ਅਬੋਹਰ 'ਚ ਸ਼ਿਕਾਰੀ ਪਿਓ-ਪੁੱਤ ਗ੍ਰਿਫਤਾਰ: 3 ਮਰੇ ਤਿੱਤਰ, ਏਅਰਗੰਨ ਤੇ 121 ਛਰੇ ਬਰਾਮਦ
ਜੰਗਲੀ ਜੀਵ ਸੁਰੱਖਿਆ ਵਿਭਾਗ ਨੇ ਨਾਕਾਬੰਦੀ ਕਰਕੇ ਕੀਤੇ ਕਾਬੂ
ਅਬੋਹਰ : ਪੰਜਾਬ ਦੇ ਅਬੋਹਰ 'ਚ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਟੀਮ ਨੇ ਤਿੱਤਰਾਂ ਦਾ ਸ਼ਿਕਾਰ ਕਰਨ ਵਾਲੇ ਪਿਓ-ਪੁੱਤ ਨੂੰ ਗ੍ਰਿਫਤਾਰ ਕੀਤਾ ਹੈ। ਟੀਮ ਨੇ ਇਨ੍ਹਾਂ ਕੋਲੋਂ 3 ਤਿੱਤਰ, ਏਅਰਗੰਨ, 121 ਨਸ਼ੀਲੀਆਂ ਗੋਲੀਆਂ ਅਤੇ ਇੱਕ ਜੀਪ ਬਰਾਮਦ ਕੀਤੀ ਹੈ। ਜਿਸ ਤੋਂ ਬਾਅਦ ਵਿਭਾਗੀ ਟੀਮ ਨੇ ਦੋਵਾਂ ਵਿਰੁਧ ਮਾਮਲਾ ਦਰਜ ਕਰ ਕੇ ਮਾਣਯੋਗ ਜੱਜ ਜਸਪ੍ਰੀਤ ਕੌਰ ਦੀ ਅਦਾਲਤ 'ਚ ਪੇਸ਼ ਕੀਤਾ।
ਜਾਣਕਾਰੀ ਅਨੁਸਾਰ ਆਲ ਇੰਡੀਆ ਜੀਵ ਰਕਸ਼ਾ ਬਿਸ਼ਰੋਈ ਸਭਾ ਆਲ ਇੰਡੀਆ ਦੇ ਸੀਨੀਅਰ ਮੀਤ ਪ੍ਰਧਾਨ ਰਮੇਸ਼ ਬਿਸ਼ਰੋਈ ਨੇ ਬੀਤੀ ਰਾਤ ਕਰੀਬ 10.30 ਵਜੇ ਜੰਗਲੀ ਜੀਵ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਕਿ ਸਲੇਟੀ ਰੰਗ ਦੀ ਜੀਪ 'ਚ ਸਵਾਰ ਦੋ ਵਿਅਕਤੀ ਤਿੱਤਰ ਨੂੰ ਮਾਰ ਕੇ ਲਿਆ ਰਹੇ ਹਨ |
ਜਿਸ 'ਤੇ ਵਿਭਾਗ ਦੇ ਰੇਂਜ ਅਫ਼ਸਰ ਮੰਗਤ ਰਾਮ, ਬਲਾਕ ਅਫ਼ਸਰ ਮਨਜੀਤ ਸਿੰਘ, ਵਣ ਗਾਰਡ ਰਮਨਦੀਪ ਕੌਰ, ਡਰਾਈਵਰ ਸਾਹੀਰਾਮ, ਅਨਮੋਲ ਸਿੰਘ ਅਤੇ ਮਹਿਲ ਸਿੰਘ ਨੇ ਹਨੂੰਮਾਨਗੜ੍ਹ ਰੋਡ 'ਤੇ ਸਿਟੀ ਵਾਕ ਮਾਲ ਨੇੜੇ ਨਾਕਾਬੰਦੀ ਕੀਤੀ | ਜਦੋਂ ਉਨ੍ਹਾਂ ਨੇ ਜੀਪ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਸੰਤਰੀ ਤੇ ਕਰੀਮ ਰੰਗ ਦੇ ਲਿਫਾਫਿਆਂ ਚ ਮਾਰੇ ਗਏ ਤਿੰਨ ਤਿੱਤਰ, ਇਕ ਏਅਰਗੰਨ, 121 ਛਰੇ ਜੋ ਕਿ ਸਟੀਲ ਦੀ ਡੱਬੀ ਚ ਬੰਦ ਸਨ, ਬਰਾਮਦ ਹੋਏ।
ਜੀਪ 'ਚ ਸਵਾਰ ਵਿਅਕਤੀਆਂ ਤੋਂ ਪੁੱਛਗਿੱਛ ਕਰਨ 'ਤੇ ਉਨ੍ਹਾਂ ਦੀ ਪਛਾਣ ਅਨੂਪਜੀਤ ਸਿੰਘ ਪੁੱਤਰ ਬਲਜੀਤ ਸਿੰਘ ਅਤੇ ਉਸ ਦੇ ਪੁੱਤਰ ਮਨਸ਼ੇਰ ਸਿੰਘ ਵਾਸੀ ਨਿਊ ਸੂਰਜ ਨਗਰੀ ਗਲੀ ਨੰਬਰ 5, ਅਬੋਹਰ ਵਜੋਂ ਹੋਈ। ਵਿਭਾਗੀ ਟੀਮ ਨੇ ਜੀਪ ਸਮੇਤ ਕਾਬੂ ਕੀਤੇ ਵਿਅਕਤੀਆਂ ਵਿਰੁਧ ਜੰਗਲੀ ਜੀਵ ਸੁਰੱਖਿਆ ਐਕਟ 1972 ਦੀਆਂ ਧਾਰਾਵਾਂ 9, 39, 50, 51 ਤਹਿਤ ਕੇਸ ਦਰਜ ਕਰ ਲਿਆ ਹੈ।