ਅਨੁਸੂਚਿਤ ਜਾਤੀਆਂ ਦੇ ਵਿਦਿਅਰਥੀਆਂ ਦੇ ਭੱਵਿਖ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ -- ਕੈਂਥ
ਦਲਿਤ ਮੁੱਦਿਆਂ ਤੇ ਕੈਪਟਨ ਅਮਰਿੰਦਰ ਸਰਕਾਰ ਖਾਮੋਸ਼
ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ( Captain Amarinder Singh) ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦਾ ਅਨੁਸੂਚਿਤ ਜਾਤੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਦਾ ਅਸਲ ਚੇਹਰਾ ਮੋਹਰਾ ਇਕ ਵਾਰ ਫਿਰ ਸਾਹਮਣੇ ਆਉਣ ਨਾਲ ਸਬੰਧਤ ਜਾਤੀਆਂ ਵਿਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਆਉਂਦੇ ਵਿਦਿਅਰਥੀਆਂ ਵਿਚ ਨਿਰਾਸ਼ਾ ਅਤੇ ਗੁੱਸੇ ਦੀ ਲਹਿਰ ਫੈਲ ਰਹੀ ਹੈ ਕਿਉਂਕਿ ਨਿੱਜੀ ਵਿਦਿਅਕ ਸੰਸਥਾਵਾਂ ਦੀ ਜੱਥੇਬੰਦੀ ਜੁਆਇੰਟ ਐਸੋਸੀਏਸ਼ਨ ਆਫ ਕਾਲੇਜ਼ਿਜ( ਜੈਕ ) ਨੇ ਲੱਖਾਂ ਵਿਦਿਅਰਥੀਆਂ ਦੇ ਰੋਲ ਨੰਬਰਾਂ ਨੂੰ ਜਾਰੀ ਕਰਨ ਤੋ ਇਨਕਾਰ ਕਰਨ ਦਾ ਫੈਸਲਾ ਕੀਤਾ ਹੈ।
ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ (Paramjit Singh Kainth) ਨੇ ਦੱਸਿਆ ਕਿ ਪੰਜਾਬ ਵਿੱਚ ਕੈਪਟਨ ਸਰਕਾਰ ਦਲਿਤ ਵਰਗ ਨਾਲ ਸਬੰਧਤ ਵਿਦਿਅਰਥੀਆਂ ਦੀ ਸਕਾਲਰਸ਼ਿਪ ਸਕੀਮ ਅਧੀਨ ਗਰੀਬ ਪਰਿਵਾਰਾਂ ਲਈ ਗਰੁੱਪ ਆਫ ਮਨਿਸਟਰ ਦੀ ਅਗਵਾਈ ਹੇਠ ਸਾਰੇ ਮਾਮਲਿਆ ਨੂੰ ਨਿਪਟਾਉਣ ਲਈ ਬਣਾਈ ਕਮੇਟੀ ਨੇ ਵਿਦਿਅਰਥੀਆਂ ਨਾਲ ਵਿਸ਼ਵਾਸ ਘਾਤ ਅਤੇ ਵਆਦਾਖ਼ਿਲਾਫੀ ਕੀਤੀ ਗਈ ਹੈ।
ਕੈਂਥ ਨੇ ਕਿਹਾ ਕਿ ਜਦੋ ਕੈਪਟਨ ਸਰਕਾਰ ਵੱਲੋ ਪਿਛਲੇ ਸਾਲਾ 2017-2018,2018-2019,2019- 2020 ਦਾ ਬਕਾਏ ਦੇਣ ਦਾ ਭਰੋਸਾ ਜਨਵਰੀ 2021 ਵਿਚ ਦਿਵਾਇਆ ਗਿਆ ਸੀ ਪਰੰਤੂ ਹੁਣ 1600 ਪ੍ਰਾਇਵੇਟ ਵਿਦਿਅਕ ਸੰਸਥਾਵਾਂ ਨੇ ਅਨੁਸੂਚਿਤ ਜਾਤੀਆਂ( Scheduled Caste) ਦੇ ਵਿਦਿਅਰਥੀਆਂ ਨੂੰ ਵਜ਼ੀਫੇ ਨਾ ਆਉਣ ਕਾਰਨ ਰੋਲ ਨੰਬਰ ਨਾ ਦੇਣ ਦਾ ਐਲਾਨ ਕਰ ਦਿੱਤਾ ਹੈ। ਹੁਣ ਗਰੀਬ ਵਿਦਿਅਰਥੀਆਂ ਲਈ ਪੜ੍ਹਾਈ ਜਾਰੀ ਰੱਖਣ ਦਾ ਸੰਕਟ ਪੈਦਾ ਹੋ ਗਿਆ ਹੈ।
ਕੈਂਥ ( Kainth) ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ( Captain Amarinder Singh) ਇਸ ਗੰਭੀਰ ਮਸਲੇ ਨੂੰ ਤੁਰੰਤ ਨਜਿੱਠਣ ਤੇ ਪੱਛੜੇ ਸਮਾਜ ਦੇ ਵਿਦਿਅਰਥੀਆਂ ਦਾ ਭਵਿੱਖ ਬਚਾਉਣ ਲਈ ਬਕਾਇਆ ਰਕਮ ਜਾਰੀ ਕਰਨ। 22 ਕਾਂਗਰਸੀ ਅਨੁਸੂਚਿਤ ਜਾਤੀ ਵਰਗ ਨਾਲ ਸੰਬੰਧਿਤ ਕੈਬਨਿਟ ਮੰਤਰੀ ਅਤੇ ਵਿਧਾਇਕਾਂ ਵਲੋਂ ਸਾਰਥਿਕ ਕਦਮ ਚੁੱਕਣ ਵਿੱਚ ਅਸਫਲ ਰਹਿਣ ਕਾਰਨ ਉਹਨਾਂ ਵਿਰੁੱਧ ਰੋਸ ਪ੍ਰਗਟ ਕਰਨ ਲਈ ਜਲਦੀ ਹੀ ਪ੍ਰੋਗਰਾਮ ਉਲੀਕਣ ਦਾ ਫੈਸਲਾ ਕੀਤਾ ਜਾਵੇਗਾ।
ਉਹਨਾਂ ਦੱਸਿਆ ਕਿ ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਵੱਲੋ ਜਲਦੀ ਹੀ ਇਸ ਗੰਭੀਰ ਸਮੱਸਿਆ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਆਉਂਦੇ ਵਿਦਿਅਰਥੀਆਂ ਦਾ ਭਵਿੱਖ ਬਚਾਉਣ ਲਈ ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲਡ ਕਾਸਟਸ ਨਵੀਂ ਦਿੱਲੀ ਦੇ ਦਫ਼ਤਰ ਵਿੱਚ ਪਟੀਸ਼ਨ ਦਾਇਰ ਕੀਤੀ ਜਾ ਰਹੀ ਹੈ।