ਪੰਜਾਬ : ਇਕੋ ਦਿਨ 'ਚ ਆਏ 250 ਤੋਂ ਵੱਧ ਰੀਕਾਰਡ ਕੋਰੋਨਾ ਪਾਜ਼ੇਟਿਵ ਕੇਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚਾਰ ਹੋਰ ਮੌਤਾਂ, ਪਾਜ਼ੇਟਿਵ ਕੇਸਾਂ ਦਾ ਕੁਲ ਅੰਕੜਾ ਹੋਇਆ 6300 ਤੋਂ ਪਾਰ

Coronavirus

ਚੰਡੀਗੜ੍ਹ, 5 ਜੁਲਾਈ (ਗੁਰਉਪਦੇਸ਼ ਭੁੱਲਰ): ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦੇ ਪੰਜਾਬ ਵਿਚ ਵੀ ਇਸ ਭਿਆਨਕ ਬੀਮਾਰੀ ਦਾ ਕਹਿਰ ਘਟਣ ਦੀ ਥਾਂ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਹੁਣ ਇਹ ਕੁੱਝ ਜ਼ਿਲ੍ਹਿਆਂ ਤਕ ਸੀਮਤ ਨਾ ਰਹਿ ਕੇ ਪੂਰੇ ਸੂਬੇ ਵਿਚ ਅਪਣਾ ਅਸਰ ਦਿਖਾ ਰਿਹਾ ਹੈ। ਅੱਜ ਐਤਵਾਰ ਵੀ ਸੂਬੇ ਲਈ ਮਾੜਾ ਹੀ ਰਿਹਾ। ਇਕੋ ਦਿਨ ਵਿਚ 250 ਤੋਂ ਵੱਧ ਰੀਕਾਰਡ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਹੁਣ ਕੁਲ ਅੰਕੜਾ 6300 ਤੋਂ ਪਾਰ ਹੋ ਗਿਆ ਹੈ। ਮੌਤਾਂ ਦੀ ਗਿਣਤੀ ਵੀ 3 ਹੋਰ ਮੌਤਾਂ ਹੋਣ ਤੋਂ ਬਾਅਦ 168 ਤਕ ਪਹੁੰਚ ਗਈ ਹੈ।

ਅੱਜ ਲੁਧਿਆਣਾ 'ਚ 2, ਪਟਿਆਲਾ ਤੇ ਤਰਨਤਾਰਨ ਵਿਚ ਇਕ ਇਕ ਮੌਤ ਹੋਈ ਹੈ। ਜ਼ਿਕਰਯੋਗ ਗੱਲ ਹੈ ਕਿ ਲੁਧਿਆਣਾ ਤੇ ਜਲੰਧਰ ਵਿਚ ਅੱਜ ਮੁੜ ਕੋਰੋਨਾ ਧਮਾਕਾ ਹੋਏ ਹਨ। ਜਿਥੇ ਇਕੋ ਦਿਨ ਵਿਚ 70-84 ਹੋਰ ਪਾਜ਼ੇਟਿਵ ਮਾਮਲੇ ਆਏ ਹਨ। ਪਟਿਆਲਾ ਵਿਚ ਵੀ 26 ਤੇ ਮੋਹਾਲੀ ਵਿਚ 16 ਮਾਮਲੇ ਆਏ ਹਨ। ਅੱਜ ਲੁਧਿਆਣਾ ਵਿਚ 26 ਕੈਦੀਆਂ ਦੀ ਰੀਪੋਰਟ ਵੀ ਪਾਜ਼ੇਟਿਵ ਆਉਣ ਨਾਲ ਜੇਲ ਵਿਚ ਹਲਚਲ ਮਚੀ ਹੋਈ ਹੈ। ਪੁਲਿਸ ਤੇ ਹੈਲਥ ਸਟਾਫ਼ ਦੇ ਵੀ ਸੂਬੇ ਵਿਚ ਲਾਗਤਾਰ ਕਈ ਥਾਵਾਂ ਤੋਂ ਪਾਜ਼ੇਟਿਵ ਮਾਮਲੇ ਆਉਣ ਕਾਰਨ ਸਥਿਤੀ ਚਿੰਤਾਜਨਕ ਬਣੀ ਹੋਈ ਹੈ।

4408 ਮਰੀਜ਼ ਅੱਜ ਤਕ ਠੀਕ ਵੀ ਹੋਏ ਹਨ ਅਤੇ ਕੁਲ ਪਾਜ਼ੇਟਿਵ ਅੰਕੜਾ ਸ਼ਾਮ ਤਕ 6350 ਦਰਜ ਕੀਤਾ ਗਿਆ ਹੈ। 1711 ਇਲਾਜ ਅਧੀਨ ਮਰੀਜ਼ਾਂ ਵਿਚੋਂ 26 ਆਕਸੀਜਨ ਤੇ 3 ਵੈਂਟੀਲੇਟਰ 'ਤੇ ਹਨ। ਜ਼ਿਲ੍ਹਾ ਵਾਰ ਕੁਲ ਪਾਜ਼ੇਟਿਵ ਕੇਸਾਂ ਦੇ ਅੰਕੜੇ ਵਿਚ ਲੁਧਿਆਦਾ 1079 ਨਾਲ ਸੱਭ ਤੋਂ ਉਪਰ ਹੈ। ਇਸ ਤੋਂ ਬਾਅਦ ਅੰਮ੍ਰਿਤਸਰ ਜ਼ਿਲ੍ਹੇ ਵਿਚ 957 ਅਤੇ ਜਲੰਧਰ ਵਿਚ ਵੀ ਕੁਲ ਪਾਜ਼ੇਟਿਵ ਅੰਕੜਾ 900 ਤੋਂ ਪਾਰ ਕਰ ਚੁੱਕਾ ਹੈ

ਲੁਧਿਆਣਾ ਦੀ ਕੇਂਦਰੀ ਜੇਲ 'ਤੇ ਕੋਰੋਨਾ ਦਾ ਵੱਡਾ ਹਮਲਾ, 26 ਬੰਦੀਆਂ ਦੀ ਰੀਪੋਰਟ ਆਈ ਪਾਜ਼ੇਟਿਵ
ਲੁਧਿਆਣਾ, 5 ਜੁਲਾਈ (ਪਪ) : ਲੁਧਿਆਣਾ ਦੀ ਸੈਂਟਰਲ ਜੇਲ 'ਤੇ ਕੋਰੋਨਾ ਲਾਗ ਦੀ ਬੀਮਾਰੀ ਨੇ ਵੱਡਾ ਹਮਲਾ ਬੋਲਿਆ ਹੈ। ਜੇਲ ਵਿਚ 26 ਬੰਦੀਆਂ ਦੀ ਕੋਰੋਨਾ ਮਹਾਂਮਾਰੀ ਦੀ ਜਾਂਚ ਰੀਪੋਰਟ ਪਾਜ਼ੇਟਿਵ ਆਈ ਹੈ। ਬੰਦੀਆਂ 'ਚ ਕੋਰੋਨਾ ਦੀ ਪੁਸ਼ਟੀ ਹੋਣ ਤੋਂ ਬਾਅਦ ਵਿਭਾਗ ਵਿਚ ਹਲਚਲ ਪੈਦਾ ਹੋ ਗਈ ਹੈ। ਬੀਤੇ ਦਿਨੀਂ ਜੇਲ ਵਿਚ ਹੀ ਬੰਦੀਆਂ ਦੇ ਮਹਾਂਮਾਰੀ ਜਾਂਚ ਸੈਂਪਲ ਲੈਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ, ਜਿਸ ਕਾਰਨ ਵੱਖ-ਵੱਖ ਮਾਮਲਿਆਂ ਅਧੀਨ ਕੁਆਰੰਟੀਨ ਬੈਰਕ ਵਿਚ ਬੰਦ 26 ਬੰਦੀਆਂ ਦੀ ਰੀਪੋਰਟ ਪਾਜ਼ੇਟਿਵ ਆਈ ਹੈ।

ਪਾਜ਼ੇਟਿਵ ਰਿਪੋਰਟ ਆਉਣ 'ਤੇ ਉਪਰੋਕਤ ਬੰਦੀ ਕੁਆਰੰਟੀਨ ਬੈਰਕ ਵਿਚ ਹੀ ਰੱਖੇ ਗਏ। ਉਚ ਅਧਿਕਾਰੀਆਂ ਤੋਂ ਨਿਰਦੇਸ਼ ਮਿਲਣ ਉਪਰੰਤ ਪਾਜ਼ੇਟਿਵ ਰੀਪੋਰਟ ਵਾਲੇ ਬੰਦੀਆਂ ਨੂੰ ਜੇਲ ਤੋਂ ਬਾਹਰ ਹਸਪਤਾਲ 'ਚ ਭੇਜਿਆ ਜਾਵੇਗਾ। ਵਰਨਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਪੰਜ ਬੰਦਿਆਂ ਦੀ ਕੋਰੋਨਾ ਮਹਾਂਮਾਰੀ ਦੀ ਰੀਪੋਰਟ ਪਾਜ਼ੇਟਿਵ ਆਈ ਸੀ, ਜਿਨ੍ਹਾਂ ਦੀ ਕੁਲ ਗਿਣਤੀ 31 ਹੋ ਗਈ ਹੈ।