ਲੋਕਲ ਬਾਡੀਜ਼ ਵਿਭਾਗ ਦਾ ਮੁੱਖ ਦਫ਼ਤਰ ਪੰਜਾਬ ਮਿਉਂਸਪਲ ਭਵਨ ਵੀ ਕੋਰੋਨਾ ਦੀ ਚਪੇਟ ਵਿਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਦੇ ਲੋਕਲ ਬਾਡੀਜ਼ ਵਿਭਾਗ ਦਾ ਚੰਡੀਗੜ੍ਹ ਸਥਿਤ ਮੁੱਖ ਦਫ਼ਤਰ ਮਿਉਂਸਪਲ ਭਵਨ ਪੰਜਾਬ ਵੀ ਕੋਰੋਨਾ ਵਾਇਰਸ ਦੀ ਚਪੇਟ ਵਿਚ ਆ ਗਿਆ ਹੈ।

Department of Local Government Punjab

ਚੰਡੀਗੜ੍ਹ, 5 ਜੁਲਾਈ (ਗੁਰਉਪਦੇਸ਼ ਭੁੱਲਰ): ਪੰਜਾਬ ਸਰਕਾਰ ਦੇ ਲੋਕਲ ਬਾਡੀਜ਼ ਵਿਭਾਗ ਦਾ ਚੰਡੀਗੜ੍ਹ ਸਥਿਤ ਮੁੱਖ ਦਫ਼ਤਰ ਮਿਉਂਸਪਲ ਭਵਨ ਪੰਜਾਬ ਵੀ ਕੋਰੋਨਾ ਵਾਇਰਸ ਦੀ ਚਪੇਟ ਵਿਚ ਆ ਗਿਆ ਹੈ। ਇਥੇ ਤੈਨਾਤ ਪੀ.ਸੀ.ਐਸ.ਅਧਿਕਾਰੀ ਰਾਕੇਸ਼ ਕੁਮਾਰ ਦੀ ਕੋਰੋਨਾ ਰੀਪੋਰਟ ਪਾਜ਼ੇਟਿਵ ਆਉਣ ਬਾਅਦ ਵਿਭਾਗ ਦੇ ਹੋਰ ਅਧਿਕਾਰੀਆਂ ਤੇ ਮੁਲਾਜ਼ਮਾਂ ਵਿਚ ਖਲਬਲੀ ਤੇ ਘਬਰਾਹਟ ਦਾ ਮਾਹੌਲ ਬਣ ਗਿਆ ਹੈ।

ਜ਼ਿਕਰਯੋਗ ਹੈ ਕਿ ਇਥੇ ਹੀ ਤੈਨਾਤ ਇਕ ਹੋਰ ਮੁਲਾਜ਼ਮ ਦੀ ਰੀਪੋਰਟ ਵੀ ਪਿਛਲੇ ਦਿਨੀਂ ਪਾਜ਼ੇਟਿਵ ਆਈ ਸੀ ਪਰ ਉਸ ਨੂੰ ਗੰਭੀਰਤਾ ਨਾਲ ਨਹੀਂ ਸੀ ਲਿਆ ਗਿਆ ਪਰ ਹੁਣ ਪੀ.ਸੀ.ਐਸ ਅਧਿਕਾਰੀ ਜੋ ਮਿਉਂਸਪਲ ਭਵਨ ਵਿਚ ਜਾਇੰਟ ਡਾਇਰੈਕਟਰ ਪੱਧਰ ਦੇ ਅਹੁਦੇ 'ਤੇ ਸਨ, ਦੀ ਰੀਪੋਰਟ ਪਾਜ਼ੇਟਿਵ ਆਉਣ ਬਾਅਦ ਸਰਕਾਰ ਹਰਕਤ ਵਿਚ ਆਈ ਹੈ ਅਤੇ ਲੋਕਲ ਬਾਡੀਜ਼ ਵਿਭਾਗ ਦੇ ਸੂਬਾ ਮੁੱਖ ਦਫ਼ਤਰ ਪੰਜਾਬ ਮਿਉਂਸਪਲ ਭਵਨ ਨੂੰ 7 ਜੁਲਾਈ ਤਕ ਬੰਦ ਕਰ ਦਿਤਾ ਗਿਆ ਹੈ। ਇਸ ਸਬੰਧ ਵਿਚ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਦੀਆਂ ਹਦਾਇਤਾਂ ਬਾਅਦ ਲਿਖਤੀ ਹੁਕਮ ਜਾਰੀ ਕੀਤੇ ਗਏ ਸਨ। ਇਸ ਹੁਕਮ ਵਿਚ ਵਿਭਾਗ ਦੇ ਸਟਾਫ਼ ਨੂੰ ਛੁੱਟੀ 'ਤੇ ਨਾ ਜਾਣ ਅਤੇ ਚੰਡੀਗੜ੍ਹ ਵਿਚ ਹੀ ਉਪਲਬੱਧ ਰਹਿਣ ਦੇ ਨਿਰਦੇਸ਼ ਦਿਤੇ ਗਏ ਹਨ।

ਮੁੱਖ ਦਫ਼ਤਰ ਦੇ ਪੂਰੇ ਭਵਨ ਵਿਚ ਸਥਿਤ ਸਾਰੀਆਂ ਇਮਾਰਤਾਂ ਨੂੰ ਪੂਰੀ ਤਰ੍ਹਾਂ ਸੈਨੀਟਾਈਜ਼ੇਸ਼ਨ ਕਰਨ ਲਈ ਕਿਹਾ ਗਿਆ ਹੈ। ਪੀ.ਸੀ.ਐਸ. ਅਫ਼ਸਰ ਦੇ ਪਰਵਾਰਕ ਮੈਂਬਰਾਂ ਨੂੰ ਵੀ ਇਕਾਂਤਵਾਸ ਕਰ ਦਿਤਾ ਗਿਆ ਹੈ ਤੇ ਉਨ੍ਹਾਂ ਨੂੰ ਮਿਲਣ ਵਾਲੇ ਹੋਰ ਲੋਕਾਂ ਦੀ ਜਾਣਕਾਰੀ ਵੀ ਇਕੱਠੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਜਾਇੰਟ ਡਾਇਰੈਕਟਰ ਦਾ ਅਹੁਦਾ ਇਸ ਵਿਭਾਗ ਵਿਚ ਅਹਿਮ ਹੈ ਜਿਸ ਦਾ ਵਾਹ ਰੋਜ਼ਾਨਾ ਕੰਮਾਂ-ਕਾਰਾਂ ਵਾਲੇ ਬਾਹਰੋਂ ਆਏ ਲੋਕਾਂ ਤੇ ਵਿਭਾਗ ਦੇ ਹੋਰ ਅਧਿਕਾਰੀਆਂ ਨਾਲ ਪੈਂਦਾ ਹੈ। ਪੂਰੇ ਸੂਬੇ ਵਿਚ ਨਗਰ ਨਿਗਮਾਂ ਦੇ ਮੇਅਰ, ਕੌਂਸਲਾਂ ਦੇ ਪ੍ਰਧਾਨ ਅਤੇ ਨਿਗਮਾਂ ਤੇ ਕੌਂਸਲਾਂ ਦੇ ਈ.ਓ. ਤੇ ਹੋਰ ਸਟਾਫ਼ ਮੈਂਬਰ ਪੰਜਾਬ ਮਿਉਂਸਪਲ ਭਵਨ ਵਿਚ ਕੰਮਕਾਰਾਂ ਲਈ ਆਉਂਦੇ ਰਹਿੰਦੇ ਹਨ। ਇਥੇ ਵਿਭਾਗ ਦੇ ਮੰਤਰੀ ਦਾ ਸਕੱਤਰੇਤ ਤੋਂ ਇਲਾਵਾ ਇਕ ਵਖਰਾ ਦਫ਼ਤਰ ਵੀ ਬਣਿਆ ਹੋਇਆ ਹੈ। ਇਹ ਭਵਨ ਆਲੀਸ਼ਾਨ ਬਿਲਡਿੰਗਾਂ ਵਾਲਾ ਹੈ, ਜੋ ਕਿਸੇ ਫ਼ਾਈਵ ਸਟਾਰ ਹੋਟਲ ਵਰਗਾ ਲਗਦਾ ਹੈ।