ਦਿੱਲੀ ਵਿਚ ਸੋਮਵਾਰ ਤੋਂ ‘ਆਡ-ਈਵਨ’ ਆਧਾਰ ’ਤੇ ਖੁਲ੍ਹਣਗੇ ਬਾਜ਼ਾਰ : ਕੇਜਰੀਵਾਲ

ਏਜੰਸੀ

ਖ਼ਬਰਾਂ, ਪੰਜਾਬ

ਦਿੱਲੀ ਵਿਚ ਸੋਮਵਾਰ ਤੋਂ ‘ਆਡ-ਈਵਨ’ ਆਧਾਰ ’ਤੇ ਖੁਲ੍ਹਣਗੇ ਬਾਜ਼ਾਰ : ਕੇਜਰੀਵਾਲ

image

ਮੈਟਰੋ 50 ਫ਼ੀਸਦ ਦੀ ਸਮਰਥਾ ਨਾਲ ਚੱਲੇਗੀ

ਨਵੀਂ ਦਿੱਲੀ, 5 ਜੂਨ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਨਿਚਰਵਾਰ ਤੋਂ ਤਾਲਾਬੰਦੀ ਵਿਚ ਹੋਰ ਛੋਟ ਦੇਣ ਦਾ ਐਲਾਨ ਕਰਦੇ ਹੋਏ ਕਿਹਾ ਕਿ 7 ਜੂਨ ਤੋਂ ਦਿੱਲੀ ਮੈਟਰੋ 50 ਫ਼ੀਸਦ ਸਮਰਥਾ ਨਾਲ ਚਲੇਗੀ ਅਤੇ ਬਾਜ਼ਾਰ ਅਤੇ ਮਾਲ ਇਵਨ ਆਡ ਆਧਾਰ ’ਤੇ ਖੁਲ੍ਹਣਗੇ। ਬਜ਼ਾਰ ਖੁੱਲ੍ਹਣ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 8 ਵਜੇ ਤਕ ਦਾ ਹੋਵੇਗਾ। ਜ਼ਰੂਰੀ ਸਮਾਨ ਦੀਆਂ ਦੁਕਾਨਾਂ ਰੋਜ਼ਾਨਾ ਖੁੱਲ੍ਹਣਗੀਆਂ। ਕੇਜਰੀਵਾਲ ਨੇ ਐਲਾਨ ਕੀਤਾ ਕਿ ਦਿੱਲੀ ਵਿਚ 14 ਜੂਨ ਸੋਮਵਾਰ ਸਵੇਰੇ 5 ਵਜੇ ਤਕ ਤਾਲਾਬੰਦੀ ਜਾਰੀ ਰਹੇਗੀ ਪਰ ਕਈ ਰਿਆਇਤਾਂ ਦਿਤੀਆਂ ਜਾ ਰਹੀਆਂ ਹਨ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਇਹ ਧਿਆਨ ਵਿਚ ਰਖਦੇ ਹੋਏ ਕੋਵਿਡ ਦੀ ਸੰਭਾਵਤ ਤੀਜੀ ਲਹਿਰ ਨਾਲ ਨਜਿੱਠਣ ਦੀ ਤਿਆਰੀ ਕਰ ਰਹੀ ਹੈ ਜਿਸ ਦੌਰਾਨ ਲਾਗ ਦੇ ਸਿਖਰ ’ਤੇ ਪਹੁੰਚਣ ’ਤੇ 37,000 ਮਾਮਲੇ ਆ ਸਕਦੇ ਹਨ ਅਤੇ ਨਾਲ ਹੀ ਬਿਸਤਰਿਆਂ, ਆਈਸੀਯੂ ਅਤੇ ਦਵਾਈਆਂ ਦੀ ਵਿਵਸਥਾ ਵੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਲਈ ਜ਼ਰੂਰੀ ਬਿਸਤਰਿਆਂ ਦੀ ਗਿਣਤੀ, ਆਈਸੀਯੂ ਸੁਵਧਾਵਾਂ ਅਤੇ ਹੋਰ ਉਪਕਰਨਾਂ ’ਤੇ ਫ਼ੈਸਲਾ ਲੈਣ ਲਈ ਇਕ ਬਾਲ ਸਿਹਤ ਕਾਰਜ ਬਲ ਗਠਤ ਕੀਤਾ ਗਿਆ ਹੈ। ਕੋਰੋਨਾ ਦੀ ਤੀਜੀ ਲਹਿਰ ਵਿਚ ਬੱਚਿਆਂ ਨੂੰ ਲਾਗ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
  ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਚ ਪਿਛਲੇ 24 ਘੰਟਿਆਂ ਵਿਚ 400 ਕੇਸ ਆਏ ਹਨ ਅਤੇ ਪਾਜ਼ੇਟਿਵਿਟੀ ਦਰ ਕਰੀਬ 0.5 ਫ਼ੀਸਦ ਰਹਿ ਗਈ ਹੈ। 
ਕੋਰੋਨਾ ਦੀ ਡਿਗਦੀ ਦਰ ਨੂੰ ਵੇਖਦੇ ਹੋਏ ਸਰਕਾਰੀ ਦਫ਼ਤਰ ’ਚ ਗਰੁੱਪ ‘ਏ’ ਅਫ਼ਸਰ 100 ਫ਼ੀਸਦ ਅਤੇ ਬਾਕੀ ਇਸ ਦੇ ਹੇਠਾਂ ਵਾਲੇ 50 ਫ਼ੀਸਦ ਅਫ਼ਸਰ ਕੰਮ ਕਰਨਗੇ। ਜ਼ਰੂਰੀ ਸੇਵਾਵਾਂ ’ਚ 100 ਫ਼ੀਸਦ ਕਾਮੇ ਕੰਮ ਕਰਨਗੇ। ਪ੍ਰਾਈਵੇਟ ਦਫ਼ਤਰ 50 ਫ਼ੀਸਦ ਸਮਰਥਾ ਨਾਲ ਖੋਲ੍ਹੇ ਜਾ ਸਕਦੇ ਹਨ।  (ਪੀਟੀਆਈ)