈ ਤੇ ਇਸ ਵਾਰ ਦੀਆਂ ਜ਼ਿਆਦਾ ਚੁਨੌਤੀ ਵਾਲੀਆਂ ਚੋਣਾਂ ਨੇ ਤੇ ਅਸੀਂ ਉਸੇ ਤਨਦੇਹੀ ਨਾਲ ਲੜ ਰਹੇ ਹਾਂ ਜਿਸ ਤਰ੍ਹਾਂ ਪਹਿਲਾਂ ਲੜਦੇ ਸੀ।
ਸਵਾਲ : ਤੁਹਾਨੂੰ ਕੀ ਲਗਦਾ ਹੈ ਕਿ ਲੋਕ ਤੁਹਾਨੂੰ ਵੋਟ ਕਿਉਂ ਪਾਉਣਗੇ?
ਜਵਾਬ : ਲੋਕ ਸਾਨੂੰ ਵੋਟ ਇਸ ਕਰ ਕੇ ਪਾਉਣਗੇ ਕਿਉਂਕਿ ਪੰਜਾਬ ਵਿਚ ਇਕ ਪਾਰਟੀ ਤਾਂ ਹੈ ਜੋ ਅਪਣੇ ਸਟੈਂਡ ’ਤੇ ਹੈ ਤੇ ਇਹ ਉਹੀ ਪਾਰਟੀ ਹੈ ਜਿਸ ਨੂੰ ਗਰਮ ਤੇ ਸਰਦ ਹਵਾਵਾਂ ਵੀ ਡੁਲਾ ਨਾ ਸਕੀਆਂ।
ਸਵਾਲ : ਤੁਹਾਡੀ ਪਾਰਟੀ ਦੀ ਸਥਿਤੀ ’ਚ ਨਿਘਾਰ ਕਿਉਂ ਆਇਆ?
ਜਵਾਬ : ਜਦੋਂ ਸਰਕਾਰ ਵਿਚ ਲੋਕ ਅਪਣੇ ਅਸਲ ਏਜੰਡੇ ਤੋਂ ਹਟ ਕੇ ਖ਼ਾਮੀਆਂ ਕਰਦੇ ਹਨ, ਉਨ੍ਹਾਂ ਨੂੰ ਸਹਾਰਾ ਲੈਣਾ ਪੈਂਦਾ ਹੈ ਜਾਂ ਲੈ ਲੈਂਦੇ ਹਨ ਪਾਵਰ ਤੇ ਪੈਸੇ ਦਾ। ਇਨ੍ਹਾਂ ਚੀਜ਼ਾਂ ਦਾ ਸਹਾਰਾ ਲੈ ਕੇ ਜਦੋਂ ਚੋਣਾਂ ਨੂੰ ਮੁੱਖ ਏਜੰਡਾ ਬਣਾਇਆ ਜਾਂਦਾ ਹੈ। ਪਹਿਲਾਂ ਤੁਸੀਂ ਲੋਕਾਂ ਨੂੰ ਆਟਾ-ਦਾਲ ਤਕ ਲੈ ਕੇ ਦਿਉਗੇ ਤੇ ਉਨ੍ਹਾਂ ਨੂੰ ਮੰਗਤੇ ਬਣਾਉਗੇ ਫਿਰ ਤੁਸੀਂ ਉਨ੍ਹਾਂ ਤੋਂ ਅਪਣੀ ਗੱਲ ਮਨਵਾਉਗੇ ਉਹ ਲੋਕ ਜ਼ਿਆਦਾ ਜ਼ਿੰਮੇਵਾਰ ਹੁੰਦੇ ਨੇ ਹਾਰ ਤੇ ਜਿੱਤੇ ਲਈ। ਇਸ ਦੇ ਬਾਵਜੂਦ ਸਾਡੀ ਪਾਰਟੀ ਦਾ ਖੜੇ ਰਹਿਣਾ ਇਸ ਗੱਲ ਦਾ ਸਬੂਤ ਹੈ ਕਿ ਪਾਰਟੀ ਜ਼ਿਆਦਾ ਤਨ-ਮਨ ਨਾਲ ਜੁੜੀ ਹੋਈ ਹੈ।
ਪੰਜਾਬ ਨੂੰ ਦੀਵਾਲੀਆ ਬਣਾਉਣ ਲਈ ਜੋ ਹਾਲਾਤ ਪੰਜਾਬ ਤੇ ਕੇਂਦਰ ਨੇ ਇਕੱਠੇ ਹੋ ਕੇ ਲਏ ਸੀ, ਉਹ ਵੀ ਫੈਕਟਰ ਜ਼ਿੰਮੇਵਾਰ ਹਨ ਕਿ ਅਸੀਂ ਬੇਰੁਜ਼ਗਾਰੀ ਕਿਵੇਂ ਵਧਾਉਣੀ ਹੈ ਤੇ ਲੋਕਾਂ ਨੂੰ ਬੇਰੁਜ਼ਗਾਰੀ ਵਿਚੋਂ ਮਜਬੂਰ ਕਰਨਾ ਹੈ ਕਿ ਉਹ ਕਿਵੇਂ ਦੇਸ਼ ਛੱਡ ਕੇ ਵਿਦੇਸ਼ ਜਾਣ, ਇਸ ਸੱਭ ਬਹੁਤ ਵੱਡੇ ਕਾਰਨ ਹਨ। ਅਸੀਂ ਵੀ ਚਾਹੁੰਦੇ ਹਨ ਕਿ ਨੌਜੁਆਨ ਬਾਹਰਲੇ ਦੇਸ਼ਾਂ ’ਚ ਜਾਣ ਪਰ ਖ਼ੁਸ਼ੀ ਨਾਲ ਜਾਣ ਨਾ ਕਿ ਮਜਬੂਰ ਹੋ ਕੇ ਨਾ ਜਾਣ ਜਿਵੇਂ ਅੱਜ ਜਾ ਰਹੇ ਹਨ।
ਸਵਾਲ : ਲੋਕ ਤਾਂ ਕਹਿੰਦੇ ਨੇ ਕਿ ਤੁਹਾਡੀ ਪਾਰਟੀ ਕੋਲ ਗਰਮ ਤੇ ਤਿੱਖੀਆਂ ਗੱਲਾਂ ਤੋਂ ਬਗ਼ੈਰ ਕੁੱਝ ਨਹੀਂ ਪਰ ਕੀ ਤੁਹਾਡੇ ਕੋਲ ਕੋਈ ਏਜੰਡਾ ਹੈ ਜਿਸ ਨਾਲ ਤੁਸੀਂ ਪੰਜਾਬ ਲਈ ਕੁੱਝ ਕਰ ਸਕੋ?
ਜਵਾਬ : ਸਾਡਾ ਸੱਭ ਤੋਂ ਵੱਡਾ ਏਜੰਡਾ ਤਾਂ ਇਹੀ ਹੈ ਕਿ ਜਿਥੇ ਵੀ ਸੂਬੇ ਦੀ ਮੰਗ ਤੇ ਉਨ੍ਹਾਂ ਦਾ ਏਜੰਡਾ ਤਾਂ ਹੀ ਪੂਰਾ ਕੀਤਾ ਜਾ ਸਕਦਾ ਹੈ ਜੇ ਉਨ੍ਹਾਂ ਦੀ ਪਾਰਟੀ ਦਾ ਲੀਡਰ ਇਮਾਨਦਾਰ ਹੋਵੇ ਤੇ ਉਹ ਅਪਣੀ ਕਹੀ ਹੋਈ ਗੱਲ ’ਤੇ ਟਿਕੇ ਰਹਿਣ ਤੇ ਲੋਕਾਂ ਨੂੰ ਵੀ ਇਸ ਗੱਲ ਦਾ ਯਕੀਨ ਹੋਵੇ ਕਿ ਹਾਂ ਇਹ ਟਿਕੇ ਰਹਿਣਗੇ। ਭਾਵੇਂ ਸਾਡੀ ਪਾਰਟੀ ਦੇ ਕਈ ਲੀਡਰ ਟੁੱਟ ਗਏ ਪਰ ਸਾਡੀ ਪਾਰਟੀ ਦੀ ਵਿਚਾਰਧਾਰਾ ਨਹੀਂ ਟੁਟੀ, ਲੀਡਰ ਚਾਹੇ ਟੁੱਟ ਗਏ ਹਨ ਤੇ ਹੁਣ ‘ਆਪ’ ਤੇ ਕਾਂਗਰਸ ਨੂੰ ਹੀ ਵੇਖ ਲਵੋ ਦਿੱਲੀ ਵਿਚ ਇਕੱਠੇ ਹੋਏ ਫਿਰਦੇ ਨੇ ਤੇ ਪੰਜਾਬ ਵਿਚ ਲੜ ਰਹੇ ਹਨ ਤੇ ਇਹ ਸੱਭ ਡਰਾਮਾ ਹੀ ਲੱਗ ਰਿਹਾ ਹੈ
ਜਦੋਂ ਦਿੱਲੀ ਵਿਚ ਤੁਸੀਂ ਇਕ ਥਾਂ ਬੈਠ ਕੇ ਗੱਲ ਕਰ ਰਹੇ ਹੋ ਤਾਂ ਪੰਜਾਬ ਵਿਚ ਲੋਕਾਂ ਨੂੰ ਪਾਗਲ ਕਿਉਂ ਬਣਾ ਰਹੇ ਹੋ। ਇਸੇ ਕਰ ਕੇ ਹੀ ਸਾਡੀ ਪਾਰਟੀ ਕਦੇ ਵੀ ਡੋਲੀ ਨਹੀਂ ਤੇ ਅਪਣੀ ਗੱਲ ’ਤੇ ਪੱਕੀ ਰਹਿੰਦੀ ਹੈ। ਪੰਜਾਬ ਦੀ ਸਿਆਸਤ ਇਨ੍ਹਾਂ ਸਾਰੇ ਲੀਡਰਾਂ ਵਿਚੋਂ ਕਿਧਰੇ ਵੀ ਦਿਖੀ ਨਹੀਂ। ਸੱਭ ਵਿਚੋਂ ਨਿਜੀ ਸਿਆਸਤ ਹੀ ਦਿਖੀ ਹੈ ਤੇ ਸਾਡੀ ਪਾਰਟੀ ਵਿਚੋਂ ਜੋ ਵੀ ਦਿਖਿਆ ਹੈ ਉਹ ਕੌਮ ਤੇ ਪੰਜਾਬ ਲਈ ਦਿਖਿਆ ਹੈ ਜੋ ਸਕਦਾ ਹੈ ਦੂਜੇ ਇਸ ਨਾਲ ਸਹਿਮਤ ਨਾ ਹੋਣ।
ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਪੰਜਾਬ ਦੀ ਅਪਣੀ ਸਿਆਸਤ ਲੈ ਕੇ ਜਾਵੇਗੀ। ਸ਼੍ਰੋਮਣੀ ਅਕਾਲੀ ਦਲ ਜੋ 1920 ਤੋਂ 70-75 ਤਕ ਸੀ ਉਹ ਅਕਾਲੀ ਦਲ ਸਟੈਂਡ ’ਤੇ ਰਿਹਾ ਤਾਂ ਹੀ ਸਾਡੇ ਵੱਡੇ-ਵਡੇਰੇ ਵੀ ਉਸੇ ਅਕਾਲੀ ਦਲ ਦਾ ਹਿੱਸਾ ਸਨ। 1981 ਤੋਂ ਬਾਅਦ ਜਦੋਂ ਅਕਾਲੀ ਦਲ ਨੇ ਹਕੂਮਤ ਦੇ ਕਹਿਣ ’ਤੇ ਸਿੱਖਾਂ ਦੇ ਵਿਰੁਧ ਬੋਲਣਾ ਸ਼ੁਰੂ ਕਰ ਦਿਤਾ ਅਤੇ ਸ. ਬਾਦਲ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਕਾਂਗਰਸ ਦਾ ਏਜੰਟ ਹੈ ਤਾਂ ਉਸ ਤੋਂ ਬਾਅਦ ਹੀ ਅਸੀਂ ਇਨ੍ਹਾਂ ਤੋਂ ਦੂਰ ਹੋਏ ਹਾਂ।
ਜੇ ਅਸੀਂ ਵੀ ਉਨ੍ਹਾਂ ਦੀ ਤਰ੍ਹਾਂ ਹੋ ਗਏ ਤਾਂ ਸਾਡੀ ਥਾਂ ਵੀ ਕੋਈ ਹੋਰ ਲੈ ਲਵੇਗਾ ਤੇ ਕੌਮ ਵਿਚ ਲੀਡਰਾਂ ਦੀ ਘਾਟ ਨਹੀਂ ਹੁੰਦੀ। ਜੇ ਅਸੀਂ ਅਪਣੇ ਏਜੰਡੇ ਤੋਂ ਪਿੱਛੇ ਹਟਾਂਗੇ ਤਾਂ ਪੰਜਾਬ ਵਿਚ ਸਿੱਖਾਂ ਦੀਆਂ ਹੋਰ ਵੀ ਬਹੁਤ ਧਿਰਾਂ ਨੇ ਉਨ੍ਹਾਂ ਨੇ ਆਪ ਹੀ ਸਾਡਾ ਸਥਾਨ ਲੈ ਲੈਣਾ ਹੈ। ਅਸੀਂ ਵੀ ਫਿਰ ਬਾਦਲਾਂ ਵਾਂਗ ਨਿਮਾਣੇ ਜਿਹੇ ਹੋ ਕੇ ਕਿਤੇ ਇਧਰ ਟੱਕਰ ਮਾਰਾਂਗੇ ਤੇ ਕਿਤੇ ਉਧਰ। ਸਾਡੇ ਇਸ ਏਜੰਡੇ ਨਾਲ ਹੋਰ ਲੋਕਾਂ ਤੇ ਨੌਜੁਆਨਾਂ ਨੂੰ ਸੇਧ ਮਿਲੇਗੀ ਕਿ ਨੌਜੁਆਨ ਅਕਾਲੀ ਦਲ ਦੇ ਏਜੰਡੇ ’ਤੇ ਨਾ ਤੁਰ ਕੇ ਅਪਣੇ ਹੀ ਏਜੰਡੇ ਨੂੰ ਲੈ ਕੇ ਅੱਗੇ ਜਾਣ ਤਾਂ ਜੋ ਉਹ ਅਪਣੇ ਨਾਲ-ਨਾਲ ਹੋਰਾਂ ਦਾ ਵੀ ਭਲਾ ਕਰ ਸਕਣ।
ਸਵਾਲ : ਜੇ ਤੁਸੀਂ ਕਿਹਾ ਕਿ ਬਾਦਲਾਂ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਕਾਂਗਰਸ ਦਾ ਏਜੰਟ ਹੈ ਇਹ ਰੀਕਾਰਡ ਹੈ ਬਿਆਨ?
ਜਵਾਬ : ਇਹ ਗੱਲ ਉਸ ਸਮੇਂ ਦੀਆਂ ਅਖ਼ਬਾਰਾਂ ਵਿਚ ਹੈ ਤੇ ਉਨ੍ਹਾਂ ਦੀ ਇਹ ਸੋਚ ਸੀ ਜਿਸ ਦੀ ਸੱਭ ਤੋਂ ਵੱਡੀ ਉਦਾਹਰਣ ਇਹ ਹੈ ਕਿ ਅੱਜ ਅਕਾਲ ਤਖ਼ਤ ਸਾਹਿਬ ਤੇ ਸੰਤ ਜਰਨੈਲ ਸਿੰਘ ਜੀ ਦਾ ਸ਼ਹੀਦੀ ਦਿਨ ਮਨਾਇਆ ਜਾਂਦਾ ਹੈ ਤੇ ਪਰ ਪ੍ਰਕਾਸ਼ ਸਿੰਘ ਬਾਦਲ ਚਾਹੇ ਧਾਰਮਕ ਸਮਾਗਮ ਕਰੇ ਸ਼੍ਰੋਮਣੀ ਕਮੇਟੀ ਰਾਹੀਂ ਜਾਂ ਫਿਰ ਬਾਦਲਾਂ ਰਾਹੀਂ ਉਹ ਕਦੇ ਵੀ ਸੰਤ ਜਰਨੈਲ ਸਿੰਘ ਜੀ ਦੀ ਤਸਵੀਰ ਅਪਣੀ ਸਟੇਜ ’ਤੇ ਨਹੀਂ ਲਗਾਉਂਦੇ। ਕੌਮ ਸੰਤ ਜਰਨੈਲ ਸਿੰਘ ਨੂੰ ਅਪਣਾ ਧਾਰਮਕ ਲੀਡਰ ਮੰਨਦੀ ਹੈ। ਬਾਦਲ ਦਲ ਅਪਣੇ ਆਪ ਨੂੰ ਕੌਮੀ ਤੇ ਪੰਥਕ ਕਹਾਉਂਦਾ ਹੈ ਪਰ ਬਾਦਲ ਦਲ ਸੰਤ ਜੀ ਦਾ ਦਿਨ ਕਿਉਂ ਨਹੀਂ ਮਨਾਉਂਦਾ। ਕਿਤੇ ਉਹ ਕਹਿ ਦਿੰਦੇ ਨੇ ਕਿ ਅਸੀਂ ਪੰਜਾਬੀ ਪਾਰਟੀ ਹਾਂ ਤੇ ਫਿਰ ਕਹਿੰਦੇ ਨੇ ਅਸੀਂ ਕੌਮ ਦੀ ਪਾਰਟੀ ਹਾਂ ਤੇ ਕਿਤੇ ਕਹਿੰਦੇ ਨੇ ਨਹੀਂ ਹਾਂ।
ਸਵਾਲ : ਸਿਮਰਨਜੀਤ ਸਿੰਘ ਮਾਨ ਕਹਿੰਦੇ ਨੇ ਕਿ ਮੈਨੂੰ ਇਸ ਸੰਵਿਧਾਨ ਵਿਚ ਭਰੋਸਾ ਨਹੀਂ ਤੇ ਇਸ ਨੂੰ ਮੰਨਦਾ ਨਹੀਂ ਹਾਂ ਤੇ ਫਿਰ ਉਸੇ ਵਿਚ ਹੀ ਚੋਣ ਲੜ ਰਹੇ ਹੋ?
ਜਵਾਬ : ਪਹਿਲੀ ਗੱਲ ਤਾਂ ਇਹ ਹੈ ਕਿ ਸਿਮਰਨਜੀਤ ਮਾਨ ਨੇ ਕਦੇ ਨਹੀਂ ਕਿਹਾ ਕਿ ਮੈਂ ਸੰਵਿਧਾਨ ਨੂੰ ਨਹੀਂ ਮੰਨਦਾ। ਅਸੀਂ ਇਹ ਮੰਨਦੇ ਹਾਂ ਕਿ ਇਸ ਸੰਵਿਧਾਨ ਵਿਚ ਜਿਸ ਥਾਂ ’ਤੇ ਸਿੱਖਾਂ ਬਾਰੇ ਜੋ ਲਿਖਿਆ ਹੋਇਆ ਹੈ ਅਸੀਂ ਉਸ ਨਾਲ ਸਹਿਮਤ ਨਹੀਂ ਹਾਂ। ਧਾਰਾ 25 ਜਦੋਂ ਤਕ ਸੋਧੀ ਨਹੀਂ ਜਾਵੇਗੀ ਤੇ ਸਿੱਖਾਂ ਨੂੰ ਵਖਰੀ ਕੌਮ ਨਹੀਂ ਮੰਨਿਆ ਜਾਵੇਗਾ, ਉਨਾ ਸਮਾਂ ਅਸੀਂ ਇਸ ਦਾ ਵਿਰੋਧ ਕਰਾਂਗੇ
ਕਿਉਂਕਿ ਸੰਵਿਧਾਨ ਬਣਾਉਣ ਵਾਲੀ ਕਮੇਟੀ ਵਿਚ ਜਿਹੜੇ ਸਾਡੇ ਨੁਮਾਇੰਦੇ ਸੀ ਸਰਦਾਰ ਹੁਕਮ ਸਿੰਘ ਤੇ ਸਰਦਾਰ ਭੁਪਿੰਦਰ ਸਿੰਘ ਮਾਨ (ਸਿਮਰਨਜੀਤ ਸਿੰਘ ਮਾਨ ਦੇ ਚਾਚਾ ਜੀ) ਇਨ੍ਹਾਂ ਦੋਹਾਂ ਦੇ ਦਸਤਖ਼ਤ ਅੱਜ ਵੀ ਨਹੀਂ ਹਨ। ਇਸ ਕਰ ਕੇ ਅਸੀਂ ਇਹ ਕਹਿੰਦੇ ਹਾਂ ਇਸ ਸੰਵਿਧਾਨ ਵਿਚ ਸਿੱਖਾਂ ਬਾਰੇ ਸਹੀ ਨਹੀਂ ਲਿਖਿਆ ਹੈ, ਸਹੀ ਹੋਣ ਤਕ ਇਸ ਨੂੰ ਸਹੀ ਨਹੀਂ ਮੰਨਦੇ। ਸਾਡੇ ਪ੍ਰਧਾਨ ਵਿਰੁਧ ਕੇਸ ਵੀ ਇਸ ਸੰਵਿਧਾਨ ਦੇ ਹੇਠ ਹੀ ਚਲੇ ਹਨ ਤੇ ਰਿਹਾਈ ਵੀ ਉਸੇ ਹਿਸਾਬ ਨਾਲ ਹੋਈ ਹੈ। ਸਾਡੀ ਦੀ ਪਾਰਟੀ ਇਸ ਸੰਵਿਧਾਨ ਨੂੰ ਸਿੱਖਾਂ ਦੀ ਸਥਿਤੀ ਬਾਰੇ ਜੋ ਲਿਖਿਆ ਹੈ ਉਸ ਕਰ ਕੇ ਸਹੀ ਨਹੀਂ ਮੰਨਦੀ।
ਸਵਾਲ : ਅੰਮ੍ਰਿਤਪਾਲ ਸਿੰਘ ਬਾਰੇ ਕੀ ਸੋਚਦੇ ਹੋ ਕਿ ਉਹ ਚੋਣ ਲੜ ਰਹੇ ਨੇ ਆਜ਼ਾਦ ਸਹੀ ਹੈ?
ਜਵਾਬ : ਬਿਲਕੁਲ ਸਾਡੀ ਪਾਰਟੀ ਨੇ ਪ੍ਰੈਸ ਕਾਨਫ਼ਰੰਸ ਕਰ ਕੇ ਵੀ ਕਹਿ ਦਿਤਾ ਹੈ ਕਿ ਜੇ ਉਹ ਜੇਲ ਤੋਂ ਬਾਹਰ ਹੁੰਦੇ ਤਾਂ ਅਸੀਂ ਉਨ੍ਹਾਂ ਦਾ ਸਾਥ ਦਿੰਦੇ ਪਰ ਜਦਕਿ ਹੁਣ ਉਹ ਜੇਲ ਵਿਚ ਹਨ ਕਿਉਂਕਿ ਇਸੇ ਖਡੂਰ ਸਾਹਿਬ ਸੀਟ ਤੋਂ ਸਿਮਰਨਜੀਤ ਸਿੰਘ ਮਾਨ ਵੀ ਜਿੱਤੇ ਸਨ ਜਦੋਂ ਉਹ ਜੇਲ ਵਿਚ ਸਨ ਤੇ ਜਿੱਤੇ ਸਨ ਉਦੋਂ ਸਾਡੇ ਤੋਂ ਵੀ ਕੋਈ ਸਵਾਲ ਨਹੀਂ ਹੋਇਆ ਸੀ ਤੇ ਸਾਡੇ ਵਲੋਂ ਉਨ੍ਹਾਂ ਦਾ ਸਾਥ ਦਿਤਾ ਜਾਵੇਗਾ ਇਸੇ ਲਈ ਹੀ ਅਸੀਂ ਖਡੂਰ ਸਾਹਿਬ ਤੋਂ ਉਮੀਦਵਾਰ ਵਾਪਸ ਲੈ ਲਿਆ ਹੈ।
ਸਵਾਲ : ਪਟਿਆਲਾ ਦੇ ਲੋਕ ਤੁਹਾਨੂੰ ਕਿਉਂ ਵੋਟ ਕਰਨਗੇ?
ਜਵਾਬ : ਇਕ ਤਾਂ ਹਲਕੇ ਦੇ ਲੋਕ ਉਨ੍ਹਾਂ ਨੂੰ ਨਿਜੀ ਤੌਰ ’ਤੇ ਜਾਣਦੇ ਹਨ ਤੇ ਦੂਜਾ ਮੈਂ ਇਥੇ ਹੀ ਜੰਮਿਆ ਹਾਂ ਪੜਿ੍ਹਆ ਹਾਂ ਤੇ ਪੜ੍ਹਾਇਆ ਹੈ ਤੇ ਦੂਜਾ ਸਾਡੇ ਵਿਚ ਵਿਸ਼ਵਾਸ਼ਘਾਤ ਵਾਲੀ ਕੋਈ ਚੀਜ਼ ਨਹੀਂ। ਇਸੇ ਕਰ ਕੇ ਉਹ ਮੇਰਾ ਸਮਰਥਨ ਕਰਦੇ ਹਨ ਤੇ ਮੈਨੂੰ ਵੋਟ ਦੇਣਗੇ।
ਸਵਾਲ : ਤੁਸੀਂ ਹੋਂਦ ਦੀ ਲੜਾਈ ਲੜ ਰਹੇ ਹੋ ਜਾਂ ਫਿਰ ਜਿੱਤ ਦੀ ਲੜਾਈ ਲੜ ਰਹੇ ਹੋ?
ਜਵਾਬ : ਦੇਖੋ ਹੋਂਦ ਦੀ ਲੜਾਈ ਜਿੱਤਣ ਨਾਲ ਹੀ ਸਾਡੀ ਜਿੱਤ ਹੋਵੇਗੀ। ਬਾਕੀ ਲੀਡਰ ਵੋਟਾਂ ਦੀ ਲੜਾਈ ਲੜ ਰਹੇ ਹਨ ਤੇ ਮੈਂ ਵੋਟ ਦੀ ਲੜਾਈ ਨਹੀਂ ਲੜ ਰਿਹਾ ਬਲਕਿ ਹੋਂਦ ਦੀ ਲੜ ਰਿਹਾ ਹਾਂ ਤੇ ਮੈਂ ਹੋਂਦ ਕਰ ਕੇ ਹੀ ਜਿੱਤਣਾ ਚਾਹੁੰਦਾ ਹਾਂ ਨਹੀਂ ਤਾਂ ਮੇਰੀ ਜਿੱਤ ਦਾ ਕੋਈ ਫ਼ਾਇਦਾ ਨਹੀਂ। ਮੈਂ 6 ਵਾਰ ਚੋਣ ਲੜ ਚੁੱਕਾ ਹਾਂ ਤੇ ਇਨ੍ਹਾਂ ਵਿਚੋਂ ਜਿਸ ਤਰ੍ਹਾਂ ਦਾ ਸਮਰਥਨ ਮੈਨੂੰ ਇਸ ਵਾਰ ਮਿਲ ਰਿਹਾ ਹੈ ਉਹ ਮੈਨੂੰ ਕਦੇ ਨਹੀਂ ਮਿਲਿਆ ਕਿਉਂਕਿ ਜਿਸ ਹਿਸਾਬ ਨਾਲ ਸਾਡੀਆਂ ਲੋਕਾਂ ਨਾਲ ਮੀਟਿੰਗਾਂ ਹੋ ਰਹੀਆਂ ਹਨ ਉਹ ਬਾਕੀ ਪਾਰਟੀਆਂ ਨਹੀਂ ਕਰ ਰਹੀਆਂ।
ਉਨ੍ਹਾਂ ਦੀ ਮੀਟਿੰਗ ਸਿਰਫ਼ ਪੈਲਸਾਂ ਤੇ ਡਰਾਇੰਗ ਰੂਮਾਂ ਵਿਚ ਹੋ ਰਹੀ ਹੈ। ਹੋਰ ਉਮੀਦਵਾਰਾਂ ਕੋਲ ਪੈਸੇ ਬਹੁਤ ਨੇ ਪਰ ਸ਼ਾਇਦ ਇਸ ਘਾਟ ਕਰ ਕੇ ਮੈਂ ਹਾਰ ਵੀ ਜਾਵਾਂ ਪਰ ਮੈਂ ਅਪੀਲ ਕਰਦਾ ਹਾਂ ਕਿ ਜੇ ਆਰਥਕ ਮਦਦ ਹੋ ਸਕਦੀ ਹੈ ਤਾਂ ਕਰੋ ਪਰ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਲੋਕਾਂ ਲਈ ਪਿਆ ਤੇ ਉਨ੍ਹਾਂ ਦੇ ਮੁੱਦੇ ਹੱਲ ਕਰਨੇ ਇਨ੍ਹਾਂ ਕੰਮਾਂ ਵਿਚ ਮੈਂ ਬਾਕੀਆਂ ਨਾਲੋਂ ਅਮੀਰ ਹਾਂ। ਮੇਰਾ ਤੇ ਹੋਰ ਪਾਰਟੀਆਂ ਦਾ ਜੋ ਕਿਰਦਾਰ ਲੋਕਾਂ ਸਾਹਮਣੇ ਆਇਆ ਹੈ ਉਹ ਸੱਭ ਜੱਗ ਜ਼ਾਹਰ ਹੈ। ਜਿਵੇਂ ਕਿ ਡਾ. ਧਰਮਵੀਰ ਗਾਂਧੀ ਹੀ ਵੇਖ ਲਵੋ ਉਹ ਇਕ ਵਧੀਆ ਇਨਸਾਨ ਸਨ ਪਰ ਹੁਣ ਮੈਂ ਤਾਂ ਨਹੀਂ ਵਧੀਆ ਕਹਾਂਗਾ ਕਿ ਕਲ-ਪਰਸੋਂ ਉਹ ਧਰਮਸੋਤ ਦੀ ਕੋਠੀ ਬੈਠੇ ਸਨ ਤੇ ਧਰਮਸੋਤ ਇਸੇ ਕਾਰਨਾਂ ਕਰ ਕੇ ਹੀ ਅੰਦਰ ਹੋਇਆ ਹੈ। ਉਨ੍ਹਾਂ ਕਿਹਾ ਕਿ ਡਾ. ਗਾਂਧੀ ਵਰਗੇ ਬੰਦੇ ਵੀ ਜੇ ਅਪਣੀ ਵਿਚਾਰਧਾਰਾ ਛੱਡ ਕੇ ਅਜਿਹੇ ਬੰਦਿਆਂ ਦੀ ਹਮਦਰਦੀ ਲੈਣ ਦੀ ਕੋਸ਼ਿਸ਼ ਕਰਨਗੇ ਤਾਂ ਫਿਰ ਇਹੀ ਤਾਂ ਵੇਖਣਾ ਹੁੰਦਾ ਹੈ ਕਿ ਤੁਸੀਂ ਲੋਕਾਂ ਦਾ ਕਿੰਨਾ ਕੁ ਸਾਥ ਦਿੰਦੇ ਹੋ ਤੇ ਕਿੰਨਾ ਨਹੀਂ।