Punjab News: ਤਾਨੀਆ ਦੇ ਪਿਤਾ ਨੂੰ ਮਿਲਣ ਪਹੁੰਚੇ ਸਿਹਤ ਮੰਤਰੀ, ਕਿਹਾ-ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ
Punjab News: ''ਹਮਲਵਾਰਾਂ ਦੀਆਂ ਪੁਸ਼ਤਾ ਯਾਦ ਰੱਖਣਗੀਆਂ, ਅਜਿਹੀ ਮਿਸਾਲੀ ਸਜ਼ਾ ਦੇਵਾਂਗੇ''
Health Minister Dr. Balbir Singh visited Tania's father News: ਮੋਗਾ ਜ਼ਿਲ੍ਹੇ ਦੇ ਕੋਟ ਈਸੇ ਖਾਂ ਵਿੱਚ ਡਾਕਟਰ ਅਨਿਲ ਕੰਬੋਜ ਨੂੰ 4 ਜੁਲਾਈ ਨੂੰ ਉਨ੍ਹਾਂ ਦੇ ਕਲੀਨਿਕ ਦੇ ਅੰਦਰ ਗੋਲੀਆਂ ਮਾਰ ਦਿੱਤੀਆਂ ਗਈਆਂ। ਉਨ੍ਹਾਂ ਦੀ ਹਾਲਤ ਅਜੇ ਵੀ ਗੰਭੀਰ ਹੈ। ਡਾਕਟਰ ਕੰਬੋਜ ਪੰਜਾਬੀ ਫ਼ਿਲਮ ਅਦਾਕਾਰਾ ਤਾਨੀਆ ਦੇ ਪਿਤਾ ਹਨ। ਦਿਨ-ਦਿਹਾੜੇ ਹੋਏ ਇਸ ਹਮਲੇ ਨਾਲ ਇਲਾਕੇ ਵਿੱਚ ਦਹਿਸ਼ਤ ਅਤੇ ਗੁੱਸਾ ਫੈਲ ਗਿਆ ਹੈ।
ਐਤਵਾਰ ਨੂੰ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਪੀੜਤ ਪਰਿਵਾਰ ਨੂੰ ਮਿਲਣ ਗਏ ਅਤੇ ਇਸ ਘਟਨਾ ਨੂੰ ਨਿੰਦਣਯੋਗ ਦੱਸਿਆ। ਉਨ੍ਹਾਂ ਕਿਹਾ ਕਿ ਦੋਸ਼ੀ ਮਰੀਜ਼ ਬਣ ਕੇ ਆਏ ਸਨ ਅਤੇ ਇਸ ਤਰੀਕੇ ਨਾਲ ਇੱਕ ਡਾਕਟਰ 'ਤੇ ਹਮਲਾ ਕਰਨਾ ਬਹੁਤ ਸ਼ਰਮਨਾਕ ਹੈ। ਸਰਕਾਰ ਡਾਕਟਰਾਂ ਦੀ ਸੁਰੱਖਿਆ ਪ੍ਰਤੀ ਪੂਰੀ ਤਰ੍ਹਾਂ ਗੰਭੀਰ ਹੈ ਅਤੇ ਜਲਦੀ ਹੀ ਸਖ਼ਤ ਕਦਮ ਚੁੱਕੇ ਜਾਣਗੇ।
ਜਾਣਕਾਰੀ ਅਨੁਸਾਰ, 4 ਜੁਲਾਈ ਨੂੰ ਦੋ ਨੌਜਵਾਨ ਕੋਟ ਈਸੇ ਖ਼ਾਨ ਸਥਿਤ ਡਾਕਟਰ ਅਨਿਲ ਕੰਬੋਜ ਦੇ ਕਲੀਨਿਕ ਵਿੱਚ ਮਰੀਜ਼ ਬਣ ਕੇ ਦਾਖ਼ਲ ਹੋਏ ਸਨ। ਕੁਝ ਦੇਰ ਗੱਲਾਂ ਕਰਨ ਤੋਂ ਬਾਅਦ, ਉਨ੍ਹਾਂ ਨੇ ਅਚਾਨਕ ਰਿਵਾਲਵਰ ਕੱਢਿਆ ਅਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਲਗਭਗ ਪੰਜ ਗੋਲੀਆਂ ਚਲਾਉਣ ਤੋਂ ਬਾਅਦ, ਦੋਵੇਂ ਹਮਲਾਵਰ ਮੌਕੇ ਤੋਂ ਭੱਜ ਗਏ। ਗੰਭੀਰ ਰੂਪ ਵਿੱਚ ਜ਼ਖ਼ਮੀ ਡਾਕਟਰ ਕੰਬੋਜ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਸਥਾਨਕ ਸੂਤਰਾਂ ਅਨੁਸਾਰ ਡਾ. ਕੰਬੋਜ ਨੂੰ ਪਹਿਲਾਂ ਸੁਰੱਖਿਆ ਦਿੱਤੀ ਗਈ ਸੀ, ਪਰ ਕੁਝ ਸਮਾਂ ਪਹਿਲਾਂ ਉਹ ਸੁਰੱਖਿਆ ਵਾਪਸ ਲੈ ਲਈ ਗਈ ਸੀ। ਜਦੋਂ ਮੰਤਰੀ ਡਾ. ਬਲਬੀਰ ਸਿੰਘ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ- ਅਸੀਂ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਾਂਗੇ ਕਿ ਸੁਰੱਖਿਆ ਕਿਉਂ ਵਾਪਸ ਲਈ ਗਈ।
ਮੰਤਰੀ ਨੇ ਸਪੱਸ਼ਟ ਕੀਤਾ ਕਿ ਦੋਸ਼ੀਆਂ ਦੀ ਪਛਾਣ ਜਲਦੀ ਹੀ ਕੀਤੀ ਜਾਵੇਗੀ। ਦੋਸ਼ੀਆਂ ਨੇ ਮਰੀਜ਼ ਬਣ ਕੇ ਇਹ ਕਦਮ ਚੁੱਕਿਆ ਹੈ। ਪੁਲਿਸ ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰੇਗੀ। ਉਨ੍ਹਾਂ ਕਿਹਾ- ਅਸੀਂ ਇੱਕ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਫੜੇ ਜਾਣ ਤੋਂ ਬਾਅਦ ਹਮਲਾਵਰਾਂ ਨੂੰ ਅਜਿਹੀ ਮਿਸਾਲੀ ਸਜ਼ਾ ਦਿੱਤੀ ਜਾਵੇਗੀ ਕਿ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣਗੀਆਂ।
(For more news apart from “ Health Minister Dr. Balbir Singh visited Tania's father News in punjabi , ” stay tuned to Rozana Spokesman.)