ਥਾਣੇਦਾਰ ਦੇ ਸਰਵਿਸ ਰਿਵਾਲਵਰ ਨਾਲ ਹਵਾਲਾਤੀ ਦੀ ਮੌਤ, ਜਾਂਚ ਦੇ ਹੁਕਮ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਦੀ ਹਿਰਾਸਤ ਵਿੱਚ ਬੰਦ ਨਿਰਦੀਪ ਸਿੰਘ ਨਾਂਅ ਦੇ ਇੱਕ ਵਿਅਕਤੀ ਨੇ ਏਐੱਸਆਈ ਰਾਜਿੰਦਰ ਸਿੰਘ...

Nirdeep Singh

ਲੁਧਿਆਣਾ: ਪੁਲਿਸ ਦੀ ਹਿਰਾਸਤ ਵਿੱਚ ਬੰਦ ਨਿਰਦੀਪ ਸਿੰਘ ਨਾਂਅ ਦੇ ਇੱਕ ਵਿਅਕਤੀ ਨੇ ਏਐੱਸਆਈ ਰਾਜਿੰਦਰ ਸਿੰਘ ਦੇ ਸਰਵਿਸ ਰਿਵਾਲਵਰ ਨਾਲ ਸਮਰਾਲਾ ਦੇ ਥਾਣੇ ਵਿੱਚ ਖ਼ੁਦਕੁਸ਼ੀ ਕਰ ਲਈ। ਇਹ ਵਾਰਦਾਤ ਅੱਜ ਮੰਗਲਵਾਰ ਸਵੇਰੇ ਵਾਪਰੀ। 47 ਸਾਲਾ ਨਿਰਦੀਪ ਸਿੰਘ ਸਮਰਾਲਾ ਲਾਗਲੇ ਪਿੰਡ ਮੰਜਾਲੀ ਦਾ ਰਹਿਣ ਵਾਲਾ ਸੀ। ਉਹ ਮੈਡੀਕਲ ਪ੍ਰੈਕਟੀਸ਼ਨਰ ਸੀ ਤੇ ਉਸ ਉੱਤੇ ਦੋਸ਼ ਸੀ ਕਿ ਉਸ ਨੇ ਆਪਣੇ ਕੋਲ ਕਥਿਤ ਤੌਰ ’ਤੇ ਕੁਝ ਨਸ਼ੀਲੀਆਂ ਗੋਲੀਆਂ ਰੱਖੀਆਂ ਹੋਈਆਂ ਸਨ।

ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਵੀ ਇਸੇ ਕਾਰਨ ਲਿਆ ਸੀ। ਐੱਸਪੀ (ਡਿਟੈਕਟਿਵ) ਜਸਵੀਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ, ਜਦੋਂ ਏਐੱਸਆਈ ਰਾਜਿੰਦਰ ਸਿੰਘ ਉਸ ਮੁਲਜ਼ਮ ਨਿਰਦੀਪ ਸਿੰਘ ਤੋਂ ਪੁੱਛਗਿੱਛ ਕਰ ਰਿਹਾ ਸੀ। ਏਐੱਸਆਈ ਕਿਸੇ ਕੰਮ ਲਈ ਪੁੱਛਗਿੱਛ ਵਾਲੇ ਕਮਰੇ ਤੋਂ ਬਾਹਰ ਆਏ ਪਰ ਉਹ ਆਪਣਾ ਸਰਵਿਸ ਰਿਵਾਲਵਰ ਉੱਥੇ ਕਮਰੇ ਵਿੱਚ ਹੀ ਭੁੱਲ ਗਏ।

ਮੁਲਜ਼ਮ ਨੇ ਤਦ ਉਸੇ ਰਿਵਾਲਵਰ ਨਾਲ ਆਪਣੇ ਸਿਰ ਵਿੱਚ ਗੋਲੀ ਮਾਰ ਲਈ। ਐੱਸਪੀ ਨੇ ਕਿਹਾ ਕਿ ਏਐੱਸਆਈ ਵੱਲੋਂ ਕੀਤੀ ਇਸ ਲਾਪਰਵਾਹੀ ਵਿਰੁੱਧ ਕਾਰਵਾਈ ਹੋਵੇਗੀ। ਇਸ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।