ਡਾ. ਰਾਜੀਵ ਸੂਦ ਹੋਣਗੇ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਨਵੇਂ ਵਾਈਸ ਚਾਂਸਲਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਨੇ ਰਾਜਪਾਲ ਨੂੰ ਭੇਜੀ ਸੀ ਪੰਜ ਨਾਵਾਂ ਦੀ ਸੂਚੀ 

Baba Farid University gets new Vice Chancellor

ਦਿੱਲੀ ਨਾਲ ਸਬੰਧਤ ਹਨ ਡਾ. ਰਾਜੀਵ ਸੂਦ
ਚੰਡੀਗੜ੍ਹ:
ਡਾ. ਰਾਜੀਵ ਸੂਦ ਬਾਬਾ ਫ਼ਰੀਦ ਯੂਨੀਵਰਸਿਟੀ ਹੈਲਥ ਐਂਡ ਸਾਇੰਸ ਦੇ ਨਵੇਂ ਵਾਈਸ ਚਾਂਸਲਰ (ਵੀ.ਸੀ.) ਹੋਣਗੇ। ਪੰਜਾਬ ਸਰਕਾਰ ਨੇ ਪੰਜ ਨਾਵਾਂ ਦਾ ਪੈਨਲ ਰਾਜਪਾਲ ਨੂੰ ਭੇਜਿਆ ਸੀ। ਜਿਸ ਵਿਚੋਂ ਡਾ. ਰਾਜੀਵ ਸੂਦ ਦੇ ਨਾਮ ਨੂੰ ਰਾਜਪਾਲ ਨੇ ਪ੍ਰਵਾਨਗੀ ਦੇ ਦਿਤੀ ਹੈ। ਡਾ. ਸੂਦ ਰਾਮ ਮਨੋਹਰ ਲੋਹੀਆ ਹਸਪਤਾਲ, ਦਿੱਲੀ ਦੇ ਪ੍ਰੋਫੈਸਰ ਹਨ।

ਇਸ ਪੈਨਲ ਵਿਚ ਪੀ.ਜੀ.ਆਈ. ਦੇ ਡੀਨ ਪ੍ਰੋਫੈਸਰ ਰਾਕੇਸ਼ ਸਹਿਗਲ, ਪੀ.ਜੀ.ਆਈ. ਨਿਊਕਲੀਅਰ ਮੈਡੀਸਨ ਵਿਭਾਗ ਦੇ ਪ੍ਰੋਫੈਸਰ ਬਲਜਿੰਦਰ ਸਿੰਘ, ਰਾਜਿੰਦਰਾ ਮੈਡੀਕਲ ਕਾਲਜ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਕੇ.ਕੇ. ਅਗਰਵਾਲ, ਚੰਡੀਗੜ੍ਹ ਜੀ.ਐਮ.ਸੀ.ਐਚ.-32 ਦੇ ਸਾਬਕਾ ਐਚ.ਓ.ਡੀ. ਮਾਈਕਰੋਬਾਇਓਲੋਜੀ ਵਿਭਾਗ ਦੇ ਪ੍ਰੋਫੈਸਰ ਜਗਦੀਸ਼ ਚੰਦਰ ਅਤੇ ਦਿੱਲੀ ਦੇ ਪ੍ਰੋਫੈਸਰ ਰਾਜੀਵ ਸੂਦ ਸ਼ਾਮਲ ਹਨ।

ਇਹ ਵੀ ਪੜ੍ਹੋ:  ਸੂਬੇ ਨੂੰ ਵਿਸ਼ਵ ਪੱਧਰੀ ਸੈਰਗਾਹ ਵਜੋਂ ਉਭਾਰਨ ਦੇ ਮੰਤਵ ਨਾਲ ਸੱਭਿਆਚਾਰਕ ਮੇਲਿਆਂ ਦੀ ਲੜੀ ਕਰਵਾਉਣ ਨੂੰ ਪ੍ਰਵਾਨਗੀ

ਰਾਜਪਾਲ ਨੂੰ ਪੈਨਲ ਭੇਜਣ ਤੋਂ ਪਹਿਲਾਂ ਮੁੱਖ ਸਕੱਤਰ ਵੀਕੇ ਜੰਜੂਆ ਦੀ ਅਗਵਾਈ ਵਾਲੀ ਕਮੇਟੀ ਨੇ ਸਾਰੇ ਪੰਜ ਨਾਵਾਂ 'ਤੇ ਚਰਚਾ ਕੀਤੀ। ਸਾਰਿਆਂ ਦੀ ਸਹਿਮਤੀ ਤੋਂ ਬਾਅਦ ਕਿਸੇ ਇਕ ਨਾਂ 'ਤੇ ਫ਼ੈਸਲੇ ਲਈ ਫ਼ਾਈਲ ਪੰਜਾਬ ਦੇ ਰਾਜਪਾਲ ਨੂੰ ਭੇਜੀ ਗਈ ਸੀ। ਡਾ. ਸੂਦ ਕੋਲ ਮੈਡੀਕਲ ਪ੍ਰੈਕਟਿਸ ਵਿਚ 40 ਸਾਲਾਂ ਦਾ ਤਜਰਬਾ ਹੈ ਅਤੇ ਉਹ ਵੱਖ-ਵੱਖ ਸਮਰੱਥਾ ਨਾਲ ਪ੍ਰਸ਼ਾਸਨਿਕ ਤਜਰਬਾ ਵੀ ਰੱਖਦੇ ਹਨ। ਉਨ੍ਹਾਂ ਦੇ ਅਧਿਆਪਨ ਦੇ ਤਜਰਬੇ ਵਿਚ 26 ਸਾਲ ਪੋਸਟ ਐਮ.ਸੀ.ਐਚ. ਅਤੇ 12 ਸਾਲ ਪ੍ਰੋਫੈਸਰ ਵਜੋਂ ਸ਼ਾਮਲ ਹਨ। ਉਹ ਸਾਢੇ ਪੰਜ ਸਾਲਾਂ ਤੋਂ ਪੀ.ਜੀ.ਆਈ.ਐਮ.ਈ.ਆਰ., ਦਿੱਲੀ ਦੇ ਡੀਨ ਅਤੇ ਇਕ ਸਾਲ ਤੋਂ ਵੱਧ ਸਮੇਂ ਲਈ ਏ.ਬੀ.ਵੀ.ਆਈ.ਐਮ.ਐਸ. ਦੇ ਸੰਸਥਾਪਕ ਡੀਨ ਰਹੇ ਹਨ। ਉਹ 10 ਸਾਲਾਂ ਤੋਂ ਯੂਰੋ ਸਲਾਹਕਾਰ ਵਜੋਂ ਸੰਸਦ ਨਾਲ ਜੁੜੇ ਹੋਏ ਹਨ ਅਤੇ 5 ਸਾਲਾਂ ਤੋਂ ਭਾਰਤ ਦੇ ਰਾਸ਼ਟਰਪਤੀ ਦੇ ਯੂਰੋ ਸਲਾਹਕਾਰ ਰਹੇ ਹਨ।

ਉਨ੍ਹਾਂ ਨੇ 50 ਤੋਂ ਵੱਧ ਖੋਜ ਪ੍ਰਾਜੈਕਟਾਂ ਅਤੇ 1000 ਥੀਸਿਸ ਅਤੇ ਪ੍ਰੋਜੈਕਟਾਂ ਦੀ ਨਿਗਰਾਨੀ ਕੀਤੀ ਹੈ। ਇਸ ਤੋਂ ਇਲਾਵਾ ਡਾ. ਸੂਦ ਨੇ ਸਫ਼ਲਤਾਪੂਰਵਕ 500 ਤੋਂ ਵੱਧ ਵਰਕਸ਼ਾਪਾਂ/ਸਿਖਲਾਈ ਮਾਡਿਊਲਾਂ ਦਾ ਸੰਚਾਲਨ ਕੀਤਾ ਅਤੇ ਕਈ ਰਾਸ਼ਟਰੀ/ਅੰਤਰਰਾਸ਼ਟਰੀ ਖੋਜ ਪੱਤਰ ਪ੍ਰਕਾਸ਼ਤ ਕੀਤੇ ਹਨ।  ਡਾ. ਰਾਜੀਵ ਸੂਦ ਨੇ ਮੌਲਾਨਾ ਆਜ਼ਾਦ ਮੈਡੀਕਲ ਕਾਲਜ, ਦਿੱਲੀ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਡਾ ਰਾਮ ਮਨੋਹਰ ਲੋਹੀਆ ਹਸਪਤਾਲ ਅਤੇ ਪੀ.ਜੀ.ਐਮ.ਆਈ.ਈ.ਆਰ.-ਦਿੱਲੀ ਤੋਂ ਐਮ.ਐਸ. (ਜਨਰਲ ਸਰਜਰੀ) ਪਾਸ ਕੀਤੀ ਅਤੇ ਬਾਅਦ ਵਿਚ ਏਮਜ਼, ਨਵੀਂ ਦਿੱਲੀ ਤੋਂ ਐਮ.ਸੀ.ਐਚ. (ਯੂਰੋਲੋਜੀ) ਕੀਤੀ।