'Mission Fateh' ਗੀਤ 'ਚ ਕਪਿਲ ਦੇਵ ਨੇ ਕੋਰੋਨਾ ਤੋਂ ਬਚਾਅ ਲਈ ਅਨੁਸ਼ਾਸਨ 'ਤੇ ਦਿੱਤਾ ਜ਼ੋਰ
ਕੋਰੋਨਾ ਖ਼ਿਲਾਫ਼ ਜੰਗ ਜਿੱਤਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 'ਮਿਸ਼ਨ ਫ਼ਤਹਿ' ਗੀਤ ਲਾਂਚ ਕੀਤਾ ਗਿਆ ਹੈ
ਚੰਡੀਗੜ੍ਹ - ਕੋਰੋਨਾ ਖ਼ਿਲਾਫ਼ ਜੰਗ ਜਿੱਤਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 'ਮਿਸ਼ਨ ਫ਼ਤਹਿ' ਗੀਤ ਲਾਂਚ ਕੀਤਾ ਗਿਆ ਹੈ। ਇਸ ਗੀਤ 'ਚ ਅਦਾਕਾਰ ਕਪਿਲ ਦੇਵ ਸਮੇਤ ਅਮਿਤਾਭ ਬੱਚਨ, ਮਿਲਖਾ ਸਿੰਘ, ਕਰੀਨਾ ਕਪੂਰ, ਗੁਰਦਾਸ ਮਾਨ, ਹਰਭਜਨ ਸਿੰਘ ਆਦਿ ਨੇ ਇਕ ਸੰਦੇਸ਼ ਦਿੱਤਾ ਹੈ। ਸਿਨੇਮਾ ਤੇ ਖੇਡ ਜਗਤ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਕੋਰੋਨਾ ਵਾਇਰਸ ਨੂੰ ਹਰਾਉਣ ਤੇ ਪੰਜਾਬ ਨੂੰ ਬਚਾਉਣ ਲਈ ਸੰਕਲਪ ਤੇ ਅਨੁਸ਼ਾਸਨ 'ਤੇ ਪੂਰਾ ਜ਼ੋਰ ਲਗਾਇਆ ਹੈ।
ਗੀਤ 'ਚ ਸੋਨੂੰ ਸੂਦ ਦੇ ਨਾਲ-ਨਾਲ ਪੰਜਾਬ ਪੁਲਿਸ ਦੇ ਏਐੱਸਆਈ ਹਰਜੀਤ ਸਿੰਘ ਤੇ ਟਿਕਟਾਕ ਸਟਾਰ ਨੂਰ ਵੀ ਸ਼ਾਮਲ ਹਨ। ਪੰਜਾਬ ਮਿਊਜ਼ਿਕ ਡਾਇਰੈਕਟਰ ਤੇ ਗਾਇਕ ਬੀ. ਪਰਾਕ ਨੇ ਗੀਤ ਗਾਇਆ ਹੈ। ਗੀਤ 'ਚ ਸੋਹਾ ਅਲੀ ਖ਼ਾਨ, ਰਣਦੀਪ ਹੁੱਡਾ, ਗਿੱਪੀ ਗਰੇਵਾਲ, ਐਮੀ ਵਿਰਕ, ਜੈਜ਼ੀ ਬੀ ਆਦਿ ਨੇ ਵੀ ਸੰਦੇਸ਼ ਦਿੱਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਫੇਸਬੁੱਕ ਪੇਜ 'ਤੇ ਸ਼ੇਅਰ ਕੀਤਾ ਗਿਆ ਇਹ ਗੀਤ ਸਰੀਰਕ ਦੂਰੀ ਬਣਾਈ ਰੱਖਣ, ਬਾਹਰ ਜਾਂਦੇ ਸਮੇਂ ਮਾਸਕ ਪਾਉਣ ਤੇ ਨਿਯਮਤ ਤੌਰ 'ਤੇ ਹੱਥ ਧੋਣ ਦਾ ਸੰਦੇਸ਼ ਦੇਣ ਲਈ ਇਕ ਵਧੀਆ ਪਹਿਲ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਖ਼ਿਲਾਫ਼ ਜੰਗ ਹੁਣ ਤਕ ਖ਼ਤਮ ਨਹੀਂ ਹੋਈ ਹੈ। ਉਨ੍ਹਾਂ ਲੋਕਾਂ ਨੂੰ ਜਾਗਰੂਕ ਰਹਿਣ ਤੇ ਸਰੀਰਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਆਉਣ ਵਾਲੇ ਦਿਨਾਂ 'ਚ ਪੰਜਾਬ ਸਰਕਾਰ ਦੇ ਅਲੱਗ-ਅਲੱਗ ਵਿਭਾਗ ਮਿਸ਼ਨ ਫ਼ਤਹਿ ਤਹਿਤ ਲੋਕਾਂ 'ਚ ਜਾਗਰੂਕਤਾ ਫੈਲਾਉਣ ਲਈ ਕੰਮ ਕਰਨਗੇ। ਅਤੇ ਹਰ ਇਕ ਨੂੰ ਦੱਸਣਗੇ ਕਿ ਉਹ ਆਪਣੀ ਤੇ ਆਪਣੇ ਪਰਿਵਾਰ ਦੀ ਕੋਰੋਨਾ ਤੋਂ ਰੱਖਿਆ ਲਈ ਆਪਣੀ ਜੀਵਨਸ਼ੈਲੀ 'ਚ ਛੋਟੇ-ਛੋਟੇ ਜ਼ਰੂਰੀ ਬਦਲਾਅ ਕਰਨ।