ਅਕਾਲੀਆਂ ਨੇ ਕਿਸਾਨੀ ਵਿਰੋਧੀ ਆਰਡੀਨੈਂਸਾਂ ਦੇ ਹੱਕ ਵਿਚ ਭੁਗਤ ਕੇ ਪੰਜਾਬ ਦੇ ਹਿੱਤ ਵੇਚੇ : ਕੈਪਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਆਰਡੀਨੈਂਸਾਂ ਵਿਰੁਧ ਕੇਂਦਰ ਨਾਲ ਲੜਾਈ ਲੜਾਂਗਾ

Amarinder Singh

ਚੰਡੀਗੜ੍ਹ,: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਅਕਾਲੀਆਂ ਨੇ ਸੂਬੇ ਦੀ ਕਿਸਾਨੀ ਨੂੰ ਤਬਾਹ ਕਰ ਦੇਣ ਵਾਲੇ ਕਿਸਾਨ ਵਿਰੋਧੀ ਆਰਡੀਨੈਂਸਾਂ ਪ੍ਰਤੀ ਹਾਮੀ ਭਰ ਕੇ ਪੰਜਾਬ ਦੇ ਹਿੱਤ ਵੇਚ ਦਿੱਤੇ ਹਨ।

ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਕਿਸਾਨ ਵਿਰੋਧੀ ਆਰਡੀਨੈਂਸਾਂ ਵਿਰੁੱਧ ਉਹ ਕੇਂਦਰ ਸਰਕਾਰ ਨਾਲ ਲੜਾਈ ਲੜਨਗੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਛੇਤੀ ਹੀ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਸਰਬ ਪਾਰਟੀ ਵਫ਼ਦ ਦੇ ਮਿਲਣ ਲਈ ਸਮਾਂ ਮੰਗਣਗੇ।

ਉਨ੍ਹਾਂ ਦਸਿਆ ਕਿ ਭਾਜਪਾ ਨੂੰ ਛੱਡ ਕੇ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਨੇ ਪ੍ਰਧਾਨ ਮੰਤਰੀ ਨੂੰ ਮਿਲਣ ਦਾ ਫੈਸਲਾ ਸਰਬਸੰਮਤੀ ਨਾਲ ਲਿਆ ਸੀ। ਸ਼ਾਂਤਾ ਕੁਮਾਰ ਕਮੇਟੀ ਦੀਆਂ ਸਿਫਾਰਸ਼ਾਂ ਦਾ ਹਵਾਲਾ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸਾਵਧਾਨ ਕੀਤਾ, ''ਸੁਖਬੀਰ ਬਾਦਲ ਜਾਂ ਭਾਜਪਾ ਵਾਲੇ ਭਾਵੇਂ ਕੁਝ ਵੀ ਕਹੀ ਜਾਣ।

 ਜੇਕਰ ਇਕ ਵਾਰ ਆਰਡੀਨੈਂਸ ਪਾਸ ਹੋ ਗਏ ਤਾਂ ਕੇਂਦਰ ਸਰਕਾਰ ਵੱਲੋਂ ਆਪਣੇ ਅਗਲੇ ਕਦਮ ਵਿੱਚ ਘੱਟੋ-ਘੱਟ ਸਮਰਥਨ ਮੁੱਲ ਨੂੰ ਖਤਮ ਕਰਨ ਦੇ ਨਾਲ-ਨਾਲ ਐਫ.ਸੀ.ਆਈ. ਨੂੰ ਵੀ ਤੋੜ ਦਿੱਤਾ ਜਾਵੇਗਾ।'' ਉਨ੍ਹਾਂ ਕਿਹਾ,''ਤੁਸੀਂ ਆਪ ਇਸ ਦੀ ਕਲਪਨਾ ਕਰ ਸਕਦੇ ਹੋ ਕਿ ਜੇਕਰ ਇਹ ਸਭ ਕੁਝ ਹਕੀਕਤ ਵਿੱਚ ਬਦਲ ਗਿਆ ਤਾਂ ਪੰਜਾਬ ਦੇ ਕਿਸਾਨਾਂ ਨਾਲ ਕੀ ਵਾਪਰੇਗਾ।'

ਉਨ੍ਹਾਂ ਕਿਹਾ ਕਿ ਜੇਕਰ ਇਹ ਆਰਡੀਨੈਂਸ ਕਾਨੂੰਨੀ ਰੂਪ ਵਿੱਚ ਲਾਗੂ ਹੋ ਗਏ ਤਾਂ ਖਰੀਦ ਪ੍ਰਕ੍ਰਿਆ ਖਤਮ ਹੋ ਜਾਵੇਗੀ ਅਤੇ ਮੰਡੀਆਂ ਦਾ ਵੀ ਅੰਤ ਹੋ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਨੂੰ ਸਿਰਫ ਅਪਣੇ ਸਿਆਸੀ ਮੁਫ਼ਾਦ ਪਾਲਣ ਵਿੱਚ ਦਿਲਚਸਪੀ ਹੈ ਅਤੇ ਹਰਮਿਸਰਤ ਬਾਦਲ ਨੂੰ ਕੇਂਦਰੀ ਕੈਬਨਿਟ ਵਿੱਚ ਆਪਣੀ ਕੁਰਸੀ ਬਚਾਉਣ ਦਾ ਫਿਕਰ ਲੱਗਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਅਸਲ ਵਿੱਚ ਬਾਦਲ ਕਿਸੇ ਵੀ ਕੀਮਤ 'ਤੇ ਪੰਜਾਬ ਵਿੱਚ ਗੱਠਜੋੜ ਬਚਾਉਣ ਲਈ ਭਾਜਪਾ ਨੂੰ ਖੁਸ਼ ਕਰਨ ਵਿੱਚ ਲੱਗੇ ਹਨ।

ਮੁੱਖ ਮੰਤਰੀ ਨੇ ਕਿਹਾ,''ਅਕਾਲੀਆਂ ਨੂੰ ਆਪਣੇ ਸਿਆਸੀ ਹਿੱਤਾਂ ਨਾਲ ਹੀ ਸਰੋਕਾਰ ਹੈ। ਸੁਖਬੀਰ ਚਾਹੁੰਦਾ ਹੈ ਕਿ ਉਸ ਦੀ ਪਤਨੀ ਕੇਂਦਰੀ ਕੈਬਨਿਟ ਵਿੱਚ ਬੈਠੀ ਰਹੇ ਜਦਕਿ ਉਹ ਆਪ ਪ੍ਰਧਾਨ ਬਣਿਆ ਰਹੇ। ਉਹ ਪੰਜਾਬ ਬਾਰੇ ਨਹੀਂ ਸੋਚਦੇ ਸਗੋਂ ਉਨ੍ਹਾਂ ਉਪਰ ਨਿੱਜਵਾਦ ਭਾਰੂ ਹੈ।'' ਉਨ੍ਹਾਂ ਕਿਹਾ ਕਿ ਇਤਿਹਾਸ ਵੀ ਇਸ ਤੱਥ ਦੀ ਗਵਾਹੀ ਭਰਦਾ ਹੈ।

ਪੰਜਾਬ ਅਤੇ ਇਸ ਦੇ ਹਿੱਤਾਂ ਨੂੰ ਬਚਾਉਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਆਰਡੀਨੈਂਸ 100 ਫੀਸਦੀ ਪੰਜਾਬ ਤੇ ਕਿਸਾਨ ਵਿਰੋਧੀ ਹਨ ਅਤੇ ਭਾਜਪਾ ਅਤੇ ਅਕਾਲੀਆਂ ਨੂੰ ਛੱਡ ਕੇ ਸਾਰੀਆਂ ਸਿਆਸੀ ਪਾਰਟੀ ਵੀ ਇਸੇ ਨੁਕਤੇ 'ਤੇ ਸਹਿਮਤੀ ਪ੍ਰਗਟਾ ਚੁੱਕੀਆਂ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਹਾਲ ਹੀ ਵਿੱਚ ਮਿਲੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਵੀ ਇਨ੍ਹਾਂ ਆਰਡੀਨੈਂਸਾਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਸੀ। '

ਕੈਪਟਨ ਨੂੰ ਸਵਾਲ' ਪ੍ਰੋਗਰਾਮ ਦੀ ਅਗਲੀ ਲੜੀ ਦੌਰਾਨ ਫੇਸਬੁੱਕ ਲਾਈਵ ਜ਼ਰੀਏ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਨੇ ਪਹਿਲਾਂ ਵੀ ਪੰਜਾਬੀ ਸੂਬਾ ਲਹਿਰ ਰਾਹੀਂ ਸੂਬੇ ਨੂੰ ਬਰਬਾਦ ਕਰ ਦਿੱਤਾ ਅਤੇ ਹੁਣ ਇਨ੍ਹਾਂ ਆਰਡੀਨੈਂਸਾਂ ਦੀ ਹਮਾਇਤ ਕਰਕੇ ਕਿਸਾਨੀ ਨੂੰ ਤਬਾਹ ਕਰਨ ਲਈ ਪੱਬਾਂ ਭਰ ਹੋਏ ਫਿਰਦੇ ਹਨ। ਉਨ੍ਹਾਂ ਨੇ ਇਨ੍ਹਾਂ ਆਰਡੀਨੈਂਸਾਂ ਨੂੰ ਮੁਲਕ ਦੇ ਸੰਘੀ ਢਾਂਚੇ 'ਤੇ ਸਿੱਧਾ ਹਮਲਾ ਦੱਸਿਆ।

ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਅਕਾਲੀਆਂ ਨੇ ਪੰਜਾਬ ਦੇ ਟੋਟੇ ਕੀਤੇ ਅਤੇ ਆਪਣੇ ਸੌੜੇ ਸਿਆਸੀ ਹਿੱਤ ਪਾਲਣ ਖਾਤਰ ਤੰਗ-ਨਜ਼ਰੀਆ ਅਪਣਾਉਂਦਿਆਂ ਸੂਬੇ ਦੇ ਬਹੁਤ ਸਾਰੇ ਵਸੀਲੇ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਨੂੰ ਦੇ ਦਿੱਤੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਸੂਬੇ ਦੀ ਵੰਡ ਨਾ ਹੁੰਦੀ ਤਾਂ ਸੰਸਦ ਵਿੱਚ ਪੰਜਾਬ ਦੀ ਨੁਮਾਇੰਦਗੀ ਕਈ ਗੁਣਾ ਵੱਧ ਹੁੰਦੀ ਅਤੇ ਦਿੱਲੀ ਵਿੱਚ ਸੂਬੇ ਦਾ ਵੀ ਦਬਦਬਾ ਹੋਣਾ ਸੀ।

ਜਿਸ ਕਰਕੇ ਇਸ ਦੇ ਹਿੱਤਾਂ ਨੂੰ ਦਰਕਿਨਾਰ ਕਰ ਦੇਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੋਣਾ। ਉਨ੍ਹਾਂ ਨੇ ਸੰਸਦ ਵਿੱਚ ਸੂਬੇ ਦੇ ਸਿਰਫ 13 ਸੰਸਦ ਮੈਂਬਰ ਹੋਣ 'ਤੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਪੰਜਾਬ ਦੀ ਅਵਾਜ਼ ਸੁਣੀ ਨਹੀਂ ਜਾ ਰਹੀ ਅਤੇ ਖਾਸ ਤੌਰ 'ਤੇ ਦੂਜਿਆਂ ਸੂਬਿਆਂ ਵੱਲੋਂ ਵੀ ਹੁਣ ਕਣਕ ਦਾ ਉਤਪਾਦਨ ਸ਼ੁਰੂ ਕਰ ਦੇਣ ਨਾਲ ਕੇਂਦਰ ਸਰਕਾਰ ਮਹਿਸੂਸ ਕਰਨ ਲੱਗਾ ਹੈ ਕਿ ਅਨਾਜ ਦੀ ਸੁਰੱਖਿਆ ਲਈ ਹੁਣ ਪੰਜਾਬ ਦੀ ਲੋੜ ਨਹੀਂ ਰਹੀ।

ਮੁੱਖ ਮੰਤਰੀ ਨੇ ਕਿਹਾ,''ਉਨ੍ਹਾਂ (ਕੇਂਦਰ ਦੀਆਂ ਸਰਕਾਰਾਂ) ਨੇ ਸਾਡੀ ਸਮਰੱਥਾ ਨੂੰ ਨਿਚੋੜ ਲਿਆ ਅਤੇ ਸਾਨੂੰ ਵਰਤ ਕੇ ਛੱਡ ਦਿੱਤਾ।'' ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਆਰਡੀਨੈਂਸ ਵਿਰੁੱਧ ਲੜਾਈ ਵਿੱਚ ਸਾਥ ਦੇਣ ਅਤੇ ਅਕਾਲੀ-ਭਾਜਪਾ ਦੇ ਹੱਥੋਂ ਗੁੰਮਰਾਹ ਨਾ ਹੋਣ ਦੀ ਅਪੀਲ ਕੀਤੀ ਹੈ।

ਮੁੱਖ ਮੰਤਰੀ ਨੇ ਕੇਂਦਰ ਦੇ ਉਸ ਫੈਸਲੇ ਦਾ ਸਵਾਗਤ ਕੀਤਾ ਜਿਹੜਾ ਉਨ੍ਹਾਂ ਦੀ ਅਪੀਲ ਉਤੇ ਟਿੱਡੀ ਦਲ ਦੇ ਹਮਲੇ ਨੂੰ ਰੋਕਣ ਲਈ ਹੈਲੀਕਾਪਟਰ ਰਾਹੀਂ ਸਪਰੇਅ ਦੇ ਛਿੜਕਾਅ ਦੀ ਆਗਿਆ ਦੇ ਦਿੱਤੀ। ਉਨ੍ਹਾਂ ਆਸ ਪ੍ਰਗਟਾਈ ਕਿ ਟਿੱਡੀ ਦਲ ਤੋਂ ਪੰਜਾਬ ਦਾ ਬਚਾਅ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਐਮ.ਆਈ. 17 ਨੂੰ ਰਸਾਇਣਾਂ ਦੇ ਸਪਰੇਅ ਲਈ ਰੱਖਿਆ ਗਿਆ ਹੈ ਅਤੇ ਇਹ ਕੰਮ ਰਾਜਸਥਾਨ ਤੋਂ ਜਲਦੀ ਸ਼ੁਰੂ ਹੋ ਜਾਵੇਗਾ।

ਕੋਵਿਡ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਸਥਿਤੀ ਕੋਈ ਠੀਕ ਨਹੀਂ ਹੈ ਜਿਵੇਂ ਭਾਰਤ ਵਿੱਚ ਨਿਰੰਤਰ ਕੇਸ ਵਧ ਰਹੇ ਹਨ। ਪੰਜਾਬ ਵਿੱਚ ਵੀ ਅੰਕੜਾ 6000 ਨੂੰ ਪਾਰ ਕਰ ਗਿਆ ਹੈ ਅਤੇ ਹੁਣ ਤੱਕ 157 ਮੌਤਾਂ ਹੋ ਗਈਆਂ ਹਨ। ਉਨ੍ਹਾਂ ਸਾਰੇ ਇਹਤਿਆਤ ਦੀ ਪਾਲਣਾ ਕਰਨ ਦੀ ਮਹੱਤਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਮਾਸਕ ਪਾਉਣਾ ਤੇ ਸਮਾਜਿਕ ਵਿੱਥ ਦੀ ਪਾਲਣਾ ਯਕੀਨੀ ਬਣਾਈ ਜਾਵੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ