ਸਾਕਾ ਨੀਲਾ ਤਾਰਾ ਦੀ 38ਵੀਂ ਬਰਸੀ ਅੱਜ, ਸ੍ਰੀ ਹਰਿਮੰਦਰ ਸਾਹਿਬ ਵਿਖੇ ਵਧਾਈ ਗਈ ਸੁਰੱਖਿਆ
ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਦੀ ਮਨਾਹੀ
ਅੰਮ੍ਰਿਤਸਰ: ਅੱਜ ਸਾਕਾ ਨੀਲਾ ਤਾਰਾ ਦੀ 38ਵੀਂ ਬਰਸੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਖੰਡ ਪਾਠ ਦੇ ਭੋਗ ਪਾਏ ਜਾਣਗੇ। ਇਸ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਲੁਧਿਆਣਾ, ਮੁਹਾਲੀ, ਮੋਗਾ, ਅੰਮ੍ਰਿਤਸਰ, ਐਸ.ਐਸ.ਨਗਰ ਵਿੱਚ ਧਾਰਾ 144 ਲਾਗੂ ਕਰ ਦਿੱਤੀ ਹੈ। ਧਾਰਾ 144 ਤਹਿਤ ਜ਼ਿਲ੍ਹੇ ਵਿੱਚ ਕਿਸੇ ਵੀ ਤਰ੍ਹਾਂ ਦੇ ਪ੍ਰਦਰਸ਼ਨ, ਰੈਲੀ, ਮੀਟਿੰਗ, ਧਰਨਾ, ਨਾਅਰੇਬਾਜ਼ੀ, ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਦੀ ਮਨਾਹੀ ਹੈ।
ਸੁਰੱਖਿਆ ਦੇ ਮੱਦੇਨਜ਼ਰ ਸ੍ਰੀ ਹਰਿਮੰਦਰ ਸਾਹਿਬ ਤੱਕ ਆਉਣ-ਜਾਣ ਵਾਲੇ ਸਾਰੇ ਰਸਤਿਆਂ ‘ਤੇ ਪੁਲਿਸ ਅਤੇ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ । ਕੈਂਪਸ ਅੰਦਰ SGPC ਵੱਲੋਂ ਵੀ ਆਪਣੀ ਟਾਸਕ ਫੋਰਸ ਤਾਇਨਾਤ ਕੀਤੀ ਗਈ ਹੈ।
ਬਰਸੀ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਅਤੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੁਝ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨਗੇ। ਇਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਕੌਮ ਦੇ ਨਾਂ ਸੰਦੇਸ਼ ਵੀ ਜਾਰੀ ਕਰਨਗੇ । ਪੁਲਿਸ ਨੇ ਪਿਛਲੇ ਸਾਲਾਂ ਵਾਂਗ ਕਿਸੇ ਵੀ ਘਟਨਾ ਤੋਂ ਬਚਣ ਲਈ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਅਤੇ ਬਾਹਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹਨ।