ਘਰ-ਘਰ ਜਾ ਕੇ ਬਰੈੱਡ ਵੇਚਣ ਲਈ ਮਜਬੂਰ ਰਾਸ਼ਟਰੀ ਖਿਡਾਰਨ ਦੀ 'ਉੱਚਾ ਦਰ ਬਾਬੇ ਨਾਨਕ ਦਾ' ਨੇ ਫੜੀ ਬਾਂਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

40 ਹਜ਼ਾਰ ਰੁਪਏ ਦਾ ਚੈੱਕ ਮਦਦ ਦੇ ਤੌਰ 'ਤੇ ਕੀਤਾ ਭੇਂਟ

sell bread

ਪਟਿਆਲਾ : ਘਰ-ਘਰ ਜਾ ਕੇ ਬਰੈੱਡ ਵੇਚਣ ਲਈ ਮਜਬੂਰ ਵੇਟਲਿਫ਼ਟਿੰਗ ਵਿਚ ਰਾਸ਼ਟਰੀ ਪੱਧਰ 'ਤੇ ਪਟਿਆਲਾ ਦਾ ਨਾਮ ਰੋਸ਼ਨ ਕਰਨ ਵਾਲੀ ਖਿਡਾਰਨ ਬੀਬੀ ਅੰਮ੍ਰਿਤ ਕੌਰ ਨੂੰ 'ਉੱਚਾ ਦਰ ਬਾਬੇ ਨਾਨਕ ਦਾ' ਵਲੋਂ 40 ਹਜ਼ਾਰ ਰੁਪਏ ਦਾ ਚੈੱਕ ਮਦਦ ਦੇ ਤੌਰ 'ਤੇ ਭੇਂਟ ਕੀਤਾ ਗਿਆ।

ਇਹ ਚੈੱਕ 'ਉੱਚਾ ਦਰ ਬਾਬੇ ਨਾਨਕ ਦਾ' ਦੇ ਟਰੱਸਟੀ ਡਾਕਟਰ ਗੁਰਦੀਪ ਸਿੰਘ ਵਲੋਂ ਭੇਂਟ ਕੀਤਾ ਗਿਆ। ਇਸ ਸਮੇਂ ਸ. ਜੋਗਿੰਦਰ ਸਿੰਘ ਜੀ ਨੇ ਅੰਮ੍ਰਿਤ ਕੌਰ ਨੂੰ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਸਮੇਂ ਵਿਚ ਵੀ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।

ਸ. ਜੋਗਿੰਦਰ ਸਿੰਘ ਜੀ ਨੇ ਬੀਬੀ ਅੰਮ੍ਰਿਤ ਕੌਰ ਨੂੰ ਕਿਹਾ ਕਿ ਉਹ ਬਾਹਰੀ ਕੰਮਕਾਜ ਨੂੰ ਛੱਡ ਕੇ ਅਪਣਾ ਕੁੱਝ ਅਜਿਹਾ ਕਾਰੋਬਾਰ ਸ਼ੁਰੂ ਕਰਨ ਜਿਸ ਨਾਲ ਉਹ ਤਰੱਕੀਆਂ ਕਰ ਸਕਣ ਅਤੇ ਅਪਣੇ ਬੱਚਿਆਂ ਨੂੰ ਵੀ ਸਮਾਂ ਦੇ ਸਕਣ।

ਰਾਸ਼ਟਰੀ ਖਿਡਾਰਨ ਬੀਬੀ ਅੰਮ੍ਰਿਤ ਕੌਰ ਨੇ ਸ.ਜੋਗਿੰਦਰ ਸਿੰਘ ਜੀ ਦਾ ਧਨਵਾਦ ਕਰਦਿਆਂ ਆਖਿਆ ਕਿ ਉਹ ਉਨ੍ਹਾਂ ਦੀ ਕਹੀ ਗੱਲ 'ਤੇ ਪੂਰਨ ਤੌਰ 'ਤੇ ਧਿਆਨ ਦੇਵੇਗੀ ਅਤੇ ਉਹ ਅਪਣਾ ਹੀ ਖ਼ੁਦ ਦਾ ਕੋਈ ਕਾਰੋਬਾਰ ਸ਼ੁਰੂ ਕਰੇਗੀ ਜਿਸ ਨਾਲ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿਚ ਤਰੱਕੀਆਂ ਮਿਲ ਸਕਣ ਅਤੇ ਅਪਣੇ ਬੱਚਿਆਂ ਦਾ ਚੰਗੀ ਤਰ੍ਹਾਂ ਗੁਜ਼ਾਰਾ ਕਰ ਸਕਣ।

ਬੀਬੀ ਅੰਮ੍ਰਿਤ ਕੌਰ ਨੇ ਕਿਹਾ ਕਿ ਉਹ ਇਸ 40 ਹਜ਼ਾਰ ਰੁਪਏ ਦੀ ਰਕਮ ਨੂੰ ਅਪਣੇ ਬੱਚਿਆਂ ਦੇ ਭਵਿੱਖ ਲਈ ਜੋੜੇਗੀ ਅਤੇ ਜੇਕਰ ਕਿਸੇ ਹੋਰ ਪਾਸੋਂ ਵੀ ਮਦਦ ਹੁੰਦੀ ਹੈ ਤਾਂ ਉਹ ਅਪਣੇ ਬੱਚਿਆਂ ਨੂੰ ਚੰਗੀ ਸਿਖਿਆ ਦੇ ਕੇ ਇਕ ਇਮਾਨਦਾਰ ਅਤੇ ਨੇਕ ਇਨਸਾਨ ਬਣਾਵੇਗੀ।

ਜ਼ਿਕਰਯੋਗ ਹੈ ਕਿ ਬੀਬੀ ਅੰਮ੍ਰਿਤ ਕੌਰ ਜਿਸ ਨੇ ਦੇਸ਼ ਲਈ ਵੇਟਲਿਫ਼ਟਿੰਗ ਦੇ ਮੁਕਾਬਲਿਆਂ ਵਿਚ ਸੋਨੇ ਦੇ ਤਮਗ਼ੇ ਅਤੇ ਟਰਾਫ਼ੀਆਂ ਜਿੱਤੀਆਂ ਸਨ। ਅੰਮ੍ਰਿਤ ਕੌਰ ਦੇ ਦੋ ਬੱਚੇ ਹਨ ਜੋ ਕਿ ਅਜੇ ਛੋਟੇ ਹਨ, ਜਿਨ੍ਹਾਂ ਦਾ ਉਹ ਇਕੱਲੀ ਲੋਕਾਂ ਦੇ ਘਰ ਘਰ ਸਾਈਕਲ 'ਤੇ ਜਾ ਕੇ ਦੁੱਧ, ਬਰੈੱਡ, ਬਿਸਕੁਟ ਆਦਿ ਹੋਰ ਸਮਾਨ ਵੇਚ ਕੇ ਗੁਜ਼ਾਰਾ ਕਰਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ