ਪ੍ਰਿਆ ਗਰਗ ਨੂੰ 'ਸਪੇਸ' ਦੀ ਖੋਜ ਲਈ ਮੈਰੀਲੈਂਡ ਯੂਨੀਵਰਸਿਟੀ ਵਲੋਂ ਸਕਾਲਰਸ਼ਿਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਠਿੰਡਾ ਦੇ ਗਰਗ ਪ੍ਰਵਾਰ ਦੀ ਹੋਣਹਾਰ ਧੀ ਪ੍ਰਿਆ ਗਰਗ ਨੇ ਭਾਰਤ ਵਿਚੋਂ ਦੂਜੀ ਕਲਪਨਾ ਚਾਵਲਾ ਦੇ ਪੈਦਾ ਹੋਣ ਦੀ ਆਸ ਨੂੰ ਮੁੜ ਪੈਦਾ ਕਰ ਦਿਤਾ ਹੈ............

Priya Garg shows a copy of her scholarship with her parents

ਬਠਿੰਡਾ : ਬਠਿੰਡਾ ਦੇ ਗਰਗ ਪ੍ਰਵਾਰ ਦੀ ਹੋਣਹਾਰ ਧੀ ਪ੍ਰਿਆ ਗਰਗ ਨੇ ਭਾਰਤ ਵਿਚੋਂ ਦੂਜੀ ਕਲਪਨਾ ਚਾਵਲਾ ਦੇ ਪੈਦਾ ਹੋਣ ਦੀ ਆਸ ਨੂੰ ਮੁੜ ਪੈਦਾ ਕਰ ਦਿਤਾ ਹੈ।  'ਸਪੇਸ' ਸਿਖਿਆ ਦੇ ਖੇਤਰ 'ਚ ਅੱਗੇ ਵਧ ਰਹੀ ਪ੍ਰਿਆ ਗਰਗ ਨੂੰ ਅਮਰੀਕਾ ਦੀ ਪ੍ਰਸਿੱਧ ਮੈਰੀਲੈਂਡ ਯੂਨੀਵਰਸਿਟੀ ਨੇੰ ਐਰੋਸਪੇਸ ਇੰਜੀਨੀਅਰਿੰਗ ਵਿਚ ਡਾਕਟਰੇਟ (ਪੀ.ਐਚ.ਡੀ.) ਦੀ ਡਿਗਰੀ ਕਰਨ ਵਾਸਤੇ ਸੱਦਾ ਦਿਤਾ ਹੈ। ਯੂਨੀਵਰਸਿਟੀ ਡਾਕਟਰੇਟ ਦੀ ਡਿਗਰੀ ਦੌਰਾਨ ਪ੍ਰਿਆ ਗਰਗ ਨੂੰ ਕਰੀਬ 30 ਲੱਖ ਰੁਪਏ ਦੀ ਸਕਾਲਰਸ਼ਿਪ ਦੇਵੇਗੀ।

ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵਿਚਕਾਰ ਇਸ ਸਕਾਲਰਸ਼ਿਪ ਨੂੰ ਪ੍ਰਾਪਤ ਕਰਨ ਲਈ ਹੋਏ ਸਖ਼ਤ ਮੁਕਾਬਲੇ ਪਿੱਛੋਂ ਬਠਿੰਡਾ ਦੀ ਪ੍ਰਿਆ ਗਰਗ ਭਾਰਤ ਦੀ ਇਕੋ-ਇਕ ਵਿਦਿਆਰਥਣ ਹੈ। ਪਿਤਾ ਹੇਮ ਰਾਜ ਗਰਗ ਅਤੇ ਮਾਤਾ ਨਿਰਮਲਾ ਗਰਗ ਦੀ ਪਿਆਰੀ ਧੀ ਪ੍ਰਿਆ ਦੀ ਖੋਜ ਦਾ ਵਿਸ਼ਾ ਸਪੇਸ ਸ਼ਟਲ ਵਿਚ ਵਰਤੇ ਜਾਂਦੇ ਫਿਊਲ (ਬਾਲਣ) ਨੂੰ ਹੋਰ ਵੱਧ ਹਲਕਾ ਤੇ ਕਿਫ਼ਾਇਤੀ ਬਣਾਉਣਾ ਹੈ। ਪ੍ਰਿਆ ਗਰਗ ਨੂੰ ਇਹ ਮੌਕਾ ਯੂਨੀਵਰਸਿਟੀ ਦੇ ਉੱਘੇ ਪ੍ਰੋਫੈਸਰ ਡਾ. ਗੌਲਨਰ ਦੀ ਅਗਵਾਈ ਵਿਚ ਮਿਲੇਗਾ।

ਇਥੇ ਦਸਣਾ ਬਣਦਾ ਹੈ ਕਿ ਪ੍ਰਿਆ ਨੇ ਮਾਸਟਰ ਡਿਗਰੀ ਦੌਰਾਨ ਵੀ ਇਸ ਵਿਸ਼ੇ 'ਤੇ ਲਿਖੇ ਥੀਸਿਸ ਵਿਚ ਵੀ ਉਸ ਨੇ ਸੋ ਫ਼ੀਸਦੀ ਅੰਕ ਹਾਸਲ ਕਰਕੇ ਵੱਡਾ ਨਾਮਣਾ ਖੱਟਿਆ ਸੀ। ਪ੍ਰਿਆ ਗਰਗ ਦਾ ਕਹਿਣਾ ਹੈ ਕਿ ਪੁਲਾੜ ਵਿਗਿਆਨ ਦੇ ਖੇਤਰ ਵਿਚ ਭਾਰਤ ਦੀ ਵਿਸ਼ਵ ਪ੍ਰਸਿੱਧ ਪੁਲਾੜ ਵਿਗਿਆਨੀ ਮਰਹੂਮ ਕਲਪਨਾ ਚਾਵਲਾ ਉਸ ਦੀ ਰੋਲ ਮਾਡਲ ਤੇ ਪ੍ਰੇਰਨਾ ਸਰੋਤ ਹੈ। ਪ੍ਰਿਆ ਨੇ ਕਿਹਾ ਕਿ ਉਹ ਮਨੁੱਖਤਾ ਦੀ ਭਲਾਈ ਦੇ ਕਾਰਜਾਂ ਵਿਚ ਵਿਸ਼ਵ ਪੁਲਾੜ ਮਿਸ਼ਨ ਦਾ ਹਿੱਸਾ ਬਣਨ ਦੀ ਇੱਛਾ ਰੱਖਦੀ ਹੈ।