ਕੈਪਟਨ ਦੀ ਕੋਠੀ ਘੇਰਨ ਆਏ ਯੁਵਾ ਭਾਜਪਾ ਮੋਰਚਾ ਕਾਰਕੁਨਾਂ ਨੂੰ ਪਾਣੀ ਦੀਆਂ ਵਾਛੜਾਂ ਨਾਲ ਕੀਤਾ ਤਿੱਤਰ-
ਕੈਪਟਨ ਦੀ ਕੋਠੀ ਘੇਰਨ ਆਏ ਯੁਵਾ ਭਾਜਪਾ ਮੋਰਚਾ ਕਾਰਕੁਨਾਂ ਨੂੰ ਪਾਣੀ ਦੀਆਂ ਵਾਛੜਾਂ ਨਾਲ ਕੀਤਾ ਤਿੱਤਰ-ਬਿੱਤਰ
ਚੰਡੀਗੜ੍ਹ/ਲੁਧਿਆਣਾ, 5 ਜੁਲਾਈ (ਪ੍ਰਮੋਦ ਕੌਸ਼ਲ): ਅੱਜ ਪੰਜਾਬ ਭਾਜਪਾ ਯੁਵਾ ਮੋਰਚਾ ਵਲੋਂ ਚੰਡੀਗੜ੍ਹ ਵਿਚ ਇਕੱਠੇ ਹੋ ਕੇ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਕੋਠੀ ਨੂੰ ਘੇਰਨ ਲਈ ਮਾਰਚ ਕੀਤਾ ਗਿਆ ਪਰ ਪੁਲਿਸ ਨੇ ਜਲ ਤੋਪਾਂ ਦਾ ਇਸਤੇਮਾਲ ਕਰਦਿਆਂ ਪਾਣੀ ਦੀਆਂ ਤੇਜ਼ ਵਾਛੜਾਂ ਮਾਰ ਕੇ ਯੁਵਾ ਮੋਰਚਾ ਕਾਰਕੁਨਾਂ ਨੂੰ ਸੈਕਟਰ 17 ਵਿਚ ਹੀ ਤਿਤਰ-ਬਿਤਰ ਕਰ ਦਿਤਾ ਗਿਆ। ਯੁਵਾ ਮੋਰਚਾ ਦੇ ਪ੍ਰਧਾਨ ਭਾਨੁ ਪ੍ਰਤਾਪ ਤੇ ਉਪ ਪ੍ਰਧਾਨ ਅਸ਼ੋਕ ਸਰੀਨ ਦੀ ਅਗਵਾਈ ਹੇਠ ਸ਼ਿਵਾਲਿਕ ਗਰਾਉਂਡ ਤੋਂ ਮੁੱਖ ਮੰਤਰੀ ਦੀ ਕੋਠੀ ਵਲ ਪੁਲਿਸ ਬੈਰੀਕੇਡ ਤੋੜ ਕੇ ਅੱਗੇ ਵਧਣ ਦਾ ਯਤਨ ਮੌਕੇ ਤੇ ਤੈਨਾਤ ਵੱਡੀ ਗਿਣਤੀ ਪੁਲਿਸ ਨੇ ਅਸਫ਼ਲ ਕਰ ਦਿਤਾ। ਇਸ ਮੌਕੇ ਕਈ ਆਗੂਆਂ ਨੂੰ ਹਿਰਾਸਤ ਵਿਚ ਵੀ ਲਿਆ ਗਿਆ।
ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦੇ ਸੂਬਾ ਮੀਤ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਵਲੋਂ ਪੰਜਾਬ ਵਿਚ ਨਸ਼ੇ ਦੀ ਵਧ ਰਹੀ ਵਿਕਰੀ ਵਿਰੁਧ ਪੰਜਾਬ ਦੀ ਕੈਪਟਨ ਸਰਕਾਰ ਵਿਰੁਧ ਪ੍ਰਦਰਸ਼ਨ ਕਰਨ ਲਈ ਚੰਡੀਗੜ੍ਹ ਵਿਖੇ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦੇ ਘਿਰਾਉ ਦੇ ਦਿਤੇ ਗਏ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਵੱਡੀ ਗਿਣਤੀ ਵਿਚ ਅਪਣੇ ਸਮਰਥਕਾਂ ਨੂੰ ਨਾਲ ਲੈ ਕੇ ਪਹੁੰਚੇ ਸਨ। ਜਿਥੇ ਪ੍ਰਦਰਸ਼ਨ ਦੌਰਾਨ ਅਸ਼ੋਕ ਸਰੀਨ ਹਿੱਕੀ ਤੇ ਹੋਰ ਸਾਥੀਆਂ ਨੂੰ ਪੁਲਿਸ ਵਲੋਂ ਹਿਰਾਸਤ ਵਿਚ ਲੈ ਲਿਆ ਗਿਆ। ਇਸ ਦੌਰਾਨ ਪ੍ਰਚੰਡ ਰੂਪੀ ਪ੍ਰਦਰਸ਼ਨ ਕਰਦੇ ਹੋਏ ਅਸ਼ੋਕ ਸਰੀਨ ਹਿੱਕੀ ਨੇ ਕਿਹਾ ਕਿ ਨੌਜਵਾਨ ਕਿਸੇ ਵੀ ਦੇਸ਼ ਅਤੇ ਕਿਸੇ ਵੀ ਸੂਬੇ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਜੇਕਰ ਰੀੜ੍ਹ ਦੀ ਹੱਡੀ ਨੂੰ ਹੀ ਖੋਖਲਾ ਕਰ ਦਿਤਾ ਜਾਵੇ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬਗ਼ੈਰ ਰੀੜ੍ਹ ਦੀ ਹੱਡੀ ਤੋਂ ਕੋਈ ਕਿਸ ਤਰ੍ਹਾਂ ਉਠ ਸਕਦਾ ਹੈ। ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿਚ ਧੱਕ ਕੇ ਪੰਜਾਬ ਦੀ ਕੈਪਟਨ ਸਰਕਾਰ ਅਕਾਲੀ ਦਲ ਦੇ ਨਕਸ਼ੇ ਕਦਮ ’ਤੇ ਚਲ ਰਹੀ ਹੈ ਅਤੇ ਅਜਿਹਾ ਸਿਰਫ਼ ਇਸ ਕਰ ਕੇ ਕੀਤਾ ਜਾ ਰਿਹਾ ਹੈ ਤਾਂ ਜੋ ਨੌਜਵਾਨ ਪੀੜ੍ਹੀ ਨਸ਼ੇ ਵਿਚ ਗਲਤਾਨ ਹੋ ਕੇ ਸਰਕਾਰ ਤੋਂ ਨੌਕਰੀ ਜਾਂ ਹੋਰ ਹੱਕਾਂ ਦੀ ਮੰਗ ਨਾ ਕਰੇ। ਪਰ ਜਦੋਂ ਤਕ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਪੰਜਾਬ ਵਿਚ ਮੌਜੂਦ ਹੈ ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਖ਼ਰਾਬ ਨਹੀਂ ਹੋਣ ਦਿਤਾ ਜਾਵੇਗਾ।
ਅਸ਼ੋਕ ਸਰੀਨ ਨੇ ਕਿਹਾ ਕਿ ਪੁਲਿਸ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਕੇ ਉਨ੍ਹਾਂ ਦੀ ਆਵਾਜ਼ ਨੂੰ ਨਹੀਂ ਦਬਾਅ ਸਕਦੀ ਅਤੇ ਉਹ ਪੰਜਾਬ ਦੇ ਨੌਜਵਾਨਾਂ ਦੇ ਹੱਕਾਂ ਲਈ ਡਾਂਗਾਂ ਦੀ ਪ੍ਰਵਾਹ ਕੀਤਿਆਂ ਬਗ਼ੈਰ ਡੱਟ ਕੇ ਪਹਿਰਾ ਦਿੰਦੇ ਆਏ ਹਨ ਅਤੇ ਹੋਰ ਵੀ ਜ਼ਿਆਦਾ ਡੱਟ ਕੇ ਪਹਿਰਾ ਦਿੰਦੇ ਰਹਿਣਗੇ।
Ldh_Parmod_5_1: ਭਾਜਪਾ ਯੁਵਾ ਮੋਰਚਾ ਦੇ ਸੂਬਾ ਮੀਤ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨੂੰ ਫੜ੍ਹ ਕੇ ਲਿਜਾਂਦੇ ਹੋਏ ਚੰਡੀਗੜ੍ਹ ਪੁਲਿਸ ਦੇ ਡੀ.ਐਸ.ਪੀ।