ਪੰਜਾਬ ਵਿਚ ਘਰੇਲੂ ਮਹਿਲਾਵਾਂ ਨੂੰ ਡੇਅਰੀ ਫਾਰਮਿੰਗ ਨਾਲ ਜੋੜਿਆ ਜਾਵੇਗਾ: ਕੁਲਦੀਪ ਧਾਲੀਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣ ਲਈ ਸੂਬਾ ਸਰਕਾਰ ਵੱਲੋਂ ਮਹਿਲਾ ਦੁੱਧ ਉਤਪਾਦਕਾਂ ਨੂੰ 2 ਤੋਂ 5 ਪਸ਼ੂਆਂ ਦੀ ਖਰੀਦ ਲਈ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ

Punjab government to motivate household women to set up small commercial dairy farms: Kuldeep Dhaliwal


 

ਚੰਡੀਗੜ/ਐਸ.ਏ.ਐਸ ਨਗਰ, 6 ਜੂਨ:  ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਨੂੰ ਕਮਰਸ਼ੀਅਲ ਡੇਅਰੀ ਫਾਰਮ ਸਥਾਪਿਤ ਕਰਨ ਦੇ ਨਾਲ ਨਾਲ ਮਹਿਲਾਵਾਂ ਨੂੰ ਵੀ ਦੁੱਧ ਦੇ ਕਿੱਤੇ ਨਾਲ ਜੋੜਨ ਲਈ ਵਿਸੇਸ਼ ਉਪਰਾਲੇ ਕੀਤੇ ਜਾਣਗੇ।ਅੱਜ ਵਿਭਾਗ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਡੇਅਰੀ ਵਿਕਾਸ ਵਿਭਾਗ ਦੇ ਅਧਿਕਾਰੀਆਂ ਨਾਲ ਲਾਈਵਸਟਾਕ ਕੰਪਲੈਕਸ, ਮੋਹਾਲੀ ਵਿਖੇ ਸਰਕਾਰ ਵੱਲੋਂ ਸੂਬੇ ਵਿੱਚ ਡੇਅਰੀ ਫਾਰਮਿੰਗ ਨਾਲ ਸਬੰਧਤ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਦੀ ਪ੍ਰਗਤੀ ਸਬੰਧੀ ਇੱਕ ਸਮੀਖਿਆ ਮੀਟਿੰਗ ਦੌਰਾਨ ਇਹ ਨਿਰਦੇਸ਼ ਅਧਿਕਾਰੀਆਂ ਨੂੰ ਦਿੱਤੇ।

ਕੁਲਦੀਪ ਧਾਲੀਵਾਲ ਨੇ ਦੱਸਿਆ ਕਿ ਆਮ ਤੌਰ ਤੇ ਪੰਜਾਬ ਵਿੱਚ ਜੱਦੀ ਪੁਸ਼ਤੀ ਪਸ਼ੂ ਦੀ ਸਾਂਭ-ਸੰਭਾਲ ਘਰੇਲੂ ਔਰਤਾਂ ਵੱਲੋਂ ਹੀ ਕੀਤੀ ਜਾਂਦੀ ਸੀ। ਇਸ ਲਈ ਜਰੂਰੀ ਹੈ ਕਿ ਵਿਭਾਗ ਵੱਲੋਂ ਮਹਿਲਾਵਾਂ ਲਈ ਇੱਕ ਨਿਰੋਲ ਸਕੀਮ ਉਲੀਕੀ ਜਾਵੇ। ਉਨਾਂ ਦੱਸਿਆ ਕਿ ਇਸ ਸਕੀਮ ਅਧੀਨ ਰਾਜ ਸਰਕਾਰ ਵੱਲੋਂ ਮਹਿਲਾ ਦੁੱਧ ਉਤਪਾਦਕਾਂ ਨੂੰ 2 ਤੋਂ 5 ਪਸ਼ੂਆਂ ਦੀ ਖਰੀਦ ਕਰਨ ਲਈ ਰਾਸ਼ੀ ਮੁਹੱਈਆ ਕਰਵਾਈ ਜਾਵੇਗੀ ਜਿਸ ਨਾਲ ਸੂਬੇ ਦੀਆਂ ਮਹਿਲਾਵਾਂ ਆਤਮ ਨਿਰਭਰ ਹੋ ਸਕਣਗੀਆਂ।

ਉਨਾਂ ਨਾਲ ਹੀ ਦੱਸਿਆ ਕਿ ਇਸ ਤੋਂ ਇਲਾਵਾ ਮਹਿਲਾ ਦੁੱਧ ਉਤਪਾਦਕਾਂ ਨੂੰ ਪਸ਼ੂਆਂ ਦੇ ਬੀਮੇ ਤੇ ਵਿੱਤੀ ਸਹਾਇਤਾ ਵੀ ਦਿੱਤੀ ਜਾਵੇਗੀ ਅਤੇ ਨਾਲ ਹੀ ਮਨਰੇਗਾ ਵੱਲੋਂ ਚਲਾਈ ਜਾ ਰਹੀ ਸਕੀਮ ਅਧੀਨ ਪਸ਼ੂ ਢਾਰਿਆਂ ਤੇ ਵੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਮੰਤਰੀ ਵੱਲੋਂ ਨਿਰਦੇਸ਼ ਦਿੱਤੇ ਗਏ ਕਿ ਇਸ ਸਕੀਮ ਨੂੰ ਬਲਾਕ ਪੱਧਰ ਤੇ ਲਾਗੂ ਕੀਤਾ ਜਾਵੇਗਾ, ਜਿਸ ਵਿੱਚ ਹਰ ਬਲਾਕ ਵਿੱਚ 300 ਯੂਨਿਟ ਸਥਾਪਿਤ ਕੀਤੇ ਜਾਣਗੇ।ਮੰਤਰੀ ਨੇ ਨਾਲ ਹੀ ਨਿਰਦੇਸ਼ ਦਿੱਤੇ ਕਿ ਇਸ ਸਕੀਮ ਨੂੰ ਜੂਨ ਦੇ ਆਖਿਰ ਤੱਕ ਲਾਗੂ ਕਰ ਦਿੱਤਾ ਜਾਵੇਗਾ।

ਕੁਲਦੀਪ ਧਾਲੀਵਾਲ ਵੱਲੋਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਡੇਅਰੀ ਫਾਰਮਿੰਗ ਨਾਲ ਸਬੰਧਤ ਸੂਬਾ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਦਾ ਲਾਭ ਪਸ਼ੂ ਪਾਲਕਾਂ ਲਈ ਹਰ ਹਾਲ ਵਿੱਚ ਯਕੀਨੀ ਬਣਾਇਆ ਜਾਵੇ। ਇਸ ਮੀਟਿੰਗ ਦੌਰਾਨ ਵਿਸੇਸ਼ ਮੁੱਖ ਸਕੱਤਰ ਵੀ ਕੇ ਜੰਜੂਆ, ਡਾਇਰੈਕਟਰ ਡੇਅਰੀ ਕੁਲਦੀਪ ਸਿੰਘ, ਡਿਪਟੀ ਡਾਇਰੈਕਟਰ ਕਸ਼ਮੀਰ ਸਿੰਘ ਅਤੇ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।