ਮਹਾਂਰਾਸ਼ਟਰ : ਭਾਜਪਾ ਦੇ 12 ਵਿਧਾਇਕ ਵਿਧਾਨ ਸਭਾ ਤੋਂ ਇਕ ਸਾਲ ਲਈ ਮੁਅੱਤਲ

ਏਜੰਸੀ

ਖ਼ਬਰਾਂ, ਪੰਜਾਬ

ਮਹਾਂਰਾਸ਼ਟਰ : ਭਾਜਪਾ ਦੇ 12 ਵਿਧਾਇਕ ਵਿਧਾਨ ਸਭਾ ਤੋਂ ਇਕ ਸਾਲ ਲਈ ਮੁਅੱਤਲ

image

ਦੋਸ਼ ਝੂਠੇ, ਵਿਰੋਧੀ ਮੈਂਬਰਾਂ ਦੀ ਗਿਣਤੀ ਘੱਟ ਕਰਨ ਦਾ ਯਤਨ : ਫੜਨਵੀਸ

ਮੁੰਬਈ, 5 ਜੁਲਾਈ : ਮਹਾਂਰਾਸ਼ਟਰ ਵਿਧਾਨ ਸਭਾ ਪ੍ਰਧਾਨ ਦੇ ਚੈਂਬਰ ਵਿਚ ਪ੍ਰੀਜ਼ਾਈਡਿੰਗ ਅਧਿਕਾਰੀ ਭਾਸਕਰ ਜਾਧਵ ਨਾਲ ਬਦਸਲੂਕੀ ਕਰਨ ਦੇ ਦੋਸ਼ਾਂ ਵਿਚ ਭਾਜਪਾ ਦੇ 12 ਵਿਧਾਇਕਾਂ ਨੂੰ ਵਿਧਾਨ ਸਭਾ ’ਚੋਂ ਇਕ ਸਾਲ ਲਈ ਮੁਅੱਤਲ ਕਰ ਦਿਤਾ ਗਿਆ ਹੈ। ਭਾਜਪਾ ਆਗੂ ਦਵਿੰਦਰ ਫੜਨਵੀਸ ਨੇ ਦੋਸ਼ਾਂ ਨੂੰ ਝੂਠਾ ਕਰਾਰ ਦਿੰਦੇ ਹੋਏ ਕਿਹਾ ਕਿ ਜਾਧਵ ਵਲੋਂ ਦਿਤਾ ਗਿਆ ਘਟਨਾ ਦਾ ਵੇਰਵਾ ਇਕ ਪਾਸੜ ਹੈ। ਹਾਲਾਂਕਿ, ਜਾਧਵ ਨੇ ਇਸ ਦੋਸ਼ ਦੀ ਜਾਂਚ ਦੀ ਮੰਗ ਕੀਤੀ ਕਿ ਸ਼ਿਵਸੈਨਾ ਦੇ ਕੁੱਝ ਮੈਂਬਰਾਂ ਅਤੇ ਉਨ੍ਹਾਂ ਨੇ ਖ਼ੁਦ ਮਾੜੀ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਇਹ ਸੱਚ ਸਾਬਤ ਹੁੰਦਾ ਹੈ ਤਾਂ ਉਹ ਕਿਸੇ ਵੀ ਸਜ਼ਾ ਦਾ ਸਾਹਮਣਾ ਕਰਨ ਲਈ ਤਿਆਰ ਹਨ।
  ਸੂਬੇ ਦੇ ਸੰਸਦੀ ਕਾਰਜ ਮੰਤਰੀ ਅਨਿਲ ਪਰਬ ਨੇ ਵਿਧਾਇਕਾਂ ਨੂੰ ਮੁਅੱਤਲ ਕਰਨ ਦਾ ਪ੍ਰਸਤਾਵ ਪੇਸ਼ ਕੀਤਾ, ਜਿਸ ਨੂੰ ਆਵਾਜ਼ ਲਗਾ ਕੇ ਪਾਈਆਂ ਵੋਟਾਂ ਨਾਲ ਪਾਸ ਕਰ ਦਿਤਾ ਗਿਆ। ਜਿਨ੍ਹਾਂ 12 ਵਿਧਾਇਕਾਂ ਨੂੰ ਮੁਅੱਤਲ ਕੀਤਾ ਗਿਆ ਹੈ ਉਨ੍ਹਾਂ ਵਿਚ ਸੰਜੇ ਕੂਟੇ, ਅਸ਼ੀਸ਼ ਸ਼ੋਲਾਰਠ ਅਭਿਮਨਿਊ ਪਵਾਰ, ਗਿਰੀਸ਼ ਮਹਾਜਨ, ਅਤੁਲ ਭਟਕਲਕਰ, ਪਰਾਗ ਅਲਵਾਨੀ, ਹਰੀਸ਼ ਪਿੰਪਲੇ, ਯੋਗੇਸ਼ ਸਾਗਰ, ਜੈ ਕੁਮਾਰ ਰਾਵਤ, ਨਾਰਾਇਣ ਕੂਚੇ, ਰਾਮ ਸਤਪੂਤੇ ਅਤੇ ਬੰਟੀ ਭਾਂਗੜੀਆ ਸ਼ਾਮਲ ਹਨ।
  ਪਰਬ ਨੇ ਕਿਹਾ ਕਿ ਇਨ੍ਹਾਂ 12 ਵਿਧਾਇਕਾਂ ਨੂੰ ਮੁਅੱਤਲੀ ਦੇ ਸਮੇ ਦੌਰਾਨ ਮੁੰਬਈ ਅਤੇ ਨਾਗਪੁਰ ਵਿਚ ਵਿਧਾਨਮੰਡਲ ਵਿਚ ਦਾਖ਼ਲ ਹੋਣ ਦੀ ਪ੍ਰਵਾਨਗੀ ਨਹੀਂ ਦਿਤੀ ਜਾਵੇਗੀ। ਫ਼ੜਨਵੀਸ ਦੀ ਅਗਵਾਈ ਵਿਚ ਭਾਜਪਾ ਮੈਂਬਰਾਂ ਨੇ ਫ਼ੈਸਲੇ ’ਤੇ ਇਤਰਾਜ਼ ਪ੍ਰਗਟਾਉਂਦੇ ਹੋਏ ਕਿਹਾ ਕਿ ਵਿਰੋਧੀ ਧਿਰ ਸਦਨ ਦੀ ਕਾਰਵਾਈ ਦਾ ਬਾਈਕਾਟ ਕਰੇਗਾ। ਉਨ੍ਹਾਂ ਕਿਹਾ ਕਿ,‘‘ਇਹ ਇਕ ਝੂਠਾ ਦੋਸ਼ ਹੈ ਅਤੇ ਵਿਰੋਧੀ ਮੈਂਬਰਾਂ ਦੀ ਗਿਣਤੀ ਘੱਟ ਕਰਨ ਦਾ ਯਤਨ ਹੈ। ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਅਸੀਂ ਸਥਾਨਕ ਸੰਸਥਾਵਾਂ ਵਿਚ ਓਬੀਸੀ ਕੋਟੇ ’ਤੇ ਸਰਕਾਰ ਦੇ ਝੂਠ ਦਾ ਪਰਦਾਫ਼ਾਸ਼ ਕੀਤਾ ਹੈ।’’ 
ਜ਼ਿਕਰਯੋਗ ਹੈ ਕਿ ਮੁਅੱਤਲ ਕੀਤੇ ਭਾਜਪਾ ਵਿਧਾਇਕਾਂ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਭਾਸਕਰ ਜਾਧਵ ਨੂੰ ਵਿਧਾਨ ਸਭਾ ਪ੍ਰਧਾਨ ਦੇ ਕੈਬਿਨ ਵਿਚ ਘੇਰ ਲਿਆ ਅਤੇ ਮਾੜੇ ਸ਼ਬਦਾਂ ਦੀ ਵਰਤੋਂ ਕੀਤੀ। ਇਸ ਤੋਂ ਬਾਅਦ ਮੁੱਖ ਮੰਤਰੀ ਊਧਵ ਠਾਕਰੇ ਨੇ ਜਾਧਵ ਨੂੰ ਅਪਣੇ ਕਮਰੇ ਵਿਚ ਬੁਲਾ ਕੇ ਘਟਨਾ ਦੀ ਜਾਣਕਾਰੀ ਲਈ। (ਪੀਟੀਆਈ)