ਪੰਜਾਬ ’ਚ ਜਾਅਲਸਾਜ਼ੀ ਰਾਹੀਂ ਬੁਢਾਪਾ ਪੈਨਸ਼ਨ ਲੈਣ ਦਾ ਮਾਮਲਾ : 63,424 ਰੱਜੇ ਪੁੱਜੇ ਕਿਸਾਨ ਲੈ ਰਹੇ ਬੁਢਾਪਾ ਪੈਨਸ਼ਨ

ਏਜੰਸੀ

ਖ਼ਬਰਾਂ, ਪੰਜਾਬ

ਬੁਢਾਪਾ ਪੈਨਸ਼ਨ ਦਾ ਲਾਭ ਸਿਰਫ਼ ਲੋੜਵੰਦ ਤੇ ਯੋਗ ਵਿਅਕਤੀ ਨੂੰ ਹੀ ਮਿਲੇ : ਡਾ. ਬਲਜੀਤ ਕੌਰ

photo

 

ਚੰਡੀਗੜ੍ਹ : ਪੰਜਾਬ ’ਚ ਜਾਅਲਸਾਜ਼ੀ ਰਾਹੀਂ ਬੁਢਾਪਾ ਪੈਨਸ਼ਨ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਦੇ ਕੁਝ ਰੱਜੇ ਪੁੱਜੇ ਕਿਸਾਨਾਂ ਵਲੋਂ ਜਾਅਲਸਾਜ਼ੀ ਰਾਹੀਂ ਬੁਢਾਪਾ ਪੈਨਸ਼ਨ ਲੈ ਰਹੇ ਹਨ। ਸਮਾਜਿਕ ਸੁਰੱਖਿਆ ਵਿਭਾਗ ਦੇ ਅੰਕੜੇ ਦਸਦੇ ਹਨ ਕਿ ਸੂਬੇ ਚ 63,424 ਅਜਿਹੇ ਵਿਅਕਤੀ ਹਨ ਜੋ ਬੁਢਾਪਾ ਪੈਨਸ਼ਨ ਲੈ ਰਹੇ ਹਨ। ਵਿਭਾਗੀ ਨਿਯਮਾਂ ਅਨੁਸਾਰ 60 ਹਜ਼ਾਰ ਰੁਪਏ ਦੀ ਸਲਾਨਾ ਆਮਦਨ ਵਾਲੇ ਵਿਅਕਤੀ ਹੀ ਪੈਨਸ਼ਨ ਲੈਣ ਦੇ ਹੱਕਦਾਰ ਹਨ ਪਰ ਲੱਖਾਂ ਦੀ ਆਮਦਨ ਵਾਲੇ ਪਿਛਲੇ ਕਈ ਸਾਲਾਂ ਤੋਂ ਪੈਨਸ਼ਨ ਲੈ ਰਹੇ ਹਨ।

ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਇਹ ਤੱਥ ਉਜਾਗਰ ਹੋਣ ਤੋਂ ਬਾਅਦ ਸੂਬੇ ਦੇ ਸਮੂਹ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰਾਂ ਨੂੰ 15 ਦਿਨਾਂ ਦੇ ਅੰਦਰ-ਅੰਦਰ ਅਸਲ ਬੁਢਾਪਾ ਪੈਨਸ਼ਨ ਲਾਬਪਾਤਰੀਆਂ ਦੀ ਆਮਦਨ ਸਬੰਧੀ ਦਸਤਾਵੇਜ਼ ਹਾਸਲ ਕਰਨ ਦੀ ਹਦਾਇਤ ਕੀਤੀ ਹੈ ਤਾਂ ਜੋ ਬੁਢਾਪਾ ਪੈਨਸ਼ਨ ਦਾ ਲਾਭ ਲੋੜਵੰਦ ਤੇ ਯੋਗ ਵਿਅਕਤੀਆਂ ਨੂੰ ਹੀ ਮਿਲ ਸਕੇ। ਵਿਭਆਗ ਦੇ ਮੰਤਰੀ ਡਾ. ਬਲਜੀਤ ਕੌਰ ਨੇ ਦਸਿਆ ਕਿ ਪੈਨਸ਼ਨ ਸਬੰਧੀ ਸ਼ਰਤਾਂ ਮੁਤਾਬਿਕ ਜਿਸ ਵਿਅਤੀ ਦੀ ਸਲਾਨਾ ਆਮਦਨ 60 ਹਜ਼ਾਰ ਰੁਪਏ ਹੈ ਉਹ ਪੈਨਸ਼ਨ ਲੈਣ ਦਾ ਹੱਕਦਾਰ ਹੈ।

ਜਾਂਚ ਦੌਰਾਨ ਤੱਥ ਸਾਹਮਣੇ ਆਏ ਹਨ ਕਿ ਜੇ ਫਾਰਮ ਹੋਲਡਰਾਂ ਜੋਂ 63,424 ਅਜਿਹੇ ਵਿਅਕਤੀ ਹਨ ਜੋ ਵਿਭਾਗ ਵਲੋਂ ਬੁਢਆਪਾ ਪੈਨਸ਼ਨ ਲੈ ਰਹੇ ਹਨ ਤੇ ਇਨ੍ਹਾਂ ਦੀ ਸਲਾਨਾ ਆਮਦਨ 60 ਹਜ਼ਾਰ ਰੁਪਏ ਤੋਂ ਵੱਧ ਹੈ।

ਉਨ੍ਹਾਂ ਦਸਿਆ ਕਿ ਵਿਭਾਗ ਦੇ ਕਈ ਬੁਢਾਪਾ ਪੈਨਸ਼ਨਰ ਵੀ ਕਿਸਾਨ ਵਰਗ ਨਾਲ ਸਬੰਧਤ ਹਨ। ਪੰਜਾਬ ਰਾਜ ਮੰਡੀ ਬੋਰਡ ਵਲੋਂ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਵੇਚਣ ਉਪਰੰਤ ਹੋਈ ਆਮਦਨ ਬਾਰੇ ਜੇ ਫਾਰਮ ਜਾਰੀ ਕੀਤੇ ਜਾਂਦੇ ਹਨ। ਉਨ੍ਹਾਂ ਦੀ ਸਲਾਨਾ ਆਮਦਨ ਦਾ ਸਹੀ ਪਤਾ ਲਗਾਉਣ ਦੇ ਮੰਤਵ ਨਾਲ ਵਿਭਾਗ ਵਲੋਂ ਪੰਜਾਬ ਰਾਜ ਮੰਡੀ ਬੋਰਡ ਦੇ ਡਾਟੇ ਨਾਲ ਮਿਲਾਨ ਕੀਤਾ ਗਿਆ। ਉਨ੍ਹਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਸਬੰਧਤ ਵਿਅਕਤੀਆਂ ਨੂੰ 15 ਦਿਨਾਂ ਦਾ ਨੋਟਿਸ ਜਾਰੀ ਕੀਤਾ ਜਾਵੇ ਤੇ ਨੋਟਿਸ ਪ੍ਰਾਪਤ ਹੋਣ ਤੋਂ 15 ਦਿਨਾਂ ਦੇ ਅੰਦਰ-ਅੰਦਰ ਲਾਭਪਾਤਰੀ ਆਮਦਨੀ ਦਸਤਾਵੇਜ਼ ਲੈ ਕੇ ਜ਼ਿਲ੍ਹੇ ਸਮਾਜਿਕ ਸੁਰੱਖਿਆ ਅਫ਼ਸਰ ਦਫ਼ਤਰ ਵਿਚ ਪੇਸ਼ ਹੋ ਕੇ ਅਪਣਆ ਪੱਖ ਰੱਖ ਸਕਦੇ ਹਨ।