ਸਕਾਲਰਸ਼ਿਪ ਨਾ ਆਉਣ ਕਾਰਨ ਕਿਸੇ ਵੀ ਵਿਦਿਆਰਥੀ ਨੂੰ ਪੇਪਰ 'ਚ ਬੈਠਣ ਤੋਂ ਨਾ ਰੋਕਣ ਸਰਕਾਰੀ ਅਤੇ ਨਿਜੀ ਵਿਦਿਅਕ ਸੰਸਥਾਵਾਂ : ਹਰਜੋਤ ਸਿੰਘ ਬੈਂਸ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੁਕਮਅਦੂਲੀ ਕਰਨ ਵਾਲੇ ਕਾਲਜ/ਯੂਨੀਵਰਸਟੀ ਵਿਰੁਧ ਕੀਤੀ ਜਾਵੇਗੀ ਸਖ਼ਤ ਕਾਰਵਾਈ 

Cabinet Minister Harjot Singh Bains

ਅਧਿਕਾਰੀਆਂ ਨੂੰ ਹਦਾਇਤ- ਤੁਰਤ ਜਾਰੀ ਕੀਤਾ ਜਾਵੇ ਨੋਟਿਸ 
ਚੰਡੀਗੜ੍ਹ :
ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਇਕ ਪੱਤਰ ਜਾਰੀ ਕਰ ਕੇ ਸੂਬੇ ਦੀਆਂ ਸਾਰੀਆਂ ਸਰਕਾਰੀ ਅਤੇ ਨਿਜੀ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਹਦਾਇਤ ਕੀਤੀ ਹੈ ਕਿ ਸਕਾਲਰਸ਼ਿਪ ਨਾ ਆਉਣ ਕਾਰਨ ਕਿਸੇ ਵੀ ਵਿਦਿਆਰਥੀ ਨੂੰ ਪੇਪਰ ਵਿਚ ਬੈਠਣ ਤੋਂ ਨਾ ਰੋਕਿਆ ਜਾਵੇ।

ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਕੁਝ ਨਿਜੀ ਅਤੇ ਸਰਕਾਰੀ ਸੰਸਥਾਵਾਂ ਨੇ ਸਕਾਲਰਸ਼ਿਪ ਨਾ ਆਉਣ ਕਾਰਨ ਵਿਦਿਆਰਥੀਆਂ ਨੂੰ ਪੇਪਰ ਵਿਚ ਬੈਠਣ ਤੋਂ ਰੋਕਣ ਦਾ ਯਤਨ ਕੀਤਾ ਹੈ।

ਇਹ ਵੀ ਪੜ੍ਹੋ:  ਸੜਕ ਹਾਦਸੇ ਵਿਚ ਦੋ ਪ੍ਰਾਪਰਟੀ ਡੀਲਰਾਂ ਦੀ ਮੌਤ

ਤਕਨੀਕੀ ਸਿੱਖਿਆ ਮੰਤਰੀ ਨੇ ਵਧੀਕ ਮੁੱਖ ਸਕੱਤਰ, ਤਕਨੀਕੀ ਸਿੱਖਿਆ ਅਤੇ ਪ੍ਰਮੁੱਖ ਸਕੱਤਰ, ਉਚੇਰੀ ਸਿੱਖਿਆ ਨੂੰ ਪੱਤਰ ਲਿਖ ਕੇ ਹਦਾਇਤ ਕੀਤੀ ਹੈ ਕਿ ਸੂਬੇ ਦੇ ਸਾਰੇ ਸਰਕਾਰੀ ਅਤੇ ਨਿਜੀ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਹਦਾਇਤ ਕਰ ਦਿਤੀ ਜਾਵੇ ਕਿ ਜੇਕਰ ਕਿਸੇ ਵਿਦਿਆਰਥੀ ਦੀ ਸਕਾਲਰਸ਼ਿਪ ਦਾ ਕੋਈ ਵੀ ਮਾਮਲਾ ਪੈਂਡਿੰਗ ਚੱਲ ਰਿਹਾ ਹੋਵੇ ਤਾਂ ਉਸ ਵਿਦਿਆਰਥੀ ਨੂੰ ਪ੍ਰੀਖਿਆ ਵਿਚ ਬੈਠਣ ਤੋਂ ਨਾ ਰੋਕਿਆ ਜਾਵੇ।

ਜੇਕਰ ਇਨ੍ਹਾਂ ਹਦਾਇਤਾਂ ਦੀ ਕਿਸੇ ਵੀ ਕਾਲਜ/ਯੂਨੀਵਰਸਟੀ ਵਲੋਂ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸ ਵਿਰੁਧ ਪੰਜਾਬ ਸਰਕਾਰ ਵਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।ਹਰਜੋਤ ਸਿੰਘ ਬੈਂਸ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਸਬੰਧੀ ਤੁਰਤ ਨੋਟਿਸ ਜਾਰੀ ਕੀਤਾ ਜਾਵੇ।