ਜਥੇਦਾਰ ਬ੍ਰਹਮਪੁਰਾ ਵਲੋਂ ਬਾਦਲ ਦਲ 'ਚ ਵਾਪਸ ਜਾਣ ਦੀਆਂ ਅਫ਼ਵਾਹਾਂ ਦਾ ਖੰਡਨ
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਬਾਦਲ ਦਲ ਨਾਲ ਵਾਪਸ ਜਾਣ
ਚੰਡੀਗੜ੍ਹ, 5 ਜੂਨ (ਨੀਲ ਭਲਿੰਦਰ ਸਿੰਘ) : ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਬਾਦਲ ਦਲ ਨਾਲ ਵਾਪਸ ਜਾਣ ਦੀਆਂ ਅਫ਼ਵਾਹਾਂ ਦਾ ਪੁਰਜ਼ੋਰ ਖੰਡਨ ਕਰਦਿਆਂ ਕਿਹਾ ਕਿ ਬਾਦਲ ਦਲ ਨਾਲ ਵਾਪਸ ਜਾਣਾ ਤਾਂ ਬਹੁਤ ਦੂਰ ਦੀ ਗੱਲ ਹੈ ਇਸ ਵਿਸ਼ੇ 'ਤੇ ਵਿਚਾਰ ਵੀ ਨਹੀਂ ਹੋ ਸਕਦਾ। ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਇਹੋ ਜਿਹੀਆਂ ਅਫ਼ਵਾਹਾਂ ਇਕ ਸੋਚੀ-ਸਮਝੀ ਸਾਜ਼ਸ਼ ਦਾ ਹਿੱਸਾ ਹਨ ਤੇ ਇਹ ਸੁਖਬੀਰ ਬਾਦਲ ਦੀ ਗੋਦੀ ਵਿਚ ਬੈਠਣ ਵਾਲੇ ਕੁੱਝ ਪੱਤਰਕਾਰਾਂ ਨੂੰ ਅਕਾਲੀ ਦਲ ਬਾਦਲ ਦੇ ਦਫ਼ਤਰ ਵਲੋਂ ਤਿਆਰ ਕੀਤੀਆਂ ਸਟੋਰੀਆਂ ਅਖਬਾਰਾਂ ਵਿਚ ਲਗਾਉਣ ਲਈ ਪੈਕੇਜ ਦੇ ਰੂਪ ਵਿਚ ਮਿਲਦੀਆਂ ਹਨ।
ਉਨ੍ਹਾਂ ਕਿਹਾ ਕਿ ਇਹ ਮੈਂ ਸੋਚ ਵੀ ਨਹੀਂ ਸਕਦਾ ਕਿ ਦੁਬਾਰਾ ਫਿਰ ਉਸ ਚਿੱਕੜ ਵਿਚ ਵੜਾਂ ਜਿਥੇ ਪਹਿਲਾਂ ਹੀ ਸਾਨੂੰ ਲਿਬੇੜਿਆ ਗਿਆ, ਸਾਨੂੰ ਵਾਰ-ਵਾਰ ਬਾਦਲ ਪਿਉ-ਪੁੱਤ ਦੀਆਂ ਗ਼ਲਤੀਆਂ ਦਾ ਸਪੱਸ਼ਟੀਕਰਨ ਦੇਣਾ ਪੈ ਰਿਹਾ ਹੈ, ਲੋਕ ਪੁਛਦੇ ਨੇ ਤੁਸੀਂ ਪਹਿਲਾਂ ਕਿਉਂ ਨਾ ਬੋਲੇ। ਉਨ੍ਹਾਂ ਕਿਹਾ ਕਿ ਬਾਦਲ ਦਲ ਵਿਚ ਉੱਚ ਅਹੁਦੇ ਸਿਰਫ਼ ਅਸੂਲ ਤੇ ਪੰਥ ਦੀ ਚੜ੍ਹਦੀ ਕਲਾ ਦੇ ਹਿਤ ਵਿਚ ਛੱਡ ਕੇ ਆਇਆ ਹਾਂ ਤੇ ਹੁਣ ਜ਼ਿੰਦਗੀ ਦੇ ਆਖਰੀ ਪੜਾਅ ਵਿਚ ਉਸ ਦਲ ਵਿਚ ਫਿਰ ਜਾਣਾ ਜਿਸ ਦਲ ਦੇ ਨੇਤਾਵਾਂ ਦੇ ਮੂੰਹ 'ਤੇ ਲੋਕ ਥੁੱਕ ਰਹੇ ਹਨ ਕਿਵੇਂ ਸੋਚ ਸਕਦਾ ਹਾਂ।
ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਮੈਂ ਪਹਿਲਾਂ ਵਾਲੇ ਸਟੈਂਡ ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਸ੍ਰੋਮਣੀ ਅਕਾਲੀ ਦਲ ਦਲ ਨੂੰ ਵਾਪਸ ਪੁਰਾਤਨ ਲੀਹਾਂ 'ਤੇ ਲੈ ਕੇ ਆਉਣ ਮੇਰੀ ਜ਼ਿੰਦਗੀ ਦਾ ਮੁੱਖ ਮਕਸਦ ਹੈ। ਪਾਰਟੀ ਦੇ ਕੈਂਪ ਆਫ਼ਿਸ ਸ੍ਰੀ ਹਰਿਰਾਏ ਇਨਕਲੇਵ ਸ੍ਰੀ ਅਮ੍ਰਿੰਤਸਰ ਸਾਹਿਬ ਤੋਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦਾ ਬਿਆਨ ਜਾਰੀ ਕਰਦਿਆਂ ੋਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਬੁਲਾਰੇ ਕਰਨੈਲ ਸਿੰਘ ਪੀਰਮੁਹੰਮਦ ਅਤੇ ਸ਼੍ਰੋਮਣੀ ਯੂਥ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਕਿਹਾ ਕਿ ਬਹੁਤ ਜਲਦੀ ਸ਼੍ਰੋਮਣੀ ਅਕਾਲੀ ਦਲ ਦੀ ਕੌਰ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ ਆਉਂਦੇ ਦਿਨਾਂ ਵਿਚ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਰਵੀਇੰਦਰ ਸਿੰਘ ਤੇ ਜਥੇਦਾਰ ਸੇਵਾ ਸਿੰਘ ਸੇਖਵਾਂ ਵਿਚਾਲੇ ਵੀ ਮੀਟਿੰਗ ਹੋਵੇਗੀ ਜਿਸ ਵਿਚ ਸਪੂੰਰਨ ਅਕਾਲੀ ਏਕਤਾ ਦਾ ਮੁੱਢ ਬੰਨਿਆ ਜਾਵੇਗਾ।