ਇੰਦਰਾ ਗਾਂਧੀ ਤਾਂ 5 ਅਤੇ 6 ਜੂਨ ਦੀ ਦਰਮਿਆਨੀ ਰਾਤ ਨੂੰ ਨੈਤਿਕ ਤੌਰ 'ਤੇ ਜੰਗ ਹਾਰ ਗਈ ਸੀ
ਇੰਦਰਾ ਗਾਂਧੀ ਤਾਂ 5 ਅਤੇ 6 ਜੂਨ ਦੀ ਦਰਮਿਆਨੀ ਰਾਤ ਨੂੰ ਨੈਤਿਕ ਤੌਰ 'ਤੇ ਜੰਗ ਹਾਰ ਗਈ ਸੀ
ਜਦੋਂ ਦਰਬਾਰ ਸਾਹਿਬ 'ਤੇ ਹਮਲਾ ਕਰਨ ਵਾਲਾ ਜਰਨਲ ਬਰਾੜ ਵੀ ਦਰਬਾਰ ਸਾਹਿਬ ਅੰਦਰ ਫ਼ੌਜ ਦੇ ਦਾਖ਼ਲੇ ਨੂੰ ਰੋਕਣ ਵਾਲੇ ਜਾਂਬਾਜ਼ਾਂ ਦੀ ਤਾਰੀਫ਼ ਕਰਨੋਂ ਨਾ ਰਹਿ ਸਕਿਆ
ਨੰਗਲ, 5 ਜੂਨ ( ਕੁਲਵਿੰਦਰ ਜੀਤ ਸਿੰਘ ਭਾਟੀਆ) : ਸ੍ਰੀ ਅਕਾਲ ਤਖ਼ਤ ਸਾਹਿਬ ਦੇ 444 ਵਰਗ ਫ਼ੁੱਟ ਜਗ੍ਹਾ 'ਤੇ ਕਬਜ਼ਾ ਕਰਨ ਲਈ ਕਿਸੇ ਦੇਸ਼ ਵਲੋਂ ਪੂਰੀ ਫ਼ੌਜੀ ਤਾਕਤ ਲਗਾ ਦੇਣ ਦੀ ਸ਼ਾਇਦ ਸੰਸਾਰ ਵਿਚ ਇਹ ਪਹਿਲੀ ਮਿਸਾਲ ਹੋਵੇ ਅਤੇ ਜੇਕਰ ਦੂਸਰੇ ਸ਼ਬਦਾਂ ਵਿਚ ਇਹ ਕਹਿ ਦਈਏ ਕਿ ਇੰਦਰਾ ਗਾਂਧੀ ਤਾਂ ਇਹ ਲੜਾਈ ਪੰਜ ਜੂਨ ਦੀ ਰਾਤ 2-30 ਵਜੇ ਤਕ ਹਾਰ ਗਈ ਸੀ ਅਤੇ ਸਰਕਾਰੀਤੰਤਰ ਵਲੋਂ ਦੱਸੀ ਜਾਂਦੀ 200 ਦੇ ਕਰੀਬ ਸਿੰਘਾਂ ਦੀ ਫ਼ੌਜ ਨੇ ਵਿਦੇਸ਼ੀ ਅਸਲੇ ਨਾਲ ਲੈਸ ਭਾਰਤੀ ਫ਼ੌਜ ਦੇ ਦੰਦ ਖੱਟੇ ਕਰ ਦਿਤੇ ਸਨ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ | ਕਿਹਾ ਜਾਂਦਾ ਹੈ ਕਿ ਜੰਗ ਵਿਚ ਸੱਭ ਕੱੁਝ ਜ਼ਾਇਜ਼ ਹੁੰਦਾ ਹੈ ਅਤੇ ਇਹੀ ਫ਼ਾਰਮੂਲਾ ਵਰਤ ਕੇ ਭਾਰਤੀ ਫ਼ੌਜ ਨੇ ਅਣਮਨੁੱਖੀ ਤਰੀਕਾ ਅਪਣਾ ਕੇ ਇਹ ਜੰਗ ਜੋ ਕਿ ਉਹ 5 ਅਤੇ 6 ਜੂਨ ਦੀ ਦਰਮਿਆਨੀ ਰਾਤ ਵਿੱਚ ਆਪ ਹੀ ਹਾਰੀ ਮੰਨ ਰਹੇ ਸਨ, ਨੂੰ ਭਾਰੀ ਟੈਕਾਂ ਨਾਲ ਜਿੱਤ ਲਿਆ ਪਰ ਇਹ 'ਜਿੱਤ' ਹਾਰ ਨਾਲੋਂ ਵੀ ਮਾੜੀ ਸੀ |
ਜੇਕਰ ਪੰਜ ਅਤੇ ਛੇ ਜੂਨ ਨੂੰ ਹੋਈ ਦਰਮਿਆਨੀ ਰਾਤ ਦੀ ਜੰਗ ਅਤੇ ਵਰਤੇ ਗਏ ਫ਼ੌਜੀ ਅਸਲੇ 'ਤੇ ਨਿਗ੍ਹਾ ਮਾਰੀਏ ਤਾਂ ਇਹ ਬਹੁਤ ਹੈਰਾਨਕੁਨ ਹੈ ਕਿ 200 ਵਿਅਕਤੀਆਂ ਲਈ ਇੰਨੀ ਤਾਕਤ ਵਰਤੀ ਜਾ ਸਕਦੀ ਹੈ ਅਤੇ ਤਾਕਤ ਵਰਤ ਕੇ ਵੀ ਕਾਮਯਾਬੀ ਨਾ ਮਿਲੀ ਤਾਂ ਇਸ ਤੋਂ ਵੱਡੀ ਨਮੋਸ਼ੀ ਕੀ ਹੋ ਸਕਦੀ ਹੈ?
ਇਸ ਜੰਗ ਵਿਚ ਆਰਮੀ, ਨੇਵੀ ਤੇ ਏਅਰਫ਼ੋਰਸ ਦੇ ਲਗਭਗ 1 ਲੱਖ ਦੇ ਕਰੀਬ ਜਵਾਨ ਸਿੱਧੇ ਜਾਂ ਅਸਿੱਧੇ ਤੌਰ 'ਤੇ ਸ਼ਾਮਲ ਕੀਤੇ ਗਏ ਸਨ ਅਤੇ ਜਨਰਲ ਕੇ ਸੁੰਦਰਜੀ, ਲੈਫ਼ਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ ਅਤੇ ਰਣਜੀਤ ਸਿੰਘ ਦਿਆਲ ਵਲੋਂ ਇੰਦਰਾ ਗਾਂਧੀ ਨੂੰ ਫੜ ਮਾਰੀ ਗਈ ਸੀ ਕਿ ਭਿੰਡਰਾਂਵਾਲੇ ਨੂੰ ਜ਼ਿੰਦਾ ਜਾਂ ਮੁਰਦਾ 2 ਘੰਟੇ ਵਿਚ ਲੈ ਆਵਾਂਗੇ | ਇਸ ਫੜ ਨੂੰ ਸਿੱਧ ਕਰਨ ਲਈ ਫ਼ੌਜ ਵਲੋਂ 105 ਐਮ.ਐਮ. ਦੀਆਂ ਭਾਰੀ ਤੋਪਾਂ, ਬੀੜੇ ਹੋਏ 38 ਟਨ ਵਿਜਯੰਤਾ ਟੈਂਕ, ਭਾਰੀ ਤੋਪਖ਼ਾਨਾ ਜਿਸ ਵਿਚ 25 ਪਾਊਡਰ ਤੋਪਾਂ, ਹੌਵਿਜ਼ਟਰ ਗੰਨਾਂ, ਮਾਰਟਰ ਗੰਨਾ ਅਤੇ 3.7 ਹਾਵਲ ਗੰਨਾਂ ਸ਼ਾਮਲ ਸਨ | ਇਸ ਤੋਂ ਇਲਾਵਾ ਪੋਲੈਂਡ ਦੀਆਂ ਬਣੀਆਂ 8 ਪਹੀਆ ਓ.ਟੀ. 64 ਬਕਤਰਬੰਦ ਗੱਡੀਆਂ ਅਤੇ 8 ਰੂਸੀ ਹੈਲੀਕਾਪਟਰ ਵੀ ਸ਼ਾਮਲ ਸਨ |
ਇਸ ਅਪਰੇਸ਼ਨ ਨੂੰ ਤਿੰਨ ਪੜਾਵਾਂ ਵਿਚ ਖ਼ਤਮ ਕਰਨ ਲਈ 26 ਮਦਰਾਸ, ਕਮਾਊਾ, ਪੈਰਾ ਕਮਾਂਡੋ ਤੋਂ ਇਲਾਵਾ ਅਰਧ ਸੈਨਿਕ ਬਲ ਬੀ.ਐਸ.ਐਫ਼. ਤੇ ਸੀ.ਆਰ.ਪੀ. ਦੀ ਮਦਦ ਵੀ ਲਈ ਗਈ ਸੀ | ਇਥੇ ਹੀ ਬਸ ਨਹੀਂ60 ਇੰਜਨੀਅਰਿੰਗ ਰੈਜੀਮੈਂਟ ਦੀਆਂ ਚਾਰ ਟੋਲੀਆਂ ਨੂੰ ਅੱਗ ਬੁਝਾਉਣ ਦੇ ਅਪਰੇਸ਼ਨ ਤੋਂ ਬਾਅਦ ਸਫ਼ਾਈ ਕਰਨ ਦਾ ਕੰਮ ਵੀ ਦਿਤਾ ਗਿਆ ਸੀ | ਇਸ ਇਕ ਟੋਲੀ ਵਿਚ ਇਕ ਅਫ਼ਸਰ ਤੋਂ ਇਲਾਵਾ 15 ਜਵਾਨ ਸ਼ਾਮਲ ਸਨ |
5 ਜੂਨ ਦੀ ਰਾਤ 9 ਵਜੇ ਕਾਰਵਾਈ ਕਰਨ ਦੀ ਵਿਉਂਤ ਬਣਾਈ ਜੋ ਕਿ 6 ਜੂਨ ਨੂੰ ਸਵੇਰੇ ਜਾਂ ਦੁਪਹਿਰ ਤਕ ਖ਼ਤਮ ਹੋ ਜਾਣ ਦੀ ਆਸ ਸੀ ਪਰ ਹਮਲਾਵਰ ਬਰਾੜ ਆਪ ਮੰਨਦਾ ਹੈ ਕਿ ਪੰਜ ਜੂਨ ਰਾਤ ਤੱਕ ਅਸੀਂ ਅਪਣੇ ਮਿੱਥੇ ਨਿਸ਼ਾਨੇ 'ਤੇ ਨਹੀਂ ਪੁੱਜ ਸਕੇ ਸੀ ਅਤੇ 2-30 ਵਜੇ ਤਕ ਪਿਆਦਾ ਸੈਨਿਕ ਤੇ ਕਮਾਂਡੋ ਦਬਾਅ ਵਿਚ ਆ ਚੁੱਕੇ ਸਨ ਜਿਨ੍ਹਾਂ 'ਤੇ ਦਬਾਅ ਘਟਾਉਣ ਲਈ ਜਨਰਲ ਸੁੰਦਰ ਜੀ ਤੋਂ ਟੈਂਕ ਵਾੜਨ ਦਾ ਹੁਕਮ ਲੈਣ ਦਾ ਯਤਨ ਕੀਤਾ ਗਿਆ, ਕਿਉਂਕਿ ਹੁਣ ਬਕਤਰਬੰਦ ਸੈਨਾ ਤੋਂ ਇਲਾਵਾ ਕੋਈ ਚਾਰਾ ਨਹੀਂ ਰਹਿ ਗਿਆ ਸੀ | ਸਵੇਰੇ 4-30 ਵਜੇ ਬਕਤਰਬੰਦ ਗੱਡੀ ਅੰਦਰ ਵਾੜੀ ਗਈ ਤਾਂ ਜੁਝਾਰੂ ਸਿੰਘਾਂ ਵਲੋਂ ਉਹ ਉਡਾ ਦਿਤੀ ਗਈ ਅਤੇ ਫ਼ੌਜ ਨੇ
ਕਦੇ ਸੋਚਿਆ ਵੀ ਨਹੀਂ ਸੀ ਕਿ ਇਨ੍ਹਾਂ ਜੁਝਾਰੂ ਸਿੰਘਾਂ ਕੋਲ ਟੈਂਕ ਮਾਰੂ ਹਥਿਆਰ ਵੀ ਹਨ ਅਤੇ ਆਖ਼ਰਕਾਰ
ਛੇ ਜੂਨ ਨੂੰ ਸਵੇਰੇ 5:10 ਮਿੰਟ 'ਤੇ ਤਿੰਨ ਟੈਂਕ ਅੰਦਰ ਵਾੜ ਦਿਤੇ ਗਏ ਅਤੇ ਪਹਿਲਾਂ 150 ਸਾਲ ਪੁਰਾਣੇ ਬੁੰਗਿਆਂ ਨੂੰ ਢਾਹ ਦਿਤਾ ਗਿਆ | ਹਮਲਾਵਰ ਬਰਾੜ ਅਨੁਸਾਰ ਸਵੇਰੇ 6 ਜੂਨ ਸਾਢੇ ਸੱਤ ਵੱਜ ਚੁੱਕੇ ਸਨ ਅਤੇ ਧੁੱਪ ਚੜ੍ਹ ਚੁੱਕੀ ਸੀ | ਇਸ ਲਈ ਤੋਪਾਂ ਨੂੰ ਮੋਰਚੇ ਉਡਾਉਣ ਦੇ ਹੁਕਮ ਦੇ ਦਿਤੇ ਗਏ | ਦੂਸਰੇ ਪਾਸੇ ਸਿੱਖ ਇਤਿਹਾਸ ਕੌਮ ਦੇ ਸ਼ਹੀਦੀ ਦੇ ਕਾਰਨਾਮਿਆਂ ਦੀ ਇਬਾਰਤ ਵਿਚ ਇਕ ਹੋਰ ਅਸਾਵੀਂ ਜੰਗ ਦਾ ਇਤਿਹਾਸ ਲਿਖਿਆ ਜਾ ਚੁੱਕਾ ਸੀ |
ਭਾਵੇਂ ਕਿ ਇਸ ਜੰਗ ਦਾ ਹਰ ਇਕ ਸ਼ਹੀਦ ਨਾਇਕ ਹੈ ਜਿਸ ਨੇ ਇਕ ਵਾਰ ਤਾਂ ਭਾਰਤੀ ਫ਼ੌਜ ਦੇ ਵਿਦੇਸ਼ੀ ਹਥਿਆਰਾਂ ਨਾਲ ਹਮਲਾ ਕਰਨ ਦੇ ਬਾਵਜੂਦ ਵੀ ਦੰਦ ਖੱਟੇ ਕਰ ਦਿਤੇ ਪਰ ਜੇ ਇਸ ਮੌਕੇ 'ਤੇ ਜਰਨਲ ਸੁਬੇਗ ਸਿੰਘ ਵਲੋਂ ਕੀਤੀ ਗਈ ਮੋਰਚਾਬੰਦੀ ਦੀ ਤਾਰੀਫ਼ ਨਾ ਕਰੀਏ ਤਾਂ ਇਹ ਬਹੁਤ ਬੇਇਨਸਾਫ਼ੀ ਹੋਵੇਗੀ |
ਉਂਜ ਤਾਰੀਫ਼ ਉਹ ਹੁੰਦੀ ਹੈ ਜੋ ਆਪ ਨਾ ਕੀਤੀ ਜਾਵੇ ਸਗੋਂ ਦੁਸ਼ਮਣ ਕਰੇ | ਫ਼ੌਜ ਦੇ ਇਸ ਅਪਰੇਸ਼ਨ ਦਾ ਜਰਨੈਲ ਬਰਾੜ ਅਪਣੀ ਕਿਤਾਬ ਦੇ ਪੰਨਾ ਨੰਬਰ 148 'ਤੇ ਲਿਖਦਾ ਹੈ ''ਜਿਸ ਦਿ੍ੜ੍ਹਤਾ ਨਾਲ ਖਾੜਕੂ ਮੁਕਾਬਲੇ ਵਿਚ ਡਟੇ ਜਿਸ ਸਿਰੜੀ ਸੂਰਬੀਰਤਾ ਨਾਲ ਉਨ੍ਹਾਂ ਨੇ ਲੜਾਈ ਲੜੀ ਅਤੇ ਜਿਸ ਉੱਚ ਦਰਜੇ ਦਾ ਵਿਸ਼ਵਾਸ ਉਨ੍ਹਾਂ ਨੇ ਦਿਖਾਇਆ, ਉਹ ਪ੍ਰਸੰਨਤਾ ਅਤੇ ਮਾਨਤਾ ਦਾ ਹੱਕਦਾਰ ਹੈ ਅਤੇ ਸਿੱਟੇ ਵਜੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਰਾਤੋ-ਰਾਤ ਇਕ ਨਾਇਕ ਬਣ ਗਿਆ ਅਤੇ ਬਰਾੜ ਇਹ ਗੱਲ ਵੀ ਮੰਨਦਾ ਹੈ ਕਿ ਸ਼ਾਇਦ ਹਾਲ ਦੇ ਇਤਿਹਾਸ ਦੀਆਂ ਸੱਭ ਤੋਂ ਜ਼ੋਰਦਾਰ ਲੜਾਈਆਂ ਵਿਚੋਂ ਇਕ ਲੜਾਈ ਲੜੀ ਗਈ ਹੈ ਅਤੇ ਜਿਸ ਤਰ੍ਹਾਂ ਨਾਕਾਬੰਦੀ ਕੀਤੀ ਗਈ ਸੀ, ਜੇਕਰ ਫ਼ੌਜ ਆਧੁਨਿਕ ਹਥਿਆਰਾਂ ਨਾਲ ਲੜਾਈ ਨਾਲ ਲੜਦੀ ਤਾਂ ਸ਼ਾਇਦ ਫ਼ੌਜ ਦਾ ਦਸ ਗੁਣਾ ਨੁਕਸਾਨ ਹੁੰਦਾ |''