ਅਡਾਨੀ ਦੇ ਗੁਦਾਮਾਂ ਅੱਗੇ ਬੈਠੇ ਕਿਸਾਨਾਂ ਨਾਲ ਗੱਲ ਕਰ ਰਹੀ ਹੈ ਪੰਜਾਬ ਸਰਕਾਰ

ਏਜੰਸੀ

ਖ਼ਬਰਾਂ, ਪੰਜਾਬ

ਅਡਾਨੀ ਦੇ ਗੁਦਾਮਾਂ ਅੱਗੇ ਬੈਠੇ ਕਿਸਾਨਾਂ ਨਾਲ ਗੱਲ ਕਰ ਰਹੀ ਹੈ ਪੰਜਾਬ ਸਰਕਾਰ

image

ਚੰਡੀਗੜ੍ਹ, 5 ਜੂਨ (ਸੁਰਜੀਤ ਸਿੰਘ ਸੱਤੀ) : ਅਡਾਨੀ ਵਿਲਮਰ ਦੇ ਫ਼ਿਰੋਜ਼ਪੁਰ  ਸਥਿਤ ਗੁਦਾਮ ਅਤੇ ਅਡਾਨੀ ਲਾਜਿਸਟਿਕਸ ਦੇ ਲੁਧਿਆਣਾ ਸਥਿਤ ਗੁਦਾਮ  ਅੱਗੇ ਬੈਠੇ ਮੁਜ਼ਾਹਰਾਕਾਰੀਆਂ ਵਲੋਂ ਉਨ੍ਹਾਂ ਦੇ ਗੁਦਾਮ ਨੂੰ ਬੰਦ ਕਰਨ ਵਿਰੁਧ ਦਾਖ਼ਲ ਪਟੀਸ਼ਨ ’ਤੇ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਦਸਿਆ ਕਿ ਇਨ੍ਹਾਂ ਮੁਜ਼ਾਹਰਾਕਾਰੀਆਂ ਨਾਲ ਗੱਲ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਇਸ ਦਾ ਹੱਲ ਕੱਢ ਲਿਆ ਜਾਵੇਗਾ । 
ਹਾਈ ਕੋਰਟ ਨੇ ਇਸ ਜਾਣਕਾਰੀ ਉਪਰੰਤ ਸੁਣਵਾਈ 10 ਜੂਨ ਤਕ ਮੁਲਤਵੀ ਕਰ ਦਿਤੀ ਹੈ। ਅਡਾਨੀ ਵਿਲਮਰ ਨੇ ਹਾਈ ਕੋਰਟ ਵਿਚ ਦਾਖ਼ਲ ਪਟੀਸ਼ਨ ਵਿਚ ਉਨ੍ਹਾਂ ਦੇ ਇਸ ਗੁਦਾਮ ਵਿਚ ਰਖਿਆ 8752 ਮੀਟਰਿਕ ਟਨ ਚਾਵਲ ਗੁਦਾਮ ਤੋਂ ਬਾਹਰ ਲਿਜਾਉਣ ਦੀ ਇਜਾਜ਼ਤ ਵੀ ਮੰਗੀ ਹੈ ਅਤੇ ਕਿਹਾ ਹੈ ਕਿ ਮੁਜ਼ਾਹਰਾਕਾਰੀਆਂ ਵਲੋਂ ਗੁਦਾਮ ਦੇ ਆਉਣ-ਜਾਣ ਦੇ ਰਸਤੇ ਨੂੰ ਬਲਾਕ ਕਰਨ ਕਾਰਨ ਪਹਿਲਾਂ ਹੀ ਕਾਫ਼ੀ ਸਾਮਾਨ ਖ਼ਰਾਬ ਹੋ ਚੁਕਿਆ ਹੈ ਹੁਣ ਵੀ ਜੇਕਰ ਇਹ ਰਸਤੇ ਖਾਲੀ ਨਹੀਂ ਕੀਤੇ ਗਏ ਤਾਂ ਉਨ੍ਹਾਂ ਦਾ ਹੋਰ ਵੀ ਕਾਫ਼ੀ ਸਾਮਾਨ ਖ਼ਰਾਬ ਹੋ ਜਾਵੇਗਾ। ਹਾਈ ਕੋਰਟ ਨੂੰ ਦਸਿਆ ਗਿਆ ਹੈ ਕਿ ਇਸ ਮਾਮਲੇ ਵਿਚ ਹਾਈਕੋਰਟ ਨੇ ਪਟੀਸ਼ਨ ਉੱਤੇ ਸੁਣਵਾਈ ਕਰਦੇ ਹੋਏ ਕਿਹਾ ਸੀ ਕਿ ਗੁਦਾਮਾਂ ਵਿਚ ਖਾਦ ਪਦਾਰਥ ਰੱਖੇ ਹੋਏ ਹਨ, ਜੇਕਰ ਉਨ੍ਹਾਂ ਨੂੰ ਛੇਤੀ ਬਾਹਰ ਨਹੀਂ ਕੱਢਿਆ ਗਿਆ ਤਾਂ ਉਹ ਖ਼ਰਾਬ ਹੋ ਸਕਦੇ ਹਨ।  
ਹਾਈ ਕੋਰਟ ਨੇ ਪੰਜਾਬ  ਦੇ ਡੀ.ਜੀ.ਪੀ. ਨੂੰ ਹੁਕਮ ਦਿਤਾ ਸੀ ਕਿ ਉਹ ਇਸ ਮਾਮਲੇ ਵਿਚ ਮੁੱਖ ਸਕੱਤਰ ਨਾਲ ਸਲਾਹ ਕਰ ਕੇ ਤਿੰਨ ਹਫ਼ਤਿਆਂ ਵਿਚ ਇਸ ਮਾਮਲੇ ਵਿਚ ਕਾਰਵਾਈ ਕਰੇ। ਇਸ ਤੋਂ ਬਾਅਦ ਕੋਰੋਨਾ ਹਾਲਾਤ ਕਾਰਨ ਇਸ ਕੇਸ ਦੀ ਸੁਣਵਾਈ 3 ਸਤੰਬਰ ਤਕ ਮੁਲਤਵੀ ਕਰ ਦਿਤੀ ਗਈ ਸੀ। ਅਡਾਨੀ ਵਿਲਮਰ ਨੇ ਹਾਈ ਕੋਰਟ ਵਿਚ ਦੁਬਾਰਾ ਅਰਜ਼ੀ ਦਾਖ਼ਲ ਕਰ ਕੇ ਕਿਹਾ ਹੈ ਕਿ ਸੁਣਵਾਈ 3 ਸਤੰਬਰ ਤਕ ਮੁਲਤਵੀ ਹੋ ਚੁੱਕੀ ਹੈ, ਤਦ ਤਕ ਉਨ੍ਹਾਂ ਦਾ ਕਾਫ਼ੀ ਸਟਾਕ ਖ਼ਰਾਬ ਹੋ ਜਾਵੇਗਾ। ਅਜਿਹੇ ਵਿਚ ਇਸ ਕੇਸ ਵਿਚ ਛੇਤੀ ਸੁਣਵਾਈ ਕੀਤੀ ਜਾਵੇ।  ਇਸ ਉਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਮੁਜ਼ਾਹਰਾਕਾਰੀਆਂ ਨਾਲ ਗੱਲ ਕਰ ਕੇ ਇਸ ਮਸਲੇ ਦਾ ਹੱਲ ਕੱਢਣ  ਦਾ ਹੁਕਮ ਦਿਤਾ ਸੀ।