ਮੈਡੀਕਲ ਕਾਲਜਾਂ ਦੀਆਂ ਖ਼ਾਲੀ ਅਸਾਮੀਆਂ ਜਲਦੀ ਭਰੀਆਂ ਜਾਣਗੀਆਂ : ਸੋਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰਿੰਸੀਪਲਾਂ ਨੂੰ ਵੀ ਦਿਤੇ ਆਊਟ ਸੋਰਸਿੰਗ ਰਾਹੀਂ ਭਰਤੀ ਕਰਨ ਦੇ ਅਧਿਕਾਰ

OP Soni

ਅੰਮ੍ਰਿਤਸਰ, 5 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ) : ਮੈਡੀਕਲ ਕਾਲਜਾਂ ਵਿਚ ਖਾਲੀ ਪਈਆਂ ਅਸਾਮੀਆਂ ਭਰਨ ਲਈ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਅਤੇ ਜਲਦੀ ਹੀ ਪੰਜਾਬ ਦੇ ਸਾਰੇ ਮੈਡੀਕਲ ਕਾਲਜਾਂ ਦੀਆਂ ਅਸਾਮੀਆਂ ਭਰ ਦਿਤੀਆਂ ਜਾਣਗੀਆਂ। ਉਕਤ ਸ਼ਬਦਾਂ ਦਾ ਪ੍ਰਗਟਾਵਾ ਮੈਡੀਕਲ ਸਿਖਿਆ ਤੇ ਖੋਜ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਸਰਕਟ ਹਾਊਸ ਵਿਚ ਜ਼ਿਲ੍ਹਾ ਅਧਿਕਾਰੀਆਂ ਨਾਲ ਕੋਵਿਡ-19 ਦੇ ਮਾਮਲੇ ਉਤੇ ਕੀਤੀ ਹਫ਼ਤਾਵਾਰੀ ਮੀਟਿੰਗ ਉਪਰੰਤ ਮੀਡੀਏ ਨਾਲ ਗੱਲਬਾਤ ਕਰਦੇ ਕੀਤਾ। ਇਨ੍ਹਾਂ ਪੋਸਟਾਂ ਤੋਂ ਇਲਾਵਾ ਵੀ ਜੇਕਰ ਅਮਲੇ ਦੀ ਕਿਸੇ ਖੇਤਰ ਵਿਚ ਅਮਲੇ ਦੀ ਲੋੜ ਪੈਂਦੀ ਹੈ ਤਾਂ ਉਹ ਅਧਿਕਾਰ ਕਾਲਜ ਪ੍ਰਿੰਸੀਪਲ ਨੂੰ ਦੇ ਦਿਤੇ ਗਏ ਹਨ ਅਤੇ ਉਹ ਆਊਟ ਸੋਰਸਿੰਗ ਰਾਹੀਂ ਇਹ ਭਰਤੀ ਕਰ ਸਕਦੇ ਹਨ।

ਅੰਮ੍ਰਿਤਸਰ ਵਿਚ ਕੋਵਿਡ-19 ਦੀ ਸਥਿਤੀ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਸਥਿਤੀ ਕੰਟਰੋਲ ਹੇਠ ਹੈ, ਪਰ ਲਾਪਰਵਾਹੀ ਦੀ ਕੋਈ ਗੁੰਜਾਇਸ਼ ਨਹੀਂ ਹੈ। ਅਸੀਂ ਮਿਸ਼ਨ ਫ਼ਤਿਹ ਤਹਿਤ ਲੋਕਾਂ ਨੂੰ ਘਰ-ਘਰ ਜਾ ਕੇ ਸਿਹਤ ਵਿਭਾਗ ਦੀਆਂ ਸਾਵਧਾਨੀਆਂ ਬਾਰੇ ਦੱਸ ਰਹੇ ਹਾਂ, ਪਰ ਅਜੇ ਵੀ ਕੁੱਝ ਲੋਕ ਸੜਕ ਉਤੇ ਅਜਿਹੇ ਵਿਖਾਈ ਪੈ ਜਾਂਦੇ ਹਨ, ਜੋ ਕਿ ਆਮ ਦੀ ਤਰ੍ਹਾਂ ਬਿਨਾਂ ਮਾਸਕ ਪਾਏ ਅਤੇ ਬਿਨਾਂ ਕਿਸੇ ਨਿਜੀ ਦੂਰੀ ਰੱਖੇ ਵਿਚਰਦੇ ਹਨ। ਪੰਜਾਬ ਵਿਚ ਤਿੰਨ ਲੱਖ ਤੋਂ ਵੱਧ ਟੈਸਟ ਕਰ ਚੁੱਕੇ ਹਾਂ ਅਤੇ ਰੋਜ਼ਾਨਾ ਤਿੰਨ ਹਜ਼ਾਰ ਟੈਸਟ ਇਕੱਲੇ ਅੰਮ੍ਰਿਤਸਰ ਵਿਚ ਹੋ ਰਿਹਾ ਹੈ।