ਪੁਲਿਸ ਵਲੋਂ ਕਾਰਵਾਈ ਨਾ ਕਰਨ 'ਤੇ ਸਿੱਖ ਜਥੇਬੰਦੀਆਂ ਨੇ ਪਿੰਡ ਮਾਲੂਵਾਲ ਵਿਖੇ ਚਾਲੇ ਪਾਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਤੇ ਦਿਨੀਂ ਪਿੰਡ ਮਾਲੂਵਾਲ ਸੰਤਾ ਵਿਖੇ ਡੇਰਾ ਨੁਮਾ ਗੁਰਦੁਆਰਾ ਸਾਹਿਬ ਵਿਖੇ ਅੱਗ ਲੱਗਣ ਦੀ ਹੋਈ ਘਟਨਾ ਤੋਂ ਬਾਅਦ ਸਿੱਖ ਜਥੇਬੰਦੀਆਂ ਵਲੋਂ..............

Police preventing leaders of Sikh organizations

ਝਬਾਲ : ਬੀਤੇ ਦਿਨੀਂ ਪਿੰਡ ਮਾਲੂਵਾਲ ਸੰਤਾ ਵਿਖੇ ਡੇਰਾ ਨੁਮਾ ਗੁਰਦੁਆਰਾ ਸਾਹਿਬ ਵਿਖੇ ਅੱਗ ਲੱਗਣ ਦੀ ਹੋਈ ਘਟਨਾ ਤੋਂ ਬਾਅਦ ਸਿੱਖ ਜਥੇਬੰਦੀਆਂ ਵਲੋਂ ਉਥੋਂ ਦੇ ਪ੍ਰਬੰਧਕਾਂ ਵਿਰੁਧ ਕਾਰਵਾਈ ਕਰਨ ਦੀ ਮੰਗ ਤੇ ਪ੍ਰਸ਼ਾਸਨ ਵਲੋਂ ਗੌਰ ਨਾ ਕਰਨ 'ਤੇ ਅੱਜ ਸਥਿਤੀ ਉਸ ਵੇਲੇ ਤਣਾਅ ਪੂਰਵਕ ਹੋ ਗਈ ਜਦੋਂ ਸਿੱਖ ਜਥੇਬੰਦੀਆਂ ਜਿਨ੍ਹਾਂ ਵਿਚ ਦਮਦਮੀ ਟਕਸਾਲ ਦੇ ਵਿਦਿਆਰਥੀ, ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਪੰਜਾਬ ਦੇ ਭਾਈ ਮਨਜੀਤ ਸਿੰਘ ਝਬਾਲ, ਭਾਈ ਤਰਲੋਚਨ ਸਿੰਘ ਸੋਹਲ, ਭਾਈ ਸੁਖਦੀਪ ਸਿੰਘ ਖੋਸਾ, ਭਾਈ ਹਰਜਿੰਦਰ ਸਿੰਘ ਬਾਜੇ ਕੇ, ਲਖਬੀਰ ਸਿੰਘ ਮਾਹਲਮ ਆਦਿ ਦੀ ਅਗਵਾਈ ਵਿਚ ਸੈਂਕੜੇ ਸਿੱਖਾਂ ਨੇ ਗੁਰਦੁਆਰਾ ਬੀੜ ਬਾਬਾ ਬੁੱਢਾ

ਸਾਹਿਬ ਜੀ ਵਿਖੇ ਇਕੱਠ ਕਰ ਕੇ ਮਾਲੂਵਾਲ ਸੰਤਾ ਵਿਖੇ ਅਗਨੀ ਦੀ ਘਟਨਾ ਵਾਪਰੀ ਸੀ ਉਥੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਸੁਰੱਖਿਅਤ ਹੋਣ ਕਰ ਕੇ ਉਥੋਂ ਸੁਰੱਖਿਅਤ ਥਾਂ ਲੈ ਕੇ ਜਾਣ ਲਈ ਤਿਆਰੀਆਂ ਕੱਸੀਆਂ। ਜਦੋਂ ਕਿ ਦੂਸਰੇ ਪਿੰਡ ਮਾਲੂਵਾਲ ਸੰਤਾ ਵਿਖੇ ਵੀ ਗੁਰਦੁਆਰਾ ਸਾਹਿਬ ਵਿਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਾ ਚੁਕਣ ਦੇਣ ਲਈ ਪਿੰਡ ਵਾਸੀਆਂ ਦਾ ਭਾਰੀ ਇਕੱਠ ਹੋਇਆ। ਦੋਵਾਂ ਪਾਰਟੀਆਂ ਵਿਚਕਾਰ ਟਕਰਾਅ ਵਾਲੀ ਸਥਿਤੀ ਬਣਦੀ ਵੇਖ ਵੱਡੀ ਗਿਣਤੀ ਵਿਚ ਪੁਲਿਸ ਪਾਰਟੀ ਨੇ ਐਸ ਪੀ ਗੁਰਨਾਮ ਸਿੰਘ, ਡੀ ਐਸ ਪੀ ਸੁੱਚਾ ਸਿੰਘ, ਡੀਐਸਪੀ ਸਤਨਾਮ ਸਿੰਘ ਤੇ ਇੰਸਪੈਕਟਰ ਮਨੋਜ ਕੁਮਾਰ, ਇੰਸਪੈਕਟਰ ਹਰਿਤ ਕੁਮਾਰ,

ਇੰਸਪੈਕਟਰ ਚੰਦਰ ਭੂਸ਼ਣ ਦੀ ਅਗਵਾਈ ਵਿਚ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਰੋਕ ਰਖਿਆ ਤੇ ਥਾਣੇ ਬੁਲਾ ਕੇ ਕਾਰਵਾਈ ਕਰਨ ਦਾ ਭਰੋਸਾ ਦਿਤਾ ਪਰ ਕੋਈ ਕਾਰਵਾਈ ਨਾ ਹੁੰਦੀ ਵੇਖ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਜ਼ਬਰਦਸਤੀ ਪਿੰਡ ਮਾਲੂਵਾਲ ਵਲ ਚਾਲੇ ਪਾਏ ਪ੍ਰੰਤੂ ਵੱਡੀ ਗਿਣਤੀ ਵਿਚ ਪੁਲਿਸ ਪਾਰਟੀ ਨੇ ਅੱਡਾ ਝਬਾਲ ਵਿਖੇ ਉਨ੍ਹਾਂ ਨੂੰ ਜ਼ਬਰਦਸਤੀ ਰੋਕ ਲਿਆ ਤੇ ਅੱਧਾ ਘੰਟਾ ਇਹ ਤਣਾਅ ਚਲਦਾ ਰਿਹਾ ਜਿਸ 'ਤੇ ਐਸ.ਪੀ. ਗੁਰਨਾਮ ਸਿੰਘ ਨੇ ਬੜੀ ਦਲੇਰੀ ਤੇ ਸੂਝ-ਬੂਝ ਨਾਲ ਉਨ੍ਹਾਂ ਨੂੰ ਰੋਕੀ ਰਖਿਆ, ਤਣਾਅ ਦੀ ਸਥਿਤੀ ਨੂੰ ਵੇਖਦਿਆਂ ਐਸ.ਐਸ.ਪੀ. ਦਰਸ਼ਨ ਸਿੰਘ ਮਾਨ ਮੌਕੇ ਤੇ ਪੁੱਜੇ ਤੇ ਮਾਮਲੇ ਨੂੰ ਸ਼ਾਂਤ ਕੀਤਾ ਤੇ ਉਨ੍ਹਾਂ ਦੀ ਮੰਗ ਨੂੰ ਪੁਰਾ

ਕਰਨ ਦਾ ਭਰੋਸਾ ਦਿਤਾ। ਪਿੰਡ ਮਾਲੂਵਾਲ ਵਿਖੇ ਗੁਰਦੁਆਰਾ ਮੁਖੀ ਭਾਈ ਰਜਿੰਦਰਪਾਲ ਸਿੰਘ, ਭਾਈ ਪ੍ਰਕਾਸ਼ ਸਿੰਘ ਸੁਰਸਿੰਘ, ਭਾਈ ਸਤਨਾਮ ਸਿੰਘ ਮਨਾਵਾਂ ਸਮੇਤ ਆਗੂਆਂ ਨਾਲ ਗੱਲ ਕਰਨ ਲਈ ਐਸ.ਐਸ.ਪੀ. ਦਰਸ਼ਨ ਸਿੰਘ ਮਾਨ ਖੁਦ ਮਾਲੂਵਾਲ ਪੁੱਜੇ ਅਤੇ ਮਸਲਾ ਹੱਲ ਕਰਨ ਲਈ ਪ੍ਰਬੰਧਕਾਂ ਨੂੰ ਭਰੋਸੇ ਵਿਚ ਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ ਐਸ ਪੀ ਨੇ ਕਿਹਾ ਕਿ ਦੋਵਾਂ ਪਾਰਟੀਆਂ ਨਾਲ ਕੀਤੀ ਗੱਲਬਾਤ ਤੋਂ ਬਾਅਦ ਮਸਲਾ ਹੱਲ ਕਰ ਲਿਆ ਹੈ।

ਜਦੋਂ ਕਿ ਰਜਿੰਦਰਪਾਲ ਸਿੰਘ ਪ੍ਰਬੰਧਕ ਮਾਲੂਵਾਲ ਸੰਤਾ ਗੁਰਦੁਆਰਾ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ ਅਕਾਲ ਤਖ਼ਤ ਸਾਹਿਬ ਤੋਂ ਟੀਮ ਨੂੰ ਉਨ੍ਹਾਂ ਨੇ ਬਕਾਇਦਾ ਲਿਖਤੀ ਮਾਫ਼ੀਨਾਮਾ ਵੀ ਦਿਤਾ ਹੈ ਅਤੇ ਜੋ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਹੋਣਗੇ ਉਸ ਨੂੰ ਅਸੀ ਪ੍ਰਵਾਨ ਕਰਾਂਗੇ।