ਪੰਜਾਬ ਭਰ ਦੇ ਡਿਪਟੀ ਕਮਿਸ਼ਨਰਾਂ ਨੂੰ ਆਖ਼ਰੀ ਮੰਗ ਪੱਤਰ ਦੇ ਕੇ ਈਟੀਟੀ ਅਧਿਆਪਕ ਯੂਨੀਅਨ ਨੇ ਵਜਾਇਆ ਸੰਘਰ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਭਰ ਦੇ ਡਿਪਟੀ ਕਮਿਸ਼ਨਰਾਂ ਨੂੰ ਆਖ਼ਰੀ ਮੰਗ ਪੱਤਰ ਦੇ ਕੇ ਈਟੀਟੀ ਅਧਿਆਪਕ ਯੂਨੀਅਨ ਨੇ ਵਜਾਇਆ ਸੰਘਰਸ਼ ਦਾ ਬਿਗਲ

image

ਚੰਡੀਗੜ੍ਹ, 6 ਜੁਲਾਈ (ਭੁੱਲਰ): ਅਪਣੀ ਪੁਰਾਣੀ ਪੈਨਸਨ ਅਤੇ 2011 ਦੀ ਸੋਧ ਦੇ ਆਧਾਰ ਤੇ ਵੱਧ ਗੁਣਾਂਕ ਨਾਲ ਪੇਅ ਕਮਿਸ਼ਨ ਦੀ ਰੀਪੋਰਟ ਲਾਗੂ ਕਰਵਾਉਣ ਲਈ ਸੂਬੇ ਦੀਆਂ ਮੂਹਰਲੀਆਂ ਕਤਾਰਾਂ ਵਿਚ ਆਉਂਦੀ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਨੇ ਅੱਜ ਅਪਣੇ ਦਿਤੇ ਪ੍ਰੋਗਰਾਮ ਤਹਿਤ ਪੰਜਾਬ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਮੰਗ ਕਮ ਰੋਸ ਪੱਤਰ ਦੇ ਕੇ ਅਪਣਾ ਸੰਘਰਸ਼ ਦਾ ਬਿਗਲ ਵਜਾ ਦਿਤਾ ਹੈ।  ਪੂਰੇ ਪੰਜਾਬ ਦੇ ਹਰ ਇਕ ਜ਼ਿਲ੍ਹੇ ਵਿਚ ਈਟੀਟੀ ਅਧਿਆਪਕਾਂ ਦਾ ਅੱਜ ਸਰਕਾਰ ਪ੍ਰਤੀ ਰੋਹ ਵੇਖਣ ਵਾਲਾ ਸੀ, ਇੰਜ ਪ੍ਰਤੀਤ ਹੋ ਰਿਹਾ ਹੈ ਕਿ ਜੇਕਰ ਸਰਕਾਰ ਨੇ ਇਨ੍ਹਾਂ ਅਧਿਆਪਕਾਂ ਦਾ ਮਸਲਾ ਜਲਦੀ ਹੀ ਹੱਲ ਨਾ ਕੀਤਾ, ਤਾਂ ਆਉਣ ਵਾਲੇ ਕੁੱਝ ਕੁ ਦਿਨਾਂ ਵਿਚ ਹੀ ਪੰਜਾਬ ਅੰਦਰ ਇਕ ਵੱਡੀ ਜੰਗ ਛਿੜ ਸਕਦੀ ਹੈ। 
ਜ਼ਿਕਰਯੋਗ ਹੈ ਕਿ ਇਹ ਜੰਥੇਬੰਦੀ ਜਦੋਂ ਵੀ ਸੰਘਰਸ਼ ਦੇ ਮੈਦਾਨ ਵਿਚ ਨਿਤਰਦੀ ਹੈ, ਇਤਿਹਾਸ ਗਵਾਹ ਹੈ ਕਿ ਇਹ ਖ਼ਾਲੀ ਹੱਥ ਕਦੇ ਵੀ ਵਾਪਸ ਨਹੀਂ ਮੁੜਦੀ। ਇਸ ਜਥੇਬੰਦੀ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਬਾਠ ਨੇ ਦਸਿਆ ਕਿ ਅਪਣੀ ਪੁਰਾਣੀ ਪੈਨਸ਼ਨ ਅਤੇ ਸੋਧ ਦੇ ਆਧਾਰ ਤੇ ਵੱਧ ਗੁਣਾਂਕ ਨਾਲ ਪੇਅ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ ਲਈ ਪੰਜਾਬ ਦੇ ਮੁਲਾਜ਼ਮ ਹਰ ਤਰ੍ਹਾਂ ਦੀ ਚੁਨੌਤੀ ਦਾ ਸਾਹਮਣਾ ਕਰਨ ਲਈ ਤਿਆਰ-ਬਰ-ਤਿਆਰ ਬੈਠੇ ਹਨ। ਉਹ ਸਿਰਫ਼ ਯੂਨੀਅਨ ਦੇ ਇਕ ਇਸ਼ਾਰੇ ਦੀ ਉਡੀਕ ਕਰ ਰਹੇ ਹਨ। 
ਉਨ੍ਹਾਂ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਅਸੀਂ ਬਹੁਤ ਸਬਰ ਕਰ ਲਿਆ ਹੈ, ਹੁਣ ਸਰਕਾਰ ਦੀਆਂ ਮਨਮਾਨੀਆਂ ਬਰਦਾਸ਼ਤ ਨਹੀਂ ਹੋਣਗੀਆਂ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਜੰਥੇਬੰਦੀ ਨੇ ਅਗਲੇਰੀ ਸਾਰੀ ਰੂਪ ਰੇਖਾ ਉਲੀਕ ਲਈ ਹੈ, ਜੋ ਕਿ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗੀ।
ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ ਨੇ ਦਸਿਆ ਕਿ ਅੱਜ ਦੇ ਇਹ ਮੰਗ ਕਮ ਰੋਸ ਪੱਤਰ ਸਮੂਹ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਈਟੀਟੀ ਅਧਿਆਪਕ ਯੂਨੀਅਨ ਦੀ ਜ਼ਿਲ੍ਹਾ ਜਥੇਬੰਦੀਆਂ ਦੀ ਅਗਵਾਈ ਹੇਠ ਸੌਂਪੇੇ ਗਏ।