ਹੰਝੂ ਗੈਸ ਦੇ ਗੋਲੇ ਤੇ ਪਾਣੀ ਦੀਆਂ ਬੁਛਾੜਾਂ ਤੋਂ ਵੀ ਨਾ ਡਰੇ ਅਧਿਆਪਕ, ਦੇਖੋ ਤਸ਼ੱਦਦ ਦੀਆਂ ਤਸਵੀਰਾਂ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਵੱਲੋਂ ਅੱਜ ਕੱਚੇ ਅਧਿਆਪਕਾਂ ਨਾਲ ਮੀਟਿੰਗ ਕੀਤੀ ਜਾਣੀ ਸੀ ਪਰ ਅਚਾਨਕ ਅੱਜ ਸਵੇਰੇ ਇਹ ਮੀਟਿੰਗ ਰੱਦ ਕਰ ਦਿੱਤੀ ਗਈ

Farmers Protest

ਮੋਹਾਲੀ : ਕੱਚੇ ਅਧਿਆਪਕਾਂ ਵੱਲੋਂ ਆਪਣੀਆਂ ਨੌਕਰੀਆਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਬੀਤੀ 16 ਜੂਨ ਤੋਂ ਲਗਾਏ ਗਏ ਧਰਨੇ ਤੋਂ ਬਾਅਦ ਅੱਜ ਸਾਰੇ ਹੀ ਅਧਿਆਪਕ ਇਕੱਠੇ ਹੋ ਕੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਅੱਗੇ ਵਧੇ। ਜਿਉਂ ਹੀ ਇਹ ਅਧਿਆਪਕ ਵਾਈ. ਪੀ. ਐੱਸ ਚੌਂਕ ਕੋਲ ਪਹੁੰਚੇ ਤਾਂ ਪੰਜਾਬ ਪੁਲਿਸ ਵੱਲੋਂ ਉਨ੍ਹਾਂ ਨੂੰ ਜ਼ਬਰਦਸਤੀ ਰੋਕਣ ਦੀ ਕੋਸ਼ਿਸ਼ ਕੀਤੀ ਗਈ। 

ਇੱਥੇ ਅਧਿਆਪਕਾਂ ਅਤੇ ਪੁਲਿਸ ਦੀ ਆਪਸ ਵਿਚ ਕਾਫ਼ੀ ਖਿੱਚ-ਧੂਹ ਹੋਈ, ਜਿਸ ਕਰਕੇ ਕੁੱਝ ਅਧਿਆਪਕਾਂ ਦੀਆਂ ਪੱਗਾਂ ਲੱਥ ਗਈਆਂ ਪਰ ਫਿਰ ਵੀ ਅਧਿਆਪਕ ਪੁਲਸ ਦੇ ਬੈਰੀਕੇਡ ਤੋੜਦੇ ਹੋਏ ਚੰਡੀਗੜ੍ਹ ਵੱਲ ਅੱਗੇ ਵੱਧ ਗਏ ਚੰਡੀਗੜ੍ਹ ਪੁਲਿਸ ਵੱਲੋਂ ਇਨ੍ਹਾਂ ਅਧਿਆਪਕਾਂ ਨੂੰ ਰੋਕਣ ਲਈ ਅੱਜ ਬਹੁਤ ਹੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।

ਦੱਸ ਦਈਏ ਕਿ ਪਿਛਲੇ ਦਿਨੀਂ ਜਦੋਂ ਇਨ੍ਹਾਂ ਅਧਿਆਪਕਾਂ ਨੇ ਵਾਟਰ ਕੈਨਨ ਦਾ ਮੂੰਹ ਮੋੜ ਦਿੱਤਾ ਸੀ ਤਾਂ ਪੁਲਿਸ ਨੇ ਇਸ ਵਾਰ ਮਿੱਟੀ ਨਾਲ ਭਰ ਕੇ ਟਿੱਪਰ ਸੜਕ 'ਤੇ ਖੜ੍ਹੇ ਕਰ ਦਿੱਤੇ ਤਾਂ ਜੋ ਇਹ ਅਧਿਆਪਕ ਕਿਸੇ ਵੀ ਤਰ੍ਹਾਂ ਅੱਗੇ ਨਾ ਵਧ ਸਕਣ। ਜਿਉਂ ਹੀ ਇਹ ਅਧਿਆਪਕ ਚੰਡੀਗੜ੍ਹ ਅੰਦਰ ਜਾਣ ਲਈ ਬੈਰੀਕੇਡਾਂ ਕੋਲ ਪਹੁੰਚੇ ਤਾਂ ਚੰਡੀਗੜ੍ਹ ਪੁਲਿਸ ਨੇ ਇਨ੍ਹਾਂ 'ਤੇ ਅੱਥਰੂ ਗੈਸ ਦੇ ਗੋਲਿਆਂ ਦੀ ਬੁਛਾੜ ਕਰ ਦਿੱਤੀ।

ਲਗਾਤਾਰ ਅੱਥਰੂ ਗੈਸ ਦੇ ਗੋਲੇ ਚੱਲਦੇ ਰਹੇ ਅਤੇ ਅਧਿਆਪਕ ਉਨ੍ਹਾਂ ਤੋਂ ਨਾ ਘਬਰਾਏ ਪਰ ਇਸ ਦੌਰਾਨ ਬਹੁਤ ਸਾਰੇ ਅਧਿਆਪਕਾਂ ਦੀਆਂ ਦਸਤਾਰਾਂ ਉਤਰ ਗਈਆਂ। ਮਹਿਲਾ ਅਧਿਆਪਕਾਂ ਦੇ ਕੱਪੜੇ ਫਟ ਗਏ ਅਤੇ ਕਈ ਅਧਿਆਪਕਾਂ ਬੇਹੋਸ਼ ਵੀ ਹੋ ਗਈਆਂ। ਚਾਰ ਤੋਂ ਪੰਜ ਵਾਰ ਐਂਬੂਲੈਂਸ ਇਨ੍ਹਾਂ ਜ਼ਖਮੀ ਅਤੇ ਬੇਹੋਸ਼ ਹੋਏ ਅਧਿਆਪਕਾਂ ਨੂੰ ਲੈ ਕੇ ਉੱਥੋਂ ਹਸਪਤਾਲਾਂ ਵੱਲ ਜਾਂਦੀਆਂ ਦੇਖੀਆਂ ਗਈਆਂ।

ਪੁਲਿਸ ਵੱਲੋਂ ਇਨ੍ਹਾਂ 'ਤੇ ਜੰਮ ਕੇ ਜਲ ਤੋਪਾਂ ਦਾ ਇਸਤੇਮਾਲ ਕੀਤਾ ਗਿਆ ਅਤੇ ਪਾਣੀ ਵਰਾਇਆ ਗਿਆ ਪਰ ਅਧਿਆਪਕ ਫਿਰ ਵੀ ਨਾ ਹਟੇ ਅਤੇ ਚੰਡੀਗੜ੍ਹ ਵੱਲ ਵੱਧਣ ਲਈ ਬਜ਼ਿੱਦ ਰਹੇ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਅੱਜ ਕੱਚੇ ਅਧਿਆਪਕਾਂ ਨਾਲ ਮੀਟਿੰਗ ਕੀਤੀ ਜਾਣੀ ਸੀ ਪਰ ਅਚਾਨਕ ਅੱਜ ਸਵੇਰੇ ਇਹ ਮੀਟਿੰਗ ਰੱਦ ਕਰ ਦਿੱਤੀ ਗਈ, ਜਿਸ ਤੋਂ ਬਾਅਦ ਅਧਿਆਪਕਾਂ ਨੇ ਰੋਸ ਵਜੋਂ ਚੰਡੀਗੜ੍ਹ ਵੱਲ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਕੂਚ ਕਰਨ ਦਾ ਫ਼ੈਸਲਾ ਕਰ ਲਿਆ।