ਅਕਾਲੀ ਦਲ ਸੂਬੇ ਦੇ ਲੋਕਾਂ ਨੂੰ ਗੁਮਰਾਹ ਨਾ ਕਰੇ : ਸਾਧੂ ਸਿੰਘ ਧਰਮਸੋਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗਵਾਚੀ ਸਿਆਸੀ ਜ਼ਮੀਨ ਤਲਾਸ਼ਣ ਲਈ ਮਾਰ ਰਿਹੈ ਹਨੇਰੇ 'ਚ ਟੱਕਰਾਂ

Sadhu Singh Dharamsot

ਖੰਨਾ, 5 ਜੁਲਾਈ (ਅਦਰਸ਼ਜੀਤ ਸਿੰਘ ਖੰਨਾ) : ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਸਾਧੂ ਸਿੰਘ ਧਰਮਸੋਤ ਨੇ ਦੋਸ਼ ਲਾਇਆ ਹੈ ਕਿ ਅਕਾਲੀ ਦਲ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਝੂਠੀ ਤੇ ਗ਼ਲਤ ਬਿਆਨਬਾਜ਼ੀ ਕਰਕੇ ਸੂਬੇ ਦੇ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ। ਕੇਂਦਰ ਵਲੋਂ ਕਰੋਨਾ ਦੌਰਾਨ ਗ਼ਰੀਬ ਤੇ ਲੋੜਵੰਦਾਂ ਨੂੰ ਦਿਤੀ ਕਣਕ ਅਤੇ ਆਰਡੀਨੈਂਸ ਜਾਰੀ ਕਰਨ ਬਾਰੇ ਅਕਾਲੀ ਦਲ ਅਸਲ ਸੱਚ ਦੱਸਣ ਦੀ ਥਾਂ ਗ਼ਲਤ ਬਿਆਨਬਾਜ਼ੀ ਦਾ ਸਹਾਰਾ ਲੈਂਦਿਆਂ ਅਪਣੀ ਗਵਾਚੀ ਸਿਆਸੀ ਭੌਂਏ ਤਲਾਸ਼ਣਾ ਲਈ ਹਨੇਰੇ 'ਚ ਟੱਕਰਾਂ ਮਾਰ ਰਿਹਾ ਹੈ।

ਸੂਬੇ ਦੇ ਜੰਗਲਾਤ, ਲਿਖਣ ਤੇ ਛਪਾਈ, ਸਮਾਜਕ ਨਿਆਂ ਤੇ ਅਧਿਕਾਰਤਾ ਅਤੇ ਘੱਟ ਗਿਣਤੀਆਂ ਭਲਾਈ ਮੰਤਰੀ ਸਰਦਾਰ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ 70 ਹਜ਼ਾਰ ਮੀਟਰੀਕ ਟਨ ਕਣਕ ਮਹੀਨਾਵਾਰ ਕੇਂਦਰ ਵਲੋਂ ਪੰਜਾਬ ਨੂੰ ਦਿਤੇ ਜਾਣ ਬਾਰੇ ਜੋ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਹੀ 'ਚ ਪੰਜਾਬ ਸਰਕਾਰ ਵਲੋਂ ਕਣਕ ਦਾ ਦਾਣਾ ਦਾਣਾ ਵੰਡਿਆ ਜਾ ਚੁੱਕਾ ਹੈ। ਦੂਸਰਾ ਮੋਦੀ ਸਰਕਾਰ ਵਲੋਂ ਜੋ ਖੇਤੀ ਸੈਕਟਰ ਵਾਸਤੇ ਆਰਡੀਨੈਂਸ ਲਿਆਂਦਾ ਜਾ ਰਿਹਾ ਹੈ

ਉਸ ਦਾ ਸਿੱਧਾ ਅਸਰ ਕਰਜ਼ੇ ਥੱਲੇ ਦੱਬੀ ਕਿਸਾਨੀ 'ਤੇ ਪਵੇਗਾ ਕਿਉਂਕਿ ਫ਼ਸਲਾਂ ਦੀ ਐਮਐਸਪੀ ਖ਼ਤਮ ਹੋਣ ਨਾਲ ਕਿਸਾਨ ਨੂੰ ਅਪਣੀ ਫ਼ਸਲ ਘੱਟ ਭਾਅ 'ਤੇ ਵੇਚਣ ਲਈ ਮਜਬੂਰ ਹੋਣਾ ਪਵੇਗਾ, ਜੋ ਕਿਸਾਨਾਂ ਲਈ ਮਾਰੂ ਹੈ। ਉਨ੍ਹਾਂ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਵਲੋਂ ਕੇਂਦਰ ਨੂੰ ਇਸ ਬਾਰੇ ਇਕ ਚਿੱਠੀ ਲਿਖੀ ਗਈ ਹੈ ਅਤੇ ਨਾਲ ਹੀ ਸਰਬ ਪਾਰਟੀ ਵਫ਼ਦ ਲੈ ਕਿ ਪ੍ਰਧਾਨ ਮੰਤਰੀ ਨੂੰ ਮਿਲਣ ਦਾ ਨਿਰਣਾ ਵੀ ਕੀਤਾ ਗਿਆ ਹੈ। ਜਦਕਿ ਅਕਾਲੀ ਦਲ ਆਰਡੀਨੈਂਸ ਬਾਰੇ ਕਿਸਾਨਾਂ ਨੂੰ ਸਹੀ ਹਕੀਕਤ ਨਹੀਂ ਦੱਸ ਰਿਹਾ, ਸਗੋਂ ਬੀਬਾ ਹਰਸਿਮਰਤ ਕੌਰ ਬਾਦਲ ਦੀ ਕੁਰਸੀ ਬਚਾਉਣ ਲਈ ਉਨ੍ਹਾਂ ਨੂੰ ਗੁਮਰਾਹ ਕਰ ਰਿਹਾ ਹੈ। ਜੋ ਕਿਸਾਨਾ ਨਾਲ ਵੱਡਾ ਧੋਖਾ ਹੈ।