ਮਾਰਕੀਟ ਕਮੇਟੀ ਦੇ ਚੇਅਰਮੈਨ ਮੁਨੀਸ਼ ਸੋਨੀ ’ਤੇ ਹੋਇਆ ਜਾਨਲੇਵਾ ਹਮਲਾ, ਹਸਪਤਾਲ ਦਾਖ਼ਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਪਾਰਕ ਜਥੇਬੰਦੀਆਂ ਨੇ ਹਮਲੇ ਦੀ ਕੀਤੀ ਨਿੰਦਾ

Munish Soni

ਸੁਨਾਮ ਊਧਮ ਸਿੰਘ ਵਾਲਾ, 5 ਜੂਨ (ਦਰਸ਼ਨ ਸਿੰਘ ਚੌਹਾਨ) : ਲੰਘੀ ਰਾਤ ਐਕਟਿਵਾ ਉਤੇ ਘਰ ਪਰਤ ਰਹੇ ਕਾਂਗਰਸੀ ਆਗੂ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਮੁਨੀਸ਼ ਕੁਮਾਰ ਸੋਨੀ ਉਪਰ ਅਣਪਛਾਤੇ ਵਿਅਕਤੀਆਂ ਨੇ ਜਾਨਲੇਵਾ ਹਮਲਾ ਕਰ ਦਿਤਾ। ਹਮਲੇ ਕਾਰਨ ਕਾਂਗਰਸੀ ਆਗੂ ਸੋਨੀ ਦੇ ਸਿਰ ਵਿਚ ਸੱਟਾਂ ਲੱਗੀਆਂ ਅਤੇ ਹੱਥ ਦੀਆਂ ਹੱਡੀਆਂ ਟੁੱਟ ਗਈਆਂ ਹਨ। ਮੁਨੀਸ਼ ਸੋਨੀ ਨੂੰ ਗੰਭੀਰ ਹਾਲਤ ਵਿਚ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

ਮਾਰਕੀਟ ਕਮੇਟੀ ਦੇ ਚੇਅਰਮੈਨ ਮੁਨੀਸ਼ ਕੁਮਾਰ ਸੋਨੀ ਦੇ ਅਤੀ ਨਜ਼ਦੀਕ ਅਤੇ ਬਲਾਕ ਕਾਂਗਰਸ ਕਮੇਟੀ ਸ਼ਹਿਰੀ ਸੁਨਾਮ ਦੇ ਪ੍ਰਧਾਨ ਸੰਜੇ ਗੋਇਲ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਮੁਨੀਸ਼ ਸੋਨੀ ਲੰਘੀ ਰਾਤ ਅਪਣੀ ਐਕਟਿਵਾ ਉਪਰ ਘਰ ਪਰਤ ਰਹੇ ਸਨ ਜਦੋਂ ਉਹ ਘਰ  ਦੇ ਨਜ਼ਦੀਕ ਪੁੱਜਿਆ ਤਾਂ ਉਨ੍ਹਾਂ ਨੇ ਕੁੱਝ ਲੋਕਾਂ ਨੂੰ ਸਾਮਾਨ ਚੁੱਕ ਕੇ ਭੱਜਦੇ ਵੇਖਿਆ। ਉਸ ਨੂੰ ਸ਼ੱਕ ਹੋਇਆ ਕਿ ਸ਼ਾਇਦ ਅਣਪਛਾਤੇ ਵਿਅਕਤੀ ਚੋਰੀ ਕਰ ਕੇ ਸਾਮਾਨ ਲਿਜਾ ਰਹੇ ਹਨ। 

ਉਨ੍ਹਾਂ ਕਿਹਾ ਕਿ ਸੋਨੀ ਦੁਆਰਾ  ਪੁੱਛਣ ਉਤੇ ਭੜਕੇ ਅਣਪਛਾਤੇ ਵਿਅਕਤੀਆਂ ਨੇ ਇੱਟਾਂ ਅਤੇ ਲੋਹੇ ਦੀ ਰਾਡ ਨਾਲ ਜਾਨਲੇਵਾ ਹਮਲਾ ਕਰ ਦਿਤਾ। ਕਾਂਗਰਸ ਦੇ ਬਲਾਕ ਪ੍ਰਧਾਨ ਸੰਜੇ ਗੋਇਲ ਨੇ ਕਿਹਾ ਕਿ ਗੰਭੀਰ ਜ਼ਖ਼ਮੀ ਹਾਲਤ ਵਿਚ ਉਨ੍ਹਾਂ ਨੂੰ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਅਣਪਛਾਤੇ ਵਿਅਕਤੀਆਂ ਦੇ ਹਮਲੇ ਦਾ ਸ਼ਿਕਾਰ ਹੋਏ ਕਾਂਗਰਸੀ ਆਗੂ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਮੁਨੀਸ਼ ਸੋਨੀ ਦਾ ਹਾਲ ਜਾਣਨ ਲਈ ਹਸਪਤਾਲ ਪੁੱਜੇ ਕਾਂਗਰਸ ਦੇ ਸੂਬਾ ਸਕੱਤਰ ਹਰਮਨਦੇਵ ਸਿੰਘ ਬਾਜਵਾ ਨੇ ਕਿਹਾ ਕਿ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਉਤੇ ਬਖ਼ਸ਼ਿਆ ਨਹੀਂ ਜਾਵੇਗਾ।  ਡੀ.ਐਸ.ਪੀ. ਸੁਖਵਿੰਦਰਪਾਲ ਸਿੰਘ ਨੇ ਕਿਹਾ ਕਿ ਪੁਲਿਸ ਕਾਂਗਰਸੀ ਆਗੂ ਉਪਰ ਹੋਏ ਹਮਲੇ ਦੀ ਹਰੇਕ ਪਹਿਲੂ ਤੋਂ ਗੰਭੀਰਤਾ ਨਾਲ ਜਾਂਚ ਵਿਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ  ਦੋਸ਼ੀ ਜਲਦੀ ਹੀ ਪੁਲਿਸ ਦੀ ਗਿਫ਼ਤ ਵਿਚ ਹੋਣਗੇ।