ਕੀ ਹਾਈ ਕਮਾਂਡ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾ ਸਕਦੀ ਹੈ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਕਾਂਗਰਸ ’ਚ ਅੰਦਰੂਨੀ ਘਮਸਾਨ - ਨਤੀਜੇ ਗੰਭੀਰ

Sonia Gandhi, CM Punjab and Navjot Sidhu

ਚੰਡੀਗੜ੍ਹ (ਜੀ.ਸੀ. ਭਾਰਦਵਾਜ) : ਪੰਜਾਬ ਵਿਧਾਨ ਸਭਾ ਲਈ ਆਉਂਦੀਆਂ ਚੋਣਾਂ ’ਚ ਇਕ ਵਾਰ ਫਿਰ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਦੀ ਮਨਸ਼ਾ ਨਾਲ, ਪਾਰਟੀ ਹਾਈ ਕਮਾਂਡ ਨੇ ਰੁੱਸੇ ਨਵਜੋਤ ਸਿੱਧੂ ਨੂੰ ਮਨਾਉਣ ਅਤੇ ਮੰਤਰੀਆਂ, ਵਿਧਾਇਕਾਂ ਤੇ ਹੋਰ ਨੇਤਾਵਾਂ ਦੀ ਕੈਪਟਨ ਅਮਰਿੰਦਰ ਸਿੰਘ ( Captain Amarinder Singh)  ਵਿਰੁਧ ਭੜਾਸ ਸੁਣਨ ਵਾਸਤੇ 9 ਮਹੀਨੇ ਪਹਿਲਾਂ ਪੰਜਾਬ ’ਚ ਪਾਰਟੀ ਇੰਚਾਰਜ ਤਜਰਬੇਕਾਰ ਹਰੀਸ਼ ਰਾਵਤ ਨੂੰ ਫਿੱਟ ਕੀਤਾ ਸੀ, ਜਿਸ ਨੇ ਸਿੱਧੂ, ਕੈਪਟਨ, ਜਾਖੜ ਤੇ ਹੋਰਾਂ ਨਾਲ ਵਿਚਾਰ ਸਾਂਝੇ ਕਰ ਕੇ, ਆਖਰਕਾਰ, ਕਾਂਗਰਸ ’ਚ ਅੰਦਰੂਨੀ ਘਮਸਾਣ ਦਾ ਹੱਲ ਕੱਢਣ ਲਈ ਤਿੰਨ ਮੈਂਬਰੀ ਕਮੇਟੀ ਦੁਆਰਾ ਦਿੱਲੀ ’ਚ ਸੱਭ ਨੂੰ ਬੁਲਾ ਕੇ, ਗੰਭੀਰ ਮੰਥਨ ਕੀਤਾ।

ਮਲਿਕ ਅਰਜੁਨ ਖੜਗੇ ਦੀ ਅਗਵਾਈ  ’ਚ ਇਹ ਕਮੇਟੀ ਅੱਜ ਸ਼ਾਮ ਜਾਂ ਭਲਕੇ, ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ( Sonia Gandhi)  ਨੂੰ ਰੀਪੋਰਟ ਦੇ ਕੇ ਸੁਝਾਅ ਵੀ ਪੇਸ਼ ਕਰੇਗੀ ਕਿ ਜਨਵਰੀ 2022 ’ਚ ਚੋਣਾਂ ਵੇਲੇ ਜਿੱਤ ਹਾਸਲ ਕਰਨ ਲਈ ਮੁੱਖ ਚਿਹਰਾ ਯਾਨੀ ਮੁੱਖ ਮੰਤਰੀ ਕੌਣ ਹੋਵੇਗਾ। ਧਰਮ ਨਿਰਪੱਖ ਅਖਵਾਉਣ ਵਾਲੀ ਇਹ ਪਾਰਟੀ ਅੱਜ ਪੰਜਾਬ ’ਚ ਪਿਛਲੇ ਸਾਢੇ 4 ਸਾਲ ਦੀ ਸਰਕਾਰ ਦੀ ਕਾਰਗੁਜ਼ਾਰੀ ’ਤੇ ਸ਼ਰਮਿੰਦਾ ਨਹੀਂ ਹੈ, ਬਲਕਿ ਇਸ ਦੇ ਦੋ ਤਿਹਾਹੀ ਬਹੁਮਤ ਵਾਲੇ ਵਿਧਾਇਕ ਚੋਟੀ ਦੇ ਨੇਤਾ ਕੇਵਲ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦਾ ਰਾਗ ਅਲਾਪ ਕੇ ਗ਼ੈਰ ਸਿੱਖ ਵਰਗ ਦੇ ਵੋਟਰਾਂ ਦਾ ਘਾਣ ਕਰਨ ਅਤੇ ਖ਼ੁਦ ਭ੍ਰਿਸ਼ਟਾਚਾਰ ਦੀ ਦਲਦਲ ’ਚ ਫਸੇ ਇਹ ਨੇਤਾ-ਮੰਤਰੀ ਸੱਭ ‘‘ਕੈਪਟਨ ਜਾਂ ਸਿੱਧੂ ਜਾਂ ਦਲਿਤ ਮੁੱਖ ਮੰਤਰੀ’’ ਦੇ ਬੈਨਰ ਹੱਥ ’ਚ ਫੜ ਕੇ ਚੋਣ ਪ੍ਰਚਾਰ ’ਚ ਹੁਣ ਤੋਂ ਜੁਟ ਗਏ ਹਨ।

ਰੋਜ਼ਾਨਾ ਸਪੋਕਸਮੈਨ ਨੇ ਕਈ ਸੀਨੀਅਰ ਤਜਰਬੇਕਾਰ ਪਹਿਲੀ, ਦੂਜੀ, ਤੀਜੀ, ਚੌਥੀ ਵਾਰ ਬਣੇ ਵਿਧਾਇਕਾਂ, ਮੰਤਰੀਆਂ ਤੇ ਹੋਰ ਨੀਤੀਘਾੜੇ ਰਹੇ ਕਾਂਗਰਸੀਆਂ ਨਾਲ ਇਸ ਗੰਭੀਰ ਮੁੱਦੇ ’ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੇਵਲ 4 ਸਾਲ ਪਹਿਲਾਂ ਬੀ.ਜੇ.ਪੀ. ’ਚੋਂ ਆਏ ਨਵਜੋਤ ਸਿੱਧੂ (Navjot Sidhu) ਨੂੰ ਪਾਰਟੀ ਪ੍ਰਧਾਨ ਬਣਾਉਣਾ ਜਾਂ ਕੈਪਟਨ ਦੇ ਬਰਾਬਰ ਜਾਂ ਉਸ ਦੀ ਥਾਂ ਮੁੱਖ ਮੰਤਰੀ ਦਾ ਚਿਹਰਾ ਲਿਆਉਣਾ, ਪਾਰਟੀ ’ਚ ਪਈ ਪਾਟੋਧਾੜ ਨੂੰ ਹੋਰ ਪੱਕਾ ਕਰਨਾ ਹੋਵੇਗਾ ਅਤੇ ਅਵੱਸ਼ ਚੋਣਾਂ ’ਚ ਹਾਰ ਹੋਵੇਗਾ। ਇਕ ਗੰਭੀਰ ਤੇ ਸਿਆਣੇ 80 ਸਾਲਾ ਨੇਤਾ ਨੇ ਕਿਹਾ ਕਿ 2014, 2017 ਅਤੇ 2019 ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਵੇਲੇ ਮੋਦੀ-ਅਮਿਤਸ਼ਾਹ ਦੀ ਹਨੇਰੀ ਨੂੰ ਪੰਜਾਬ ’ਚ ਰੋਕਣ ਵਾਲੇ ਕੈਪਟਨ ਨੂੰ ਆਉਂਦੀਆਂ ਚੋਣਾਂ ’ਚ ਦਰ-ਕਿਨਾਰ ਕਰਨਾ, ਪਾਰਟੀ ਲਈ ਆਤਮ-ਹਤਿਆ ਸਾਬਤ ਹੋਵੇਗੀ।

ਇਕ ਗ਼ੈਰ ਸਿੱਖ ਸੀਨੀਅਰ ਕਾਂਗਰਸੀ ਨੇਤਾ ਨੇ ਇਸ ਨੁਕਤੇ ’ਤੇ ਇਸ਼ਾਰਾ ਕੀਤਾ ਕਿ ਪੰਜਾਬ ’ਚ ਜੱਟਵਾਦ ਭਾਰੂ ਹੈ, ਕਾਂਗਰਸ ਨੂੰ ਦੂਜੇ ਵਰਗ ਦੇ ਲੋਕਾਂ ਰਾਜਪੂਤ, ਖੱਤਰੀ, ਬ੍ਰਾਹਮਣ, ਪਿਛੜੀ ਜਾਤੀ ਤੇ ਵਿਸ਼ੇਸ਼ ਕਰ ਦਲਿਤ-ਬਾਲਮੀਕ ਭਾਈਚਾਰੇ ਦੇ ਨੇਤਾਵਾਂ ਨੂੰ ਅੱਗੇ ਲਿਆਉਣਾ ਬੇਹੱਦ ਜ਼ਰੂਰੀ ਹੈ। ਇਸ ਲੀਡਰ ਨੇ ਵਿਚਾਰ ਦਿਤਾ ਕਿ ਸੁਨੀਲ ਜਾਖੜ ਇਕ ਹਿੰਦੂ ਚਿਹਰਾ ਹੈ ਉਸ ਨੂੰ ਪ੍ਰਧਾਨਗੀ ਤੋਂ ਹਟਾਉਣਾ 45 ਪ੍ਰਤੀਸ਼ਤ ਹਿੰਦੂਆਂ ਨਾਲ ਬੇਇਨਸਾਫ਼ੀ ਹੋਵੇਗੀ।

ਦਲਿਤ, ਬਾਲਮੀਕ, ਰਾਜਪੂਤ, ਬ੍ਰਾਹਮਣ ਤੇ ਹੋਰ ਵਰਗ ਦੇ ਕਾਂਗਰਸੀ ਵਿਧਾਇਕਾਂ ਤੇ ਨੇਤਾਵਾਂ ਦਾ ਮੰਨਣਾ ਹੈ ਕਿ ਜੇ ਹਾਈ ਕਮਾਂਡ ਨੇ ਸਿੱਧੂ ਨੂੰ ਡਿਪਟੀ ਸੀ.ਐਮ. ਲੁਆਣਾ ਹੈ ਤਾਂ ਇਕ ਹੋਰ ਡਿਪਟੀ ਦੀ ਕੁਰਸੀ ਕਿਸੇ ਗ਼ੈਰ ਸਿੱਖ ਨੂੰ ਦੇਣੀ ਜ਼ਰੂਰੀ ਹੈ। ਜਦੋਂ ਨਿਰੋਲ ਕੈਪਟਨ ਅਮਰਿੰਦਰ ਸਿੰਘ ( Captain Amarinder Singh) ਪੱਖੀ ਮੰਤਰੀਆਂ ਤੇ ਵਿਧਾਇਕਾਂ ਨਾਲ ਰੋਜ਼ਾਨਾ ਸਪੋਕਸਮੈਨ ਵਲੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹ ਕਿ ਇਸ ਝਮੇਲੇ ’ਚੋਂ ਮੁੱਖ ਮੰਤਰੀ ਹੋਰ ਮਜਬੂਤ, ਤਕੜੇ,ਸਿਰਕੱਢ ਨੇਤਾ ਬਣ ਕੇ ਨਿਕਲਣਗੇ। ਉਨ੍ਹਾਂ ਕਿਹਾ ਕਿ ਕੈਪਟਨ ਇਸ ਵੇਲੇ ਨੈਸ਼ਨਲ ਪੱਧਰ ਦੇ ਕਾਂਗਰਸੀ ਲੀਡਰ ਹਨ ਅਤੇ 3 ਮੈਂਬਰੀ ਕਮੇਟੀ ਨੂੰ ਉਨ੍ਹਾਂ ਬੀਤੇ ਕੱਲ੍ਹ ਸਪਸ਼ਟ ਸ਼ਬਦਾਂ ਵਿਚ ਅਪਣੇ ਕਈ ਸਾਥੀ ਮੰਤਰੀਆਂ ਦੀ ਮਾੜੀ ਕਾਰਗੁਜ਼ਾਰੀ ਦਾ ਚਿੱਠਾ ਪੇਸ਼ ਕੀਤਾ ਹੈ।

 

ਦਿੱਗਜ ਅਦਾਕਾਰ ਦਿਲੀਪ ਕੁਮਾਰ ਦੀ ਵਿਗੜੀ ਸਿਹਤ, ਹਸਪਤਾਲ ਭਰਤੀ

 

ਨਿਰੋਲ ਇਕ ਨਿਰਪੱਖ, ਕਾਂਗਰਸੀ ਗੁੱਟ ਦੇ ਨੇਤਾਵਾਂ ਨੇ ਸਪਸ਼ਟ ਕੀਤਾ ਕਿ 6 ਮਹੀਨੇ ਪਹਿਲਾਂ ਨਿਯੁਕਤ ਕੀਤੇ ਚੋਣਾਂ ਵਾਸਤੇ ਨੀਤੀਘਾੜੇ ਪ੍ਰਸ਼ਾਂਤ ਕਿਸ਼ੋਰ ਦਾ ਇਹ ਤਹੱਈਆ ਹੈ ਕਿ ਮੌਜੂਦਾ ਮੰਤਰੀ ਮੰਡਲ ਵਿਚੋਂ ਕੇਵਲ 5 ਜਾਂ 6 ਪੁਰਾਣੇ ਨੇਤਾਵਾਂ ਨੂੰ ਚੋਣ ਟਿਕਟ ਮਿਲੇਗੀ ਅਤੇ 80 ਵਿਧਾਇਕਾਂ ’ਚੋਂ ਨਿਕੰਮੇ ਅੱਧ ਤੋਂ ਵੱਧ ਜਾਂ ਤਾਂ ਡਰੌਪ ਕਰ ਦਿਤੇ ਜਾਣਗੇ ਜਾਂ ਉਨ੍ਹਾਂ ਦੇ ਚੋਣ ਹਲਕੇ ਬਦਲ ਦਿਤੇ ਜਾਣਗੇ।ਇਕ ਹੋਰ ਚੋਣ ਅੰਕੜਾ ਵਿਗਿਆਨੀ ਦਾ ਮੰਨਣਾ ਹੈ ਕਿ ਕਾਂਗਰਸ ਦੀ ਇਸ ਅੰਦਰੂਨੀ ਲੜਾਈ ਨੇ ਪਾਰਟੀ ਨੂੰ ਡੂੰਘੀ ਸੱਟ ਮਾਰੀ ਹੈ, ਨੁਕਸਾਨ ਉਠਾਉਣਾ ਪਵੇਗਾ।