ਸਰਕਾਰੀਆ ਦੀ ਸਖ਼ਤੀ ਨਾਲ ਨਹਿਰੀ ਪਾਣੀ ਚੋਰਾਂ ਨੂੰ ਆਈਆਂ 'ਤ੍ਰੇਲੀਆਂ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਇਹ ਪਤਾ ਲੱਗਣ 'ਤੇ ਕਿ ਝੋਨੇ ਦੀ ਸਿੰਚਾਈ ਲਈ ਕਿਸਾਨਾਂ ਵਲੋਂ ਵੱਡੇ ਪੱਧਰ........

Sukhbinder Singh Sarkaria

ਚੰਡੀਗੜ੍ਹ: ਪੰਜਾਬ ਦੇ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਇਹ ਪਤਾ ਲੱਗਣ 'ਤੇ ਕਿ ਝੋਨੇ ਦੀ ਸਿੰਚਾਈ ਲਈ ਕਿਸਾਨਾਂ ਵਲੋਂ ਵੱਡੇ ਪੱਧਰ 'ਤੇ ਨਹਿਰੀ ਪਾਣੀ ਦੀ ਚੋਰੀ ਕੀਤੀ ਜਾ ਰਹੀ ਹੈ, ਉਨ੍ਹਾਂ ਵੱਲੋਂ ਕੀਤੀ ਸਖ਼ਤੀ ਨੇ ਕਿਸਾਨਾਂ ਨੂੰ ਤ੍ਰੇਲੀਆਂ ਲਿਆ ਦਿਤੀਆਂ ਹਨ। ਵਿਭਾਗ ਦੇ ਅਧਿਕਾਰੀਆਂ ਮੰਤਰੀ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ  ਵੱਖ-ਵੱਖ ਇਲਾਕਿਆਂ, ਖਾਸ ਤੌਰ 'ਤੇ ਮਾਲਵਾ ਖਿੱਤੇ ਦੇ ਅਲੱਗ-ਅਲੱਗ ਪੁਲਿਸ ਸਟੇਸ਼ਨਾਂ ਵਿਚ ਨਹਿਰੀ ਪਾਣੀ ਚੋਰੀ ਦੇ 191 ਮਾਮਲੇ ਦਰਜ ਕਰਵਾਏ ਹਨ।

 ਸ੍ਰੀ ਸਰਕਾਰੀਆ ਨੇ ਦਸਿਆ ਕਿ ਪਾਣੀ ਦੀ ਚੋਰੀ ਕਾਰਣ ਟੇਲਾਂ 'ਤੇ ਪਾਣੀ ਨਾ ਪੁੱਜਣ ਬਾਰੇ ਉਨ੍ਹਾਂ ਕੋਲ ਬਹੁਤ ਸਾਰੇ ਕਿਸਾਨਾਂ ਨੇ ਸ਼ਿਕਾਇਤਾਂ ਕੀਤੀਆਂ ਸਨ। ਖਾਸ ਤੌਰ 'ਤੇ ਫਿਰੋਜ਼ਪੁਰ, ਅਬੋਹਰ ਅਤੇ ਹੋਰ ਜ਼ਿਲ੍ਹਿਆਂ ਦੀਆਂ ਟੇਲਾਂ 'ਤੇ ਪਾਣੀ ਨਾ ਪੁੱਜਣ ਕਾਰਣ ਕਿਸਾਨ ਪ੍ਰੇਸ਼ਾਨ ਸਨ। ਇਕ ਬੁਲਾਰੇ ਨੇ ਦਸਿਆ ਕਿ ਸਿਰਫ਼ ਫਿਰੋਜ਼ਪੁਰ ਨਹਿਰੀ ਸਰਕਲ, ਫਿਰੋਜ਼ਪੁਰ ਵਿਚ ਹੀ 118 ਮਾਮਲੇ ਦਰਜ ਕੀਤੇ ਗਏ ਹਨ ਜਿਨ੍ਹਾਂ ਵਿਚੋਂ 26 ਮਾਮਲੇ ਈਸਟਰਨ ਨਹਿਰੀ ਡਵੀਜ਼ਨ,  4 ਹਰੀਕੇ ਨਹਿਰੀ ਡਵੀਜ਼ਨ ਅਤੇ 88 ਅਬੋਹਰ ਨਹਿਰੀ ਡਵੀਜ਼ਨ ਦੇ ਵੱਖ-ਵੱਖ ਥਾਣਿਆਂ ਵਿਚ ਦਰਜ ਕਰਵਾਏ ਗਏ ਹਨ।

ਇਸ ਤੋਂ ਇਲਾਵਾ 45 ਮਾਮਲੇ ਸਰਹਿੰਦ ਨਹਿਰੀ ਸਰਕਲ, ਲੁਧਿਆਣਾ ਵਿਚ ਦਰਜ ਕਰਵਾਏ ਹਨ, ਜਿਨ੍ਹਾਂ ਵਿਚੋਂ ਫਰੀਦਕੋਟ ਨਹਿਰੀ ਡਵੀਜ਼ਨ ਵਿਚ 15, ਸਿੱਧਵਾਂ ਨਹਿਰੀ ਡਵੀਜ਼ਨ ਵਿਚ 19, ਰੋਪੜ ਹੈੱਡ ਵਰਕਸ ਡਵੀਜ਼ਨ ਵਿਚ 3 ਅਤੇ 8 ਮਾਮਲੇ ਬਠਿੰਡਾ ਨਹਿਰੀ ਡਵੀਜ਼ਨ ਦੇ ਥਾਣਿਆਂ ਵਿਚ ਦਰਜ ਕਰਵਾਏ ਹਨ।  ਇਸੇ ਤਰ੍ਹਾਂ ਆਈ.ਬੀ. ਸਰਕਲ, ਪਟਿਆਲਾ ਦੀ ਮਾਨਸਾ ਡਵੀਜ਼ਨ ਵਿਚ 11 ਅਤੇ ਬੀਐਮਐਲ ਸਰਕਲ, ਪਟਿਆਲਾ ਦੇ ਦੇਵੀਗੜ੍ਹ ਡਵੀਜ਼ਨ ਵਿਚ ਨਹਿਰੀ ਪਾਣੀ ਦੀ ਚੋਰੀ ਦੇ 17 ਮਾਮਲੇ ਵੱਖ-ਵੱਖ ਥਾਣਿਆਂ ਵਿਚ ਦਰਜ ਕਰਵਾਏ ਗਏ ਹਨ।