ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਵਿਦਿਅਕ ਮੁਕਾਬਲਿਆਂ ਦੀ ਲੜੀ 6 ਤੋਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਸਾਢੇ ਪੰਜ ਮਹੀਨੇ ਚੱਲਣ ਵਾਲੇ

400th Birth Anniversary of Guru Tegh Bahadur Ji

ਚੰਡੀਗੜ੍ਹ, 5 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ) : ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਸਾਢੇ ਪੰਜ ਮਹੀਨੇ ਚੱਲਣ ਵਾਲੇ ਵਿਦਿਅਕ ਮੁਕਾਬਲੇ 6 ਜੁਲਾਈ ਤੋਂ ਸ਼ੁਰੂ ਹੋਣਗੇ ਜਿਸ ਦੇ ਸਬੰਧੀ ਸਿਖਿਆ ਵਿਭਾਗ ਅਤੇ ਅਧਿਆਪਕਾਂ ਨੇ ਪੂਰੀਆਂ ਤਿਆਰੀਆਂ ਕਰ ਲਈਆਂ ਹਨ।
ਇਸ ਦੀ ਜਾਣਕਾਰੀ ਦਿੰਦੇ ਹੋਏ ਪੰਜਾਬ ਸਕੂਲ ਸਿਖਿਆ ਵਿਭਾਗ ਵਲੋਂ ਦੇ ਇਕ ਬੁਲਾਰੇ ਨੇ ਦਸਿਆ ਕਿ ਸਿਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਵਲੋਂ 6 ਜੁਲਾਈ 2020 ਤੋਂ 21 ਦਸੰਬਰ 2020 ਤਕ ਚੱਲਣ ਵਾਲੇ ਮੁਕਾਬਲਿਆਂ ਲਈ ਪਹਿਲਾਂ ਹੀ ਰੂਪ ਰੇਖਾ ਜਾਰੀ ਕਰ ਦਿਤੀ ਹੈ।

ਇਨ੍ਹਾਂ ਮੁਕਾਬਲਿਆਂ ਵਿਚ ਸ਼ਬਦ ਗਾਇਨ, ਗੀਤ, ਕਾਵਿ ਉਚਾਰਣ, ਭਾਸ਼ਣ, ਸੰਗੀਤ ਸਾਜੋ-ਸਾਜੋ ਸਮਾਨ ਵਜਾਉਣ (ਹਰਮੋਨੀਅਮ, ਤਬਲਾ, ਢੋਲਕ, ਤੂੰਬੀ, ਬੰਸਰੀ, ਸਾਰੰਗੀ, ਢੱਡ) ਪੋਸਟਰ ਬਨਾਉਣ, ਪੇਂਟਿੰਗ ਬਨਾਉਣ, ਸਲੋਗਨ ਲੇਖਣ, ਸੁੰਦਰ ਲਿਖਾਈ ਲਿਖਣ, ਪੀ.ਪੀ.ਟੀ. ਮੇਕਿੰਗ ਅਤੇ ਦਸਤਾਰਬੰਦੀ ਦੇ ਮੁਕਾਬਲੇ ਸ਼ਾਮਲ ਹਨ।

ਬੁਲਾਰੇ ਨੇ ਦਸਿਆ ਕਿ ਇਹ ਮੁਕਾਬਲੇ ਸਿਰਫ਼ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਫ਼ਲਸਫ਼ੇ, ਸਿਖਿਆਵਾਂ, ਬਾਣੀ ਅਤੇ ਕੁਰਬਾਨੀ ਨਾਲ ਸਬੰਧਤ ਹੋਣਗੇ। ਇਨ੍ਹਾਂ ਮੁਕਾਬਲਿਆਂ ਵਿਚ ਸਿਰਫ਼ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹੀ ਹਿੱਸਾ ਲੈ ਸਕਣਗੇ। ਸਾਰੇ ਮੁਕਾਬਲੇ ਪ੍ਰਾਇਮਰੀ, ਮਿਡਲ, ਸੈਕੰਡਰੀ ਤਿੰਨ ਪੱਧਰਾਂ 'ਤੇ ਕਰਵਾਏ ਜਾਣਗੇ। ਇਸੇ ਤਰ੍ਹਾਂ ਹੀ ਸਪੈਸ਼ਲ ਨੀਡ (ਸੀ.ਡਬਲਯੂ.ਐਸ.ਐਨ) ਵਾਲੇ ਬੱਚਿਆਂ ਦੇ ਮੁਕਾਬਲੇ ਵੀ ਤਿੰਨ ਪੱਧਰਾਂ 'ਤੇ ਹੀ ਹੋਣਗੇ। ਇੱਕ ਵਿਦਿਆਰਥੀ ਵੱਧ ਤੋਂ ਵੱਧ ਦੋ ਆਈਟਮਾਂ ਵਿਚ ਹਿੱਸਾ ਲੈ ਸਕਦਾ ਹੈ। ਬੁਲਾਰੇ ਅਨੁਸਾਰ ਇਹ ਮੁਕਾਬਲੇ ਮੌਜੂਦਾ ਸਥਿਤੀਆਂ ਨੂੰ ਧਿਆਨ ਵਿਚ ਰਖਦੇ ਹੋਏ ਆਨਲਾਈਨਜ਼ ਤੇ ਸੋਲੋ ਆਈਟਮਜ਼ ਦੇ ਰੂਪ ਵਿਚ ਕਰਵਾਏ ਜਾਣਗੇ।