ਭਾਈ ਕੁੱਕੂ ਤੇ ਭਾਈ ਸਿੱਧੂ ਦੇ 'ਡੋਪ ਟੈਸਟ' ਕਰਾਉਣ ਦੀ ਪਹਿਲਕਦਮੀ ਨਾਲ ਲੀਡਰਾਂ 'ਚ ਭਾਜੜਾਂ
ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਡੋਪ ਟੈਸਟ ਸਬੰਧੀ ਦਿਤੇ ਬਿਆਨ ਦਾ ਜਿਥੇ ਪੰਜਾਬ ਭਰ 'ਚ ਰਲਿਆ ਮਿਲਿਆ ਪ੍ਰਤੀਕਰਮ ਸੁਣਨ ਨੂੰ ਮਿਲ ਰਿਹਾ ਹੈ...........
ਕੋਟਕਪੂਰਾ : ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਡੋਪ ਟੈਸਟ ਸਬੰਧੀ ਦਿਤੇ ਬਿਆਨ ਦਾ ਜਿਥੇ ਪੰਜਾਬ ਭਰ 'ਚ ਰਲਿਆ ਮਿਲਿਆ ਪ੍ਰਤੀਕਰਮ ਸੁਣਨ ਨੂੰ ਮਿਲ ਰਿਹਾ ਹੈ, ਉਥੇ ਕਾਂਗਰਸ ਦੇ ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ ਤੇ ਉਨ੍ਹਾਂ ਦੇ ਬੇਟੇ ਭਾਈ ਰਾਹੁਲ ਸਿੰਘ ਸਿੱਧੂ ਨੇ 'ਡੋਪ ਟੈਸਟ' ਦੀ ਮੁਹਿੰਮ ਅਪਣੇ ਘਰ ਤੋਂ ਸ਼ੁਰੂ ਕਰਨ ਦਾ ਕਹਿ ਕੇ ਜ਼ਿਲ੍ਹਾ ਫ਼ਰੀਦਕੋਟ ਦੇ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸਬੰਧਤ ਲੀਡਰਾਂ 'ਚ ਕੰਬਣੀਆਂ ਛੇੜ ਦਿਤੀਆਂ ਹਨ। ਉਨ੍ਹਾਂ ਆਖਿਆ ਕਿ ਉਹ ਪਹਿਲਾਂ ਖ਼ੁਦ ਡੋਪ ਟੈਸਟ ਕਰਾਉਣਗੇ ਤੇ ਫਿਰ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਸਿਆਸੀ, ਗ਼ੈਰ ਸਿਆਸੀ, ਸਮਾਜਸੇਵੀ, ਧਾਰਮਕ, ਵਪਾਰਕ, ਵਿਦਿਅਕ
ਅਦਾਰਿਆਂ ਨਾਲ ਸਬੰਧਤ ਸੰਸਥਾਵਾਂ ਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਡੋਪ ਟੈਸਟ ਕਰਾਉਣ ਲਈ ਬੇਨਤੀ ਕਰਨਗੇ। ਭਾਈ ਕੁੱਕੂ ਤੇ ਭਾਈ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਦੇ ਉਕਤ ਫ਼ੈਸਲੇ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਜਿਥੇ ਉਨ੍ਹਾਂ ਨੂੰ ਦਲੇਰਾਨਾ ਫ਼ੈਸਲੇ ਦੀ ਮੁਬਾਰਕਬਾਦ ਦਿਤੀ, ਉੱਥੇ ਵਿਸ਼ਵਾਸ ਦਿਵਾਇਆ ਕਿ ਹਲਕਾ ਕੋਟਕਪੂਰਾ ਦੇ ਸੂਝਵਾਨ ਲੋਕ ਉਨ੍ਹਾਂ ਦੇ ਇਸ ਫ਼ੈਸਲੇ 'ਤੇ ਫੁੱਲ ਚੜ੍ਹਾਉਣਗੇ ਤੇ ਵੱਧ ਤੋਂ ਵੱਧ ਯੋਗਦਾਨ ਪਾਉਣਗੇ। ਉਨ੍ਹਾਂ ਕਿਹਾ ਕਿ ਨਸ਼ੇ ਦੇ ਅਤਿਵਾਦ ਵਿਰੁਧ ਲੜੀ ਜਾ ਰਹੀ
ਇਹ ਲੜਾਈ ਇਕੱਲੇ ਕੈਪਟਨ ਅਮਰਿੰਦਰ ਸਿੰਘ ਦੀ ਨਹੀਂ ਬਲਕਿ ਸਮੁੱਚੇ ਪੰਜਾਬ ਦੀ ਹੈ, ਕਿਉਂਕਿ ਜੇਕਰ ਅਸੀਂ ਪੰਜਾਬ ਨੂੰ ਫਿਰ ਸੋਨੇ ਦੀ ਚਿੜੀ ਅਰਥਾਤ ਖ਼ੁਸ਼ਹਾਲ ਤੇ ਤੰਦਰੁਸਤ ਦੇਖਣਾ ਚਾਹੁੰਦੇ ਹਾਂ ਤਾਂ ਸਾਨੂੰ ਡੋਪ ਟੈਸਟ ਵਾਲੀ ਇਸ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ। ਉਨ੍ਹਾਂ ਦੁਹਰਾਇਆ ਕਿ ਪੰਜਾਬ ਦੇ ਅੱਜ ਦੇ ਦੁਖਦਾਇਕ ਹਲਾਤਾਂ ਦੇ ਮੱਦੇਨਜ਼ਰ ਕੈਪਟਨ ਅਮਰਿੰਦਰ ਸਿੰਘ ਵਲੋਂ ਲਏ ਫ਼ੈਸਲੇ ਦਾ ਹਰ ਸਿਆਸੀ ਤੇ ਗ਼ੈਰ ਸਿਆਸੀ ਵਿਅਕਤੀ ਨੂੰ ਸਹਿਯੋਗ ਕਰਨਾ ਚਾਹੀਦਾ ਹੈ।