ਥਾਣਿਆਂ 'ਚ ਨਫ਼ਰੀ ਦੀ ਘਾਟ ਕਾਰਨ ਜੁਰਮ ਕਰਨ ਵਾਲਿਆਂ ਨੂੰ ਨੱਥ ਪਾਉਣੀ ਔਖੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ 436 ਵਿਅਕਤੀਆਂ ਦੀ ਰਾਖੀ ਲਈ ਸਿਰਫ਼ ਇਕ ਪੁਲਿਸ ਕਰਮਚਾਰੀ ਮੌਜੂਦ

File Photo

ਸੰਗਰੂਰ, 5 ਜੁਲਾਈ (ਬਲਵਿੰਦਰ ਸਿੰਘ ਭੁੱਲਰ) : ਪੰਜਾਬ ਵਿਚ ਇਸ ਸਮੇਂ 22 ਭੂਗੋਲਿਕ ਜ਼ਿਲ੍ਹੇ ਹਨ ਪਰ ਪੁਲਿਸ ਜ਼ਿਲ੍ਹਿਆਂ ਦੀ ਗਿਣਤੀ 24 ਹੈ ਕਿਉਂਕਿ ਪੰਜਾਬ ਸਰਕਾਰ ਵਲੋਂ ਪੁਲਿਸ ਦੀ ਸਹੂਲਤ ਲਈ 2 ਵੱਖਰੇ ਜ਼ਿਲ੍ਹੇ ਵੀ ਬਣਾਏ ਗਏ ਸਨ ਜਿਹੜੇ ਸਿਰਫ਼ ਪੁਲਿਸ ਪ੍ਰਬੰਧ ਤਕ ਹੀ ਸੀਮਤ ਹਨ। ਪੁਲਿਸ ਨੂੰ ਵਧੇਰੇ ਚੁਸਤ ਦਰੁਸਤ, ਜੁਰਮ ਨੂੰ ਵਧੇਰੇ ਕਾਰਗਰ ਤਰੀਕੇ ਨਾਲ ਨੱਥ ਪਾਉਣ ਅਤੇ ਪੁਲਿਸ ਪ੍ਰਬੰਧ ਨੂੰ ਮੌਜੂਦਾ ਸਮਿਆਂ ਦੇ ਹਾਣ ਦਾ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਮੁੰਬਈ ਅਤੇ ਦਿੱਲੀ ਮਹਾਂਨਗਰਾਂ ਦੀ ਤਰਜ਼ 'ਤੇ ਅੰਦਰ ਤਿੰਨ ਪੁਲਿਸ ਕਮਿਸ਼ਨਰੇਟਾਂ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਦੀ ਸਥਾਪਨਾ ਵੀ ਕੀਤੀ ਗਈ ਹੈ ਜਿਨ੍ਹਾਂ ਦੇ ਮੁਖੀਆਂ ਨੂੰ ਪੁਲਿਸ ਕਮਿਸ਼ਨਰ ਕਿਹਾ ਜਾਂਦਾ ਹੈ।

ਪੰਜਾਬ ਅੰਦਰ ਇਸ ਸਮੇਂ ਤਕਰੀਬਨ 70,000 ਪੁਲਿਸ ਫੋਰਸ ਮੌਜੂਦ ਹੈ ਜਿਹੜੀ ਸੂਬੇ ਵਿਚ ਵਸਦੇ ਲਗਭਗ 3 ਕਰੋੜ 5 ਲੱਖ ਲੋਕਾਂ ਦੀ ਜਾਨ ਅਤੇ ਮਾਲ੍ਹ ਦੀ ਰਾਖੀ ਲਈ ਤਾਇਨਾਤ ਕੀਤੀ ਗਈ ਹੈ। ਇਸ ਤੋਂ ਪਤਾ ਲਗਦਾ ਹੈ ਕਿ ਪੰਜਾਬ ਵਿਚ 436 ਬੰਦਿਆਂ ਦੀ ਰਾਖੀ ਲਈ ਇਕ ਪੁਲਿਸ ਕਰਮਚਾਰੀ ਮੌਜੂਦ ਹੈ। ਇਸ ਤੋਂ ਇਲਾਵਾ ਇਹ ਫ਼ੋਰਸ ਪੰਜਾਬ ਆਰਮਡ ਪੁਲਿਸ, ਇੰਡੀਅਨ ਰਿਜ਼ਰਵ ਬਟਾਲੀਅਨ ਅਤੇ ਪੰਜਾਬ ਕਮਾਂਡੋ ਪੁਲਿਸ ਦੇ ਨਾਂਅ ਹੇਠ ਡਿਊਟੀਆਂ ਨਿਭਾਅ ਕੇ ਅਪਣਾ ਫ਼ਰਜ਼ ਅਦਾ ਕਰ ਰਹੀ ਹੈ।

1861 ਦੇ ਇਕ ਕਾਨੂੰਨ ਮੁਤਾਬਕ ਅੰਗਰੇਜ਼ ਸਰਕਾਰ ਵਲੋਂ ਗਠਿਤ ਕੀਤੀ ਪੰਜਾਬ ਪੁਲਿਸ ਫੋਰਸ ਦਾ ਇਸ ਸਮੇਂ ਸਾਲਾਨਾ ਬਜਟ ਲਗਭਗ 6452 ਕਰੋੜ ਰੁਪਏ ਹੈ। ਪੰਜਾਬ ਪੁਲਿਸ ਦੀਆਂ ਇਸ ਸਮੇਂ ਸੱਤ ਰੇਂਜਾਂ ਹਨ ਜਿਨ੍ਹਾਂ ਵਿਚ ਬਾਰਡਰ ਰੇਂਜ, ਪਟਿਆਲਾ ਰੇਂਜ, ਰੂਪਨਗਰ, ਜਲੰਧਰ, ਲੁਧਿਆਣਾ, ਬਠਿੰਡਾ ਅਤੇ ਫ਼ਿਰੋਜ਼ਪੁਰ ਸ਼ਾਮਲ ਹਨ। ਸੂਬੇ ਅੰਦਰ ਇਸ ਸਮੇਂ ਡੀ.ਜੀ.ਪੀ. ਰੈਂਕ ਦੇ 9 ਅਧਿਕਾਰੀ ਅਤੇ ਏ.ਡੀ.ਜੀ.ਪੀ. ਰੈਂਕ ਦੇ 13 ਪੁਲਿਸ ਅਧਿਕਾਰੀ ਮੌਜੂਦ ਮੌਜੂਦ ਹਨ ਤੇ ਇਸ ਦੇ ਨਾਲੋ-ਨਾਲ ਸੂਬੇ ਅੰਦਰ ਵੀ.ਆਈ.ਪੀਜ਼ ਦੀ ਸਕਿਉਰਟੀ ਲਈ ਤਕਰੀਬਨ 7000 ਸਿਪਾਹੀ ਵੀ ਤਾਇਨਾਤ ਕੀਤੇ ਗਏ ਹਨ।

ਇਕ ਸੇਵਾ ਮੁਕਤ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਕ ਥਾਣੇ ਵਿਚ ਹਰ ਛੇ ਮਹੀਨਿਆਂ ਅੰਦਰ ਲਗਭਗ 250 ਕੇਸ ਦਰਜ ਹੁੰਦੇ ਹਨ ਤੇ ਇਨ੍ਹਾਂ ਤੋਂ ਇਲਾਵਾ 150 ਵੱਖ-ਵੱਖ ਤਰ੍ਹਾਂ ਦੀਆਂ ਦਰਖਾਸਤਾਂ ਵੀ ਆਉਂਦੀਆਂ ਹਨ। ਇਸ ਦੇ ਨਾਲੋ-ਨਾਲ ਇਸੇ ਅਰਸੇ ਦੌਰਾਨ 50-60 ਦਰਖਾਸਤਾਂ ਪੁਨਰ ਪੜਤਾਲ ਲਈ ਵੀ ਆ ਜਾਂਦੀਆਂ ਹਨ ਪਰ ਥਾਣਿਆਂ ਅੰਦਰ ਪੁਲਿਸ ਨਫ਼ਰੀ ਦੀ ਵਿਆਪਕ ਘਾਟ ਦੇ ਚਲਦਿਆਂ ਥਾਣਾ ਮੁਖੀ ਨੂੰ 24 ਘੰਟੇ ਘੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਉਨ੍ਹਾਂ ਦਸਿਆ ਕਿ ਕੰਮ ਦੇ ਭਾਰੀ ਬੋਝ ਨੂੰ ਨਿਪਟਾਉਣ ਲਈ ਹਰ ਥਾਣੇ ਅੰਦਰ ਤਿੰਨ ਮੁਨਸ਼ੀ, ਇਕ ਕੰਪਿਊਟਰ ਆਪਰੇਟਰ, ਇਕ ਡਾਕ ਵਾਲਾ, ਤਿੰਨ ਵਾਇਰਲੈਸ ਕਰਮਚਾਰੀ, ਤਿੰਨ ਸੰਤਰੀ ਅਤੇ ਘੱਟੋ ਘੱਟ 35-40 ਪੁਲਿਸ ਕਰਮਚਾਰੀ ਹਰ ਸਮੇਂ ਲੋੜੀਂਦੇ ਹਨ ਕਿਉਂਕਿ ਪੁਲਿਸ ਗਸ਼ਤ, ਪੁਲਿਸ ਨਾਕੇ, ਵੀ.ਆਈ.ਪੀ.ਡਿਊਟੀਆਂ, ਰੇਡਾਂ ਅਤੇ ਹੋਰ ਅਨੇਕਾਂ ਕਿਸਮ ਦੇ ਕੰਮ ਹੁੰਦੇ ਹਨ ਜਿਸ ਸਦਕਾ ਸਮਾਜ ਅੰਦਰ ਜੁਰਮ ਨੂੰ ਕਾਰਗਰ ਤਰੀਕੇ ਨਾਲ ਨੱਥ ਪਾਈ ਜਾ ਸਕਦੀ ਹੈ।

ਪੁਲਿਸ ਥਾਣਿਆਂ ਵਿਚ ਨਫ਼ਰੀ ਦੀ ਵਿਆਪਕ ਘਾਟ ਜੁਰਮ ਕਰਨ ਵਾਲਿਆਂ ਨੂੰ ਨੱਥ ਪਾਉਣ ਲਈ ਅਤੇ ਲੋਕਾਂ ਨੂੰ ਇਨਸਾਫ਼ ਦੇਣ ਲਈ ਸੱਭ ਤੋਂ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਸੋ, ਵਧ ਰਹੇ ਅਪਰਾਧਾਂ ਨੂੰ ਨੱਥ ਪਾਉਣ ਲਈ ਸੂਬਾ ਸਰਕਾਰ ਨੂੰ ਥਾਣਿਆਂ ਵਿਚ ਨਫ਼ਰੀ ਵਧਾਉਣ ਦੀ ਸਖ਼ਤ ਜ਼ਰੂਰਤ ਹੈ। ਉਨ੍ਹਾਂ ਇਹ ਵੀ ਦਸਿਆ ਕਿ ਮੌਜੂਦਾ ਕਰੋਨਾਵਾਇਰਸ ਦੇ ਕਹਿਰ ਕਾਰਨ ਪੁਲਿਸ ਕਰਮਚਾਰੀਆਂ ਦੀਆਂ ਜ਼ਿੰਮੇਵਾਰੀਆਂ ਇਸ ਕਦਰ ਵਧ ਚੁੱਕੀਆਂ ਹਨ ਕਿ ਕੁੱਝ ਕਰਮਚਾਰੀ ਕੰਮ ਦੇ ਵੱਧ ਬੋਝ ਕਾਰਨ ਛੁੱਟੀ ਲੈਣ ਤੋਂ ਵੀ ਅਸਮਰਥ ਹਨ।