Mansa News : ਕੈਨੇਡਾ 'ਚ ਪੰਜਾਬਣ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ , 2 ਮਹੀਨੇ ਪਹਿਲਾਂ ਜ਼ਮੀਨ ਵੇਚ ਕੇ ਭੇਜੀ ਸੀ ਵਿਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਰਿਵਾਰ ਵੱਲੋਂ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਗੁਹਾਰ

Mansa girl dies

Mansa News : ਮਾਨਸਾ ਜ਼ਿਲ੍ਹੇ ਦੇ ਇੱਕ ਕਿਸਾਨ ਨੇ ਦੋ ਮਹੀਨੇ ਪਹਿਲਾਂ ਆਪਣੀ ਇੱਕ ਏਕੜ ਜ਼ਮੀਨ ਵੇਚ ਕੇ ਆਪਣੀ ਬੇਟੀ ਨੂੰ ਕੈਨੇਡਾ ਭੇਜਿਆ ਸੀ। ਬੇਟੀ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਆਪਣੀ ਬੇਟੀ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰ ਸਦਮੇ 'ਚ ਹੈ ਅਤੇ ਪੰਜਾਬ ਸਰਕਾਰ ਨੂੰ ਅਪੀਲ ਕਰ ਰਿਹਾ ਹੈ ਕਿ ਉਨ੍ਹਾਂ ਦੀ ਬੇਟੀ ਦੀ ਲਾਸ਼ ਭਾਰਤ ਲਿਆ ਕੇ ਉਨ੍ਹਾਂ ਨੂੰ ਸੌਂਪੀ ਜਾਵੇ ਤਾਂ ਜੋ ਉਹ ਆਪਣੀ ਬੇਟੀ ਨੂੰ ਆਖਰੀ ਵਾਰ ਦੇਖ ਸਕਣ।

ਮਾਨਸਾ ਜ਼ਿਲ੍ਹੇ ਦੇ ਪਿੰਡ ਬਰੇ ਦੇ ਕਿਸਾਨ ਮਿੱਠੂ ਸਿੰਘ ਨੇ ਆਪਣੀ ਇੱਕ ਏਕੜ ਜ਼ਮੀਨ ਵੇਚ ਕੇ ਆਪਣੀ ਬੇਟੀ ਬੇਅੰਤ ਕੌਰ (25) ਨੂੰ 31 ਮਾਰਚ 2024 ਨੂੰ ਕੈਨੇਡਾ ਭੇਜ ਦਿੱਤਾ ਸੀ, ਜਿੱਥੇ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮਿੱਠੂ ਸਿੰਘ ਨੇ ਦੱਸਿਆ ਕਿ ਉਹ ਦੋ ਏਕੜ ਜ਼ਮੀਨ ਦਾ ਮਾਲਕ ਹੈ ਅਤੇ ਉਸ ਨੇ ਇਕ ਏਕੜ ਜ਼ਮੀਨ ਵੇਚ ਕੇ 26 ਲੱਖ ਰੁਪਏ ਲਗਾ ਕੇ ਆਪਣੀ ਲੜਕੀ ਨੂੰ ਕੈਨੇਡਾ ਭੇਜਿਆ ਸੀ। ਹੁਣ ਉਸ ਨੂੰ ਉਥੋਂ ਫ਼ੋਨ ਆਇਆ ਕਿ ਉਸ ਦੀ ਲੜਕੀ ਦੀ ਕੁਝ ਦਿਨ ਪਹਿਲਾਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ।

ਮ੍ਰਿਤਕ ਦੇਹ ਭਾਰਤ ਲਿਆਉਣ ਦੀ ਗੁਹਾਰ 

ਉਨ੍ਹਾਂ ਨੇ ਦੱਸਿਆ ਕਿ ਉਸ ਦੀ ਬੇਟੀ ਦੀ ਲਾਸ਼ ਨੂੰ ਭਾਰਤ ਲਿਆਉਣ ਲਈ 35 ਲੱਖ ਰੁਪਏ ਦਾ ਖਰਚਾ ਆਵੇਗਾ ਪਰ ਹੁਣ ਉਸ ਕੋਲ ਪੈਸੇ ਨਹੀਂ ਹਨ। ਉਸ ਨੇ ਕਿਹਾ ਕਿ ਅਸੀਂ ਸੋਚਿਆ ਸੀ ਕਿ ਸਾਡੀ ਬੇਟੀ ਕੈਨੇਡਾ ਜਾ ਕੇ ਘਰ ਦੀ ਗਰੀਬੀ ਦੂਰ ਕਰੇਗੀ ਅਤੇ ਆਪਣੀਆਂ ਦੋ ਭੈਣਾਂ ਅਤੇ ਭਰਾ ਦਾ ਚੰਗਾ ਭਵਿੱਖ ਬਣਾਵੇਗੀ ਪਰ ਸਾਡੇ ਸੁਪਨੇ ਚਕਨਾਚੂਰ ਹੋ ਗਏ ਹਨ।

ਉਨ੍ਹਾਂ ਕਿਹਾ ਕਿ ਹੁਣ ਇਸ ਗੱਲ ਦੀ ਚਿੰਤਾ ਹੈ ਉਨ੍ਹਾਂ ਦੀ ਬੇਟੀ ਦੀ ਲਾਸ਼ ਭਾਰਤ ਕਿਵੇਂ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਕਈ ਸਿਆਸੀ ਆਗੂਆਂ ਨਾਲ ਗੱਲ ਕੀਤੀ ਪਰ ਉਨ੍ਹਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੀ ਧੀ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦਾ ਪ੍ਰਬੰਧ ਕਰਨ ਤਾਂ ਜੋ ਉਹ ਆਪਣੀ ਧੀ ਦਾ ਆਖਰੀ ਵਾਰ ਮੂੰਹ ਦੇਖ ਸਕਣ।