'ਸਾਰੇ ਹਿੰਦੂਆਂ ਮੁਸਲਮਾਨਾਂ ਦਾ ਇਕੋ ਡੀ.ਐਨ.ਏ.' ਵਾਲੇ ਬਿਆਨ ਮਗਰੋਂ ਸੱਭ ਪਾਸਿਉਂ ਹਮਲਾ
'ਸਾਰੇ ਹਿੰਦੂਆਂ ਮੁਸਲਮਾਨਾਂ ਦਾ ਇਕੋ ਡੀ.ਐਨ.ਏ.' ਵਾਲੇ ਬਿਆਨ ਮਗਰੋਂ ਸੱਭ ਪਾਸਿਉਂ ਹਮਲਾ
ਹਿੰਦੂ-ਮੁਸਲਮਾਨ ਵਖਰੇ ਨਹੀਂ, ਸਾਰੇ ਭਾਰਤੀਆਂ ਦਾ ਡੀ.ਐਨ.ਏ. ਇਕ : ਮੋਹਨ ਭਾਗਵਤ
ਗਾਜ਼ੀਆਬਾਦ, 5 ਜੁਲਾਈ : ਰਾਸ਼ਟਰੀ ਸਵੈ ਸੇਵਕ ਸੰਘ (ਆਰ. ਐਸ. ਐਸ.) ਦੇ ਮੁਖੀ ਮੋਹਨ ਭਾਗਵਤ ਨੇ ਐਤਵਾਰ ਨੂੰ ਕਿਹਾ ਕਿ ਸੱਭ ਭਾਰਤੀਆਂ ਦਾ ਡੀ. ਐਨ. ਏ. ਇਕ ਹੈ, ਭਾਵੇਂ ਉਹ ਕਿਸੇ ਵੀ ਧਰਮ ਦੇ ਹੋਣ | ਉਨ੍ਹਾਂ ਕਿਹਾ ਕਿ ਹਿੰਦੂ-ਮੁਸਲਮਾਨ ਵੱਖ-ਵੱਖ ਨਹੀਂ ਸਗੋਂ ਇਕ ਹਨ | ਪੂਜਾ ਕਰਨ ਦੇ ਤਰੀਕੇ ਦੇ ਆਧਾਰ 'ਤੇ ਲੋਕਾਂ ਨਾਲ ਵਿਤਕਰਾ ਨਹੀਂ ਕੀਤਾ ਜਾ ਸਕਦਾ |
ਮੁਸਲਿਮ ਰਾਸ਼ਟਰੀ ਮੰਚ ਵਲੋਂ ਕਰਵਾਏ ਇਕ ਪ੍ਰੋਗਰਾਮ ਵਿਚ ਐਤਵਾਰ ਆਰ. ਐਸ. ਐਸ. ਦੇ ਮੁਖੀ ਨੇ ਭੀੜ ਵਲੋਂ ਕੁਟ ਕੁਟ ਕੇ ਮਾਰ ਦੇਣ (ਲਿੰਚਿੰਗ) ਨੂੰ ਲੈ ਕੇ ਕਿਹਾ ਕਿ ਇਸ ਵਿਚ ਸ਼ਾਮਲ ਲੋਕ ਹਿੰਦੂਵਾਦ ਦੇ ਵਿਰੁਧ ਹਨ | ਜੇ ਕੋਈ ਹਿੰਦੂ ਕਹਿੰਦਾ ਹੈ ਕਿ ਇਥੇ ਕੋਈ ਮੁਸਲਮਾਨ ਨਹੀਂ ਰਹਿਣਾ ਚਾਹੀਦਾ ਤਾਂ ਉਹ ਵਿਅਕਤੀ ਹਿੰਦੂ ਨਹੀਂ ਹੈ | ਗਊ ਇਕ ਪਵਿੱਤਰ ਜਾਨਵਰ ਹੈ ਪਰ ਜਿਹੜੇ ਵਿਅਕਤੀ ਦੂਜਿਆਂ ਨੂੰ ਮਾਰ ਰਹੇ ਹਨ, ਉਹ ਹਿੰਦੂਵਾਦ ਦੇ ਵਿਰੁਧ ਜਾ ਰਹੇ ਹਨ | ਕਾਨੂੰਨ ਨੂੰ ਬਿਨਾਂ ਕਿਸੇ ਵਿਤਕਰੇ ਦੇ ਉਨ੍ਹਾਂ ਵਿਰੁਧ ਕੰਮ ਕਰਨਾ ਚਾਹੀਦਾ ਹੈ |
ਉਨ੍ਹਾਂ ਕਿਹਾ ਕਿ ਇਹ ਸਿੱਧ ਹੋ ਚੁੱਕਾ ਹੈ ਕਿ ਪਿਛਲੇ 40,000 ਸਾਲਾਂ ਤੋਂ ਅਸੀਂ ਇਕ ਹੀ ਪੂਰਵਜ ਦੇ ਵਾਰਸਾਂ ਵਿਚੋਂ ਹਾਂ |
ਭਾਰਤ ਦੇ ਲੋਕਾਂ ਦਾ ਡੀ. ਐਨ. ਏ. ਇਕੋ ਜਿਹਾ ਹੈ | ਹਿੰਦੂ ਅਤੇ ਮੁਸਲਮਾਨ ਦੋ ਗਰੁੱਪ ਨਹੀਂ ਹਨ, ਉਹ ਪਹਿਲਾਂ ਤੋਂ ਹੀ ਇਕੱਠੇ ਹਨ | ਮੋਹਨ ਭਾਗਵਤ ਨੇ ਕਿਹਾ ਕਿ ਲੋਕ ਰਾਜ ਵਿਚ ਹਿੰਦੂਆਂ ਜਾਂ ਮੁਸਲਮਾਨਾਂ ਦੀ ਇਕੱਲੀ ਮਲਕੀਅਤ ਨਹੀਂ ਹੋ ਸਕਦੀ, ਸਿਰਫ ਭਾਰਤੀਆਂ ਦੀ ਮਲਕੀਅਤ ਹੀ ਹੋ ਸਕਦੀ ਹੈ |
ਦੇਸ਼ ਵਿਚ ਏਕਤਾ ਤੋਂ ਬਿਨਾਂ ਵਿਕਾਸ ਸੰਭਵ ਨਹੀਂ ਹੈ | ਏਕਤਾ ਦਾ ਆਧਾਰ ਰਾਸ਼ਟਰਵਾਦ ਅਤੇ ਪੁਰਖਿਆਂ ਦੀ ਯਾਦ ਹੋਣੀ ਚਾਹੀਦੀ ਹੈ | (ਏਜੰਸੀ)