ਭਾਕਿਯੂ ਏਕਤਾ ਉਗਰਾਹਾਂ ਨੇ ਸਟੇਨ ਸਵਾਮੀ ਦੀ ਮੌਤ ਨੂੰ ਰਾਜਨੀਤਕ ਹਤਿਆ ਕਰਾਰ ਦਿਤਾ

ਏਜੰਸੀ

ਖ਼ਬਰਾਂ, ਪੰਜਾਬ

ਭਾਕਿਯੂ ਏਕਤਾ ਉਗਰਾਹਾਂ ਨੇ ਸਟੇਨ ਸਵਾਮੀ ਦੀ ਮੌਤ ਨੂੰ ਰਾਜਨੀਤਕ ਹਤਿਆ ਕਰਾਰ ਦਿਤਾ

image

ਬਾਘਾਪੁਰਾਣਾ, 6 ਜੁਲਾਈ (ਸੰਦੀਪ ਬਾਘੇਵਾਲੀਆ): ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵਲੋਂ ਮਨੁੱਖੀ ਹੱਕਾਂ ਨੂੰ ਸਮਰਪਿਤ 84 ਸਾਲਾਂ ਦੇ ਬੁੱਧੀਜੀਵੀ ਸਟੈਨ ਸਵਾਮੀ ਨੂੰ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋਣ ਦੇ ਬਾਵਜੂਦ ਫ਼ਿਰਕੂ ਫਾਸੀਵਾਦੀ ਮੋਦੀ ਸਰਕਾਰ ਦੁਆਰਾ ਮਨਘੜਤ ਝੂਠੇ ਕੇਸ ਵਿਚ ਆਖ਼ਰੀ ਸਾਹ ਤਕ ਸਾਲਾਂਬੱਧੀ ਜੇਲ ਡੱਕਣ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਮੌਤ ਨੂੰ ਰਾਜਨੀਤਕ ਹਤਿਆ ਕਰਾਰ ਦਿਤਾ ਗਿਆ ਹੈ। ਅਤੀ ਗੰਭੀਰ ਹਾਲਤ ਵਿਚ ਵੀ ਉਨ੍ਹਾਂ ਦੇ ਹਿਤੈਸ਼ੀਆਂ ਵਲੋਂ ਕਿਸੇ ਚੱਜ ਦੇ ਹਸਪਤਾਲ ਵਿਚ ਇਲਾਜ ਕਰਵਾਉਣ ਲਈ ਮੰਗੀ ਗਈ ਆਰਜ਼ੀ ਜ਼ਮਾਨਤ ਦੇਣ ਤੋਂ ਵੀ ਇਨਕਾਰ ਕਰ ਦਿਤਾ ਗਿਆ। 
ਪਾਰਕਿਨਸਨ ਵਰਗੀ ਨਾਮੁਰਾਦ ਬੀਮਾਰੀ ਤੋਂ ਪੀੜਤ ਸਟੇਨ ਸਵਾਮੀ ਵਲੋਂ ਉਮਰ ਭਰ ਦੱਬੇ ਕੁਚਲੇ ਲੋਕਾਂ ਨਾਲ ਡਟ ਕੇ ਖੜਨ ਦੀ ਜੈ-ਜੈਕਾਰ ਕਰਦਿਆਂ ਟਿਕਰੀ ਮੋਰਚੇ ਦਿੱਲੀ ਸਮੇਤ ਪੰਜਾਬ ਹਰਿਆਣੇ ਦੇ ਵੱਖ-ਵੱਖ ਧਰਨਿਆਂ ਵਿਚ ਉਨ੍ਹਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਂਟ ਕੀਤੀ ਗਈ। ਅੱਜ ਸਾਂਝੇ ਪ੍ਰੈੱਸ ਬਿਆਨ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦਸਿਆ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਕੀਤੇ ਫ਼ੈਸਲੇ ਮੁਤਾਬਕ 8 ਜੁਲਾਈ ਨੂੰ ਦੇਸ਼ ਭਰ ਦੇ ਸਾਰੇ ਮੁੱਖ ਸੜਕ ਮਾਰਗਾਂ ਦੀਆਂ ਦੋਵੇਂ ਸਾਈਡਾਂ ਉਪਰ ਲੱਖਾਂ ਦੀ ਤਾਦਾਦ ਵਿਚ ਟਰੈਕਟਰਾਂ ਸਮੇਤ ਹਰ ਕਿਸਮ ਦੇ ਵਹੀਕਲਜ਼ ਖੜਾ ਕੇ ਅਤੇ ਖ਼ਾਲੀ ਗੈਸ ਸਿਲੰਡਰ ਰੱਖ ਕੇ 10 ਤੋਂ 12 ਵਜੇ ਤਕ ਡੀਜ਼ਲ ਪਟਰੌਲ ਰਸੋਈ ਗੈਸ ਦੀਆਂ ਕੀਮਤਾਂ ਵਿਚ ਕੀਤੇ ਗਏ ਲੱਕਤੋੜ ਵਾਧੇ ਵਿਰੁਧ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਮੋਦੀ ਸਰਕਾਰ ਤੇ ਸਾਮਰਾਜੀ ਕਾਰਪੋਰੇਟਾਂ ਦੀ ਮੁਰਦਾਬਾਦ ਅਤੇ ਡੀਜ਼ਲ ਪਟਰੌਲ ਰਸੋਈ ਗੈਸ ਦੇ ਰੇਟ ਘਟਾਉਣ ਲਈ ਨਾਹਰੇ ਲਾਏ ਜਾਣਗੇ।