ਕੈਪਟਨ ਅਮਰਿੰਦਰ ਨੂੰ ਅਪਣੇ ਹੀ ਮੰਤਰੀਆਂ ਤੇ ਵਿਧਾਇਕਾਂ ਤੋਂ ਸੁਣਨੇ ਪਏ ਤਾਅਨੇ-ਮਿਹਣੇ
ਮੰਤਰੀਆਂ ਤੇ ਵਿਧਾਇਕਾਂ ਨੇ ਕੈਪਟਨ ਦੇ ਡਿਨਰ ਦਾ ਸਵਾਦ ਕੀਤਾ ਕਿਰਕਿਰਾ
ਚੰਡੀਗੜ੍ਹ- ਬੇਅਦਬੀ ਦੇ ਮਾਮਲੇ ਵਿਚ ਅਸਲ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਾ ਹੋਣ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪਣੇ ਹੀ ਮੰਤਰੀਆਂ ਅਤੇ ਵਿਧਾਇਕਾਂ ਦੇ ਤਾਅਨੇ-ਮਿਹਣੇ ਸੁਣਨੇ ਪੈ ਰਹੇ ਹਨ ਦਰਅਸਲ ਕੈਪਟਨ ਅਮਰਿੰਦਰ ਸਿੰਘ ਨੇ ਅਪਣੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਉਨ੍ਹਾਂ ਦੇ ਵਿਚਾਰ ਸੁਣਨ ਲਈ ਰਾਤ ਦੇ ਖਾਣੇ 'ਤੇ ਸੱਦਿਆ ਸੀ
ਪਰ ਕੈਪਟਨ ਸਾਬ੍ਹ ਦੇ ਡਿਨਰ ਦਾ ਸਵਾਦ ਉਦੋਂ ਕਿਰਕਿਰਾ ਹੋ ਗਿਆ ਜਦੋਂ ਬੇਅਦਬੀ ਦੇ ਮੁੱਦੇ 'ਤੇ ਮੰਤਰੀਆਂ ਤੇ ਵਿਧਾਇਕਾਂ ਨੇ ਉਨ੍ਹਾਂ ਦੀ ਜਮ ਕੇ ਕਲਾਸ ਲਗਾ ਦਿੱਤੀ। ਇਸ ਦੌਰਾਨ ਸੀਨੀਅਰ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕੈਪਟਨ ਸਾਬ੍ਹ ਨੂੰ ਸਾਫ਼ ਸ਼ਬਦਾਂ ਵਿਚ ਬੋਲਦਿਆਂ ਆਖਿਆ
ਕਿ ਬੇਅਦਬੀ ਦਾ ਮੁੱਦਾ ਲੋਕਾਂ ਦੇ ਦਿਲੋ ਦਿਮਾਗ਼ 'ਤੇ ਭਾਰੂ ਹੈ ਪਰ ਕਾਰਵਾਈ ਨਾ ਹੋਣ ਕਰਕੇ ਲੋਕਾਂ ਨੂੰ ਇੰਝ ਜਾਪ ਰਿਹਾ ਹੈ ਕਿ ਸਾਡੀ ਸਰਕਾਰ ਅਕਾਲੀਆਂ ਨਾਲ ਰਲੀ ਹੋਈ ਹੈ ਜੋ ਕਾਂਗਰਸ ਲਈ ਘਾਤਕ ਸਾਬਤ ਹੋ ਸਕਦੀ ਹੈ। ਉਨ੍ਹਾਂ ਨੇ ਬੇਅਦਬੀ ਮਾਮਲੇ ਵਿਚ ਵੱਖ-ਵੱਖ ਬੋਲੀਆਂ ਬੋਲ ਰਹੇ ਅਫ਼ਸਰਾਂ ਦਾ ਵੀ ਜ਼ਿਕਰ ਕੀਤਾ।
ਬਾਜਵਾ ਨੇ ਮੁੱਖ ਮੰਤਰੀ ਨੂੰ ਇਹ ਵੀ ਆਖਿਆ ਕਿ ਜੇਕਰ ਸੀਬੀਆਈ ਜਾਂਚ ਵਾਪਸ ਲੈਣ ਦਾ ਫ਼ੈਸਲਾ ਹੋਇਆ ਸੀ ਤਾਂ ਉਸ ਦਾ ਨੋਟੀਫਿਕੇਸ਼ਨ ਕਿੱਥੇ ਹੈ। ਮੁੱਖ ਮੰਤਰੀ ਨੇ ਤਾਂ ਭਾਵੇਂ ਇਸ ਦਾ ਕੋਈ ਜਵਾਬ ਨਹੀਂ ਦਿੱਤਾ ਪਰ ਸੁਖਜਿੰਦਰ ਰੰਧਾਵਾ ਵਿਚੋਂ ਉਠ ਕੇ ਆਖਣ ਲੱਗੇ ਕਿ ਅਦਾਲਤ ਵਿਚ ਜਦੋਂ ਸੀਬੀਆਈ ਤੋਂ ਕੇਸ ਵਾਪਸ ਲੈਣ ਦਾ ਮੁੱਦਾ ਉਠਿਆ ਤਾਂ ਜੱਜ ਵੱਲੋਂ ਤਿੰਨ ਵਾਰ ਸਰਕਾਰ ਤੋਂ ਸੀਬੀਆਈ ਤੋਂ ਇਹ ਕੇਸ ਵਾਪਸ ਲੈਣ ਦੀ ਕਾਪੀ ਮੰਗੀ ਗਈ
ਪਰ ਸਰਕਾਰ ਵੱਲੋਂ ਇਹ ਨੋਟੀਫਿਕੇਸ਼ਨ ਪੇਸ਼ ਨਹੀਂ ਕੀਤਾ ਜਾ ਸਕਿਆ। ਜਿਸ ਕਾਰਨ ਚਰਚਾ ਇਹ ਹੈ ਕਿ ਮੁੱਖ ਮੰਤਰੀ ਨੇ ਸਦਨ ਵਿਚ ਐਲਾਨ ਕਰਨ ਤੋਂ ਬਾਅਦ ਵੀ ਨੋਟੀਫਿਕੇਸ਼ਨ ਜਾਰੀ ਹੀ ਨਹੀਂ ਕਰਵਾਇਆ। ਇੰਨਾ ਕਹਿਣ ਦੀ ਦੇਰ ਸੀ ਕਿ ਵਿਧਾਇਕ ਕੁਲਜੀਤ ਸਿੰਘ ਨਾਗਰਾ ਉਠ ਕੇ ਬੋਲਣ ਲੱਗ ਪਏ ਕਿ ਇਹ ਵਿਧਾਨ ਸਭਾ ਦੀ ਮਰਿਆਦਾ ਦੀ ਮਾਣਹਾਨੀ ਦਾ ਮਾਮਲਾ ਹੈ।
ਜਦੋਂ ਮੁੱਖ ਮੰਤਰੀ ਨੇ ਖ਼ੁਦ ਐਲਾਨ ਕੀਤਾ ਸੀ ਤਾਂ ਫਿਰ ਕਿਉਂ ਨਹੀਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ? ਬੇਅਦਬੀ ਮਾਮਲੇ ਵਿਚ ਮੁੱਖ ਮੰਤਰੀ ਦੀ ਢਿੱਲ ਮੱਠ 'ਤੇ ਬੋਲਣ ਵਿਚ ਸਭ ਤੋਂ ਸੀਨੀਅਰ ਮੰਤਰੀ ਬ੍ਰਹਮ ਮਹਿੰਦਰਾ ਵੀ ਪਿੱਛੇ ਨਹੀਂ ਰਹੇ। ਉਨ੍ਹਾਂ ਇੱਥੋਂ ਤਕ ਆਖ ਦਿੱਤਾ ਕਿ ਮੈਂ ਜਿੱਥੇ ਵੀ ਜਾਂਦਾ ਹਾਂ ਹਰ ਥਾਂ ਇਹੋ ਸੁਣਨ ਨੂੰ ਮਿਲਦ ਹੈ ਕਿ ਅਸੀਂ ਅਕਾਲੀਆਂ ਨਾਲ ਰਲੇ ਹੋਏ ਹਾਂ।
ਉਨ੍ਹਾਂ ਆਖਿਆ ਕਿ ਇਸ ਧਾਰਨਾ ਨੂੰ ਖ਼ਤਮ ਕਰਨ ਦੀ ਲੋੜ ਹੈ। ਅਕਾਲੀਆਂ ਪ੍ਰਤੀ ਨਰਮ ਰਵੱਈਏ ਨੂੰ ਲੈ ਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਮੁੱਖ ਮੰਤਰੀ ਨੂੰ ਝੰਜੋੜਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਆਖਿਆ ਕਿ ਮੈਂ ਜਦੋਂ ਵੀ ਬਾਦਲ ਪਿੰਡ ਜਾਂਦਾ ਹਾਂ ਤਾਂ ਅਧਿਕਾਰੀ ਅਤੇ ਲੋਕ ਇੰਝ ਸਮਝਦੇ ਹਨ ਜਿਵੇਂ ਕੋਈ ਮਿਉਂਸਪਲ ਕਮੇਟੀ ਦਾ ਮੈਂਬਰ ਹੋਵਾਂ ਪਰ ਜਦੋਂ ਸੁਖਬੀਰ ਬਾਦਲ ਸਰਕਾਰ ਵੱਲੋਂ ਦਿੱਤੀਆਂ ਗੱਡੀਆਂ ਦਾ ਲਾਮ ਲਸ਼ਕਰ ਲੈ ਕੇ ਉਥੇ ਜਾਂਦੇ ਹਨ ਤਾਂ ਲੋਕਾਂ ਨੂੰ ਇਹ ਪ੍ਰਭਾਵ ਮਿਲਦਾ ਹੈ
ਕਿ ਜਿਵੇਂ ਕੋਈ ਮੁੱਖ ਮੰਤਰੀ ਆਇਆ ਹੋਵੇ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਸਰਕਾਰ ਦੀ ਬਖ਼ਸ਼ਿਸ਼ ਦਾ ਹੀ ਨਤੀਜਾ ਹੈ। ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਦੇ ਬੋਲ ਤਾਂ ਬਿਜਲੀ ਵਰਗੇ ਸਨ। ਜਿਨ੍ਹਾਂ ਨੇ ਮੁੱਖ ਮੰਤਰੀ ਨੂੰ ਇੱਥੋਂ ਤਕ ਆਖ ਦਿੱਤਾ ਕਿ ਉਨ੍ਹਾਂ ਨੂੰ ਅਕਾਲੀਆਂ ਤੇ ਬਾਦਲਾਂ ਦੇ ਜਾਨ ਮਾਲ ਦਾ ਇੰਨਾ ਫ਼ਿਕਰ ਕਿਉਂ ਹੈ ਜੋ ਉਹ ਸਰਕਾਰੀ ਖ਼ਜ਼ਾਨੇ ਤੋਂ ਉਨ੍ਹਾਂ 'ਤੇ ਇੰਨੇ ਸਾਧਨ ਲੁਟਾਉਣ ਵਿਚ ਲੱਗੇ ਹੋਏ ਹਨ।
ਇਸੇ ਦੌਰਾਨ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੀ ਦੋਸ਼ ਲਗਾਉਂਦਿਆਂ ਆਖ ਦਿੱਤਾ ਕਿ ਸੂਬੇ ਵਿਚ ਸਰਕਾਰ ਨੂੰ ਅਫ਼ਸਰਸ਼ਾਹੀ ਚਲਾ ਰਹੀ ਹੈ। ਵਿਧਾਇਕ ਪ੍ਰਗਟ ਸਿੰਘ ਨੇ ਵੀ ਬ੍ਰਹਮ ਮਹਿੰਦਰਾ ਵਾਲੀ ਗੱਲ ਦੁਹਰਾਉਂਦਿਆਂ ਆਖਿਆ ਕਿ ਲੋਕ ਸਾਨੂੰ ਅਤੇ ਅਕਾਲੀਆਂ ਨੂੰ ਇਕੋ ਸਮਝ ਰਹੇ ਹਨ। ਜਿਸ ਦਾ ਖ਼ਮਿਆਜ਼ਾ ਸਾਨੂੰ ਸਿਆਸੀ ਤੌਰ 'ਤੇ ਭੁਗਤਣਾ ਪਵੇਗਾ।
ਫਤਿਹਜੰਗ ਸਿੰਘ ਬਾਜਵਾ ਨੇ ਗਰਮੀ ਦਿਖਾਉਂਦਿਆਂ ਮੁੱਖ ਮੰਤਰੀ ਇਹ ਆਖ ਦਿੱਤਾ ਕਿ ਉਹ ਸਰਕਾਰ ਵਿਚ ਅਫ਼ਸਰਸ਼ਾਹੀ ਦੀਆਂ ਵੱਖੋ-ਵੱਖਰੀਆਂ ਬੋਲੀਆਂ ਬੰਦ ਕਰਵਾਉਣ ਅਤੇ ਪਿਛਲੀ ਸਰਕਾਰ ਵੇਲੇ ਲੁੱਟ ਮਚਾਉਣ ਵਾਲਿਆਂ ਨੂੰ ਟੰਗਣ, ਨੌਜਵਾਨ ਵਿਧਾਇਕ ਬਾਵਾ ਹੈਨਰੀ ਨੇ ਟਰਾਂਸਪੋਰਟ ਵਿਭਾਗ 'ਤੇ ਦੋਸ਼ ਲਗਾਉਂਦਿਆ ਇੱਥੋਂ ਤਕ ਆਖ ਦਿੱਤਾ ਕਿ ਉਹ ਸ਼ਰ੍ਹੇਆਮ ਬਾਦਲਾਂ ਦੀ ਮਦਦ ਕਰ ਰਿਹਾ ਹੈ ਪਰ ਬਾਵਾ ਹੈਨਰੀ ਦੇ ਬਿਆਨ 'ਤੇ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਭੜਕ ਗਈ।
ਇਸ ਮਾਮਲੇ ਨੂੰ ਲੈ ਕੇ ਦੋਵਾਂ ਵਿਚਕਾਰ ਤਿੱਖੀ ਝੜਪ ਵੀ ਹੋਈ। ਵਿਧਾਇਕ ਰਾਜਾ ਵੜਿੰਗ ਨੇ ਵੀ ਮੁੱਖ ਮੰਤਰੀ ਨੂੰ ਬੇਅਦਬੀ ਦੇ ਮੁੱਦੇ 'ਤੇ ਸਵਾਲ ਕਰਦਿਆਂ ਆਖਿਆ ਤੁਸੀਂ ਕੋਟਕਪੂਰਾ ਤੇ ਬਹਿਬਲ ਕਲਾਂ ਲਈ ਜੋ ਵਿਸ਼ੇਸ਼ ਜਾਂਚ ਟੀਮ ਬਣਾਈ ਹੈ। ਉਸ ਦੇ ਮੈਂਬਰ ਵੀ ਵੱਖ-ਵੱਖ ਬੋਲੀਆਂ ਬੋਲ ਰਹੇ ਹਨ।
ਕੀ ਇਹ ਅਨੁਸਾਸ਼ਨਹੀਣਤਾ ਨਹੀਂ, ਰਾਜਾ ਵੜਿੰਗ ਨੇ ਟਰਾਂਸਪੋਰਟ ਵਿਭਾਗ 'ਤੇ ਬਾਦਲਾਂ ਦੇ ਗ਼ਲਬੇ ਦਾ ਮੁੱਦਾ ਵੀ ਉਠਾਇਆ। ਵਿਧਾਇਕ ਕੁਸ਼ਲਦੀਪ ਢਿੱਲੋਂ ਨੇ ਵੀ ਅਪਣਾ ਦੁੱਖੜਾ ਸੁਣਾਉਂਦਿਆਂ ਆਖਿਆ ਕਿ ਅਫ਼ਸਰਸ਼ਾਹੀ ਅਕਾਲੀਆਂ ਦੀ ਗੱਲ ਸੁਣਦੀ ਹੈ ਸਾਡੀ ਨਹੀਂ। ਉਨ੍ਹਾਂ ਮੁੱਖ ਮੰਤਰੀ ਨੂੰ ਵੀ ਕਿਹਾ ਕਿ ਉਹ ਅਫ਼ਸਰਸ਼ਾਹੀ ਤੋਂ ਸਲਾਹਾਂ ਲੈਣ ਦੀ ਬਜਾਏ ਅਪਣੇ ਪਾਰਟੀ ਆਗੂਆਂ ਤੋਂ ਰਾਇ ਲੈਣ।
ਦਰਅਸਲ ਕੈਪਟਨ ਅਮਰਿੰਦਰ ਸਿੰਘ ਡਿਨਰ ਦੌਰਾਨ ਅਪਣੇ ਮੰਤਰੀਆਂ ਤੇ ਵਿਧਾਇਕਾਂ ਨਾਲ ਇਹ ਗੱਲਬਾਤ ਕਰਨ ਲੱਗੇ ਸਨ ਕਿ ਪਾਕਿਸਤਾਨ ਵੱਲੋਂ ਸਿੱਖਾਂ ਨੂੰ ਖ਼ੁਸ਼ ਕਰਨ ਪਿੱਛੇ ਆਈਐਸਆਈ ਦੀ ਇਕ ਸਾਜਿਸ਼ ਹੈ ਜਿਸ ਤੋਂ ਸੁਚੇਤ ਰਹਿਣਾ ਹੋਵੇਗਾ ਪਰ ਮੰਤਰੀਆਂ ਨੇ 'ਛੱਡੋ ਇਸ ਗੱਲ ਨੂੰ' ਕਹਿ ਕੇ ਨਾਲ ਹੀ ਬੇਅਦਬੀ ਦੇ ਮੁੱਦੇ 'ਤੇ ਮੁੱਖ ਮੰਤਰੀ ਵਿਰੁੱਧ ਭੜਾਸ ਕੱਢਣੀ ਸ਼ੁਰੂ ਕਰ ਦਿੱਤੀ।
ਫਿਲਹਾਲ ਇਸ ਸਮੇਂ ਬੇਅਦਬੀ ਮਾਮਲੇ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ 'ਤੇ ਇਕ ਵਾਰ ਫਿਰ ਤੋਂ ਕਾਫ਼ੀ ਦਬਾਅ ਬਣਿਆ ਹੋਇਆ ਹੈ। ਹੁਣ ਦੇਖਣਾ ਹੋਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ ਵਿਚ ਅੱਗੇ ਕੀ ਕਾਰਵਾਈ ਕਰਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।