ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਪੰਜਾਬ ਦੀਆਂ ਤਿੰਨ ਟੀਮਾਂ ਕਰਨਗੀਆਂ ਦੂਜੇ ਸੂਬਿਆਂ ਦਾ ਦੌਰਾ

ਏਜੰਸੀ

ਖ਼ਬਰਾਂ, ਪੰਜਾਬ

ਦੂਜੇ ਸੂਬਿਆਂ ਵਿਚ ਟੀਮਾਂ ਜੂਨ ਦੇ ਦੂਜੇ ਹਫ਼ਤੇ ਤੱਕ ਆਪਣਾ ਕੰਮ ਮੁਕੰਮਲ ਕਰ ਲੈਣਗੀਆਂ।

Bhagwant Mann

 

ਚੰਡੀਗੜ੍ਹ - ਪੰਜਾਬ ਸਰਕਾਰ ਵੱਲੋਂ ਹੁਣ ਹੋਰਾਂ ਸੂਬਿਆਂ ’ਚ ਲਾਗੂ ਹੋਈ ਪੁਰਾਣੀ ਪੈਨਸ਼ਨ ਸਕੀਮ ਦੀ ਪੜਤਾਲ ਕੀਤੀ ਜਾਵੇਗੀ ਜਿਸ ਲਈ ਸੂਬੇ ਦੀਆਂ ਟੀਮਾਂ ਦੂਸਰੇ ਸੂਬਿਆਂ ਦਾ ਦੌਰਾ ਕਰਨਗੀਆਂ। ਵਿੱਤ ਵਿਭਾਗ ਨੇ ਇਨ੍ਹਾਂ ਟੀਮਾਂ ਦਾ ਗਠਨ ਕਰ ਦਿੱਤਾ ਹੈ। ਹਾਲਾਂਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ 20 ਨਵੰਬਰ 2022 ਨੂੰ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਜਾ ਚੁੱਕਾ ਹੈ।

ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਲਈ ਕਿਸ ਤਰ੍ਹਾਂ ਦਾ ਵਿਧੀ ਵਿਧਾਨ ਤਿਆਰ ਕੀਤਾ ਜਾਵੇ, ਇਹ ਜਾਣਨ ਲਈ ਵਿੱਤ ਵਿਭਾਗ ਦੀਆਂ ਟੀਮਾਂ ਦੂਸਰੇ ਸੂਬਿਆਂ ਦੀ ਪੁਰਾਣੀ ਪੈਨਸ਼ਨ ਸਕੀਮ ਦਾ ਮੁਲਾਂਕਣ ਕਰਨਗੀਆਂ। ਵਿੱਤ ਵਿਭਾਗ ਨੇ ਹਾਲ ਹੀ ਵਿਚ ਇੱਕ ਪੱਤਰ ਜਾਰੀ ਕੀਤਾ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਇਸ ਦੇ ਲਈ ਤਿੰਨ ਟੀਮਾਂ ਦਾ ਗਠਨ ਕੀਤਾ ਗਿਆ ਹੈ ਜਿਨ੍ਹਾਂ ਵੱਲੋਂ ਛੱਤੀਸਗੜ੍ਹ, ਝਾਰਖੰਡ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਦਾ ਦੌਰਾ ਕੀਤਾ ਜਾਵੇਗਾ। ਦੂਜੇ ਸੂਬਿਆਂ ਵਿਚ ਟੀਮਾਂ ਜੂਨ ਦੇ ਦੂਜੇ ਹਫ਼ਤੇ ਤੱਕ ਆਪਣਾ ਕੰਮ ਮੁਕੰਮਲ ਕਰ ਲੈਣਗੀਆਂ।

ਇਨ੍ਹਾਂ ਟੀਮਾਂ ਨੂੰ ਸਿਰਫ਼ ਦਸ ਦਿਨਾਂ ਦਾ ਸਮਾਂ ਰਿਪੋਰਟ ਦੇਣ ਲਈ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੀ ‘ਆਪ’ ਸਰਕਾਰ ਨੇ ਗੁਜਰਾਤ ਚੋਣਾਂ ਤੋਂ ਪਹਿਲਾਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਫ਼ੈਸਲਾ ਕੀਤਾ ਸੀ ਅਤੇ 18 ਨਵੰਬਰ 2022 ਨੂੰ ਪੰਜਾਬ ਕੈਬਨਿਟ ਨੇ ਇਸ ਸਕੀਮ ਨੂੰ ਲਾਗੂ ਕਰਨ ਲਈ ਹਰੀ ਝੰਡੀ ਦਿੱਤੀ ਸੀ। ਸਰਕਾਰ ਦਾ ਦਾਅਵਾ ਸੀ ਕਿ ਪੁਰਾਣੀ ਪੈਨਸ਼ਨ ਸਕੀਮ ਦਾ ਕਰੀਬ 1.75 ਲੱਖ ਮੁਲਾਜ਼ਮਾਂ ਨੂੰ ਸਿੱਧਾ ਲਾਭ ਮਿਲੇਗਾ। ਨਵੀਂ ਪੈਨਸ਼ਨ ਸਕੀਮ ਤਹਿਤ ਸੇਵਾਵਾਂ ਦੇ ਰਹੇ ਮੁਲਾਜ਼ਮਾਂ ਲਈ ਵੀ ਪੁਰਾਣੀ ਪੈਨਸ਼ਨ ਸਕੀਮ ਮਨਜ਼ੂਰ ਕੀਤੀ ਗਈ ਸੀ।