ਜ਼ਹਿਰੀਲੀ ਸ਼ਰਾਬ ਮਾਮਲਾ : 22 ਹੋਰਾਂ ਦੇ ਦਮ ਤੋੜਣ ਬਾਅਦ 133 'ਤੇ ਪਹੁੰਚਿਆ ਮੌਤਾਂ ਦਾ ਅੰਕੜਾਂ!
ਪੀੜਤਾਂ ਦੀ ਸਾਰ ਲੈਣ ਭਲਕੇ ਤਰਨ ਤਾਰਨ ਜਾਣਗੇ ਮੁੱਖ ਮੰਤਰੀ
ਚੰਡੀਗੜ੍ਹ : ਮਾਝਾ ਖੇਤਰ 'ਚ ਵਾਪਰੇ ਜ਼ਹਿਰੀਲੀ ਸ਼ਰਾਬ ਕਾਂਡ 'ਚ ਮਰਨ ਵਾਲਿਆਂ ਦੀ ਗਿਣਤੀ 'ਚ ਹੋਰ ਵੱਧ ਗਈ ਹੈ। ਹਸਪਤਾਲ 'ਚ ਜ਼ੇਰੇ ਇਲਾਜ ਪੀੜਤਾਂ 'ਚੋਂ 22 ਵਿਅਕਤੀ ਅੱਜ ਹੋਰ ਦਮ ਤੋੜ ਗਏ। ਇਸ ਤੋਂ ਬਾਅਦ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ 133 ਤਕ ਜਾ ਪਹੁੰਚੀ ਹੈ।
ਬੀਤੇ ਕੱਲ੍ਹ ਤਕ ਇਹ ਅੰਕੜਾ 113 ਸੀ, ਜੋ ਅੱਜ 133 ਤਕ ਜਾ ਪੁੱਜਾ ਹੈ। ਇਸ ਕਾਂਡ ਦੀ ਕਰੋਨਾ ਕਾਲ ਦੇ ਝੰਬੇ ਲੋਕਾਂ 'ਤੇ ਦੋਹਰੀ ਮਾਰ ਪਈ ਹੈ। ਮੁੱਖ ਮੰਤਰੀ ਵਲੋਂ ਇਸ ਕਾਂਡ ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ਼ ਸਖ਼ਤੀ ਵਰਤਦਿਆਂ ਦੋਸ਼ੀਆਂ ਖਿਲਾਫ਼ 302 ਤਹਿਤ ਕਾਰਵਾਈ ਦੇ ਹੁਕਮ ਜਾਰੀ ਕੀਤੇ ਗਏ ਹਨ।
ਸੂਤਰਾਂ ਮੁਤਾਬਕ ਮੁੱਖ ਮੰਤਰੀ ਭਲਕੇ ਪੀੜਤਾਂ ਦਾ ਹਾਲ ਜਾਨਣ ਲਈ ਤਰਨ ਤਾਰਨ ਦਾ ਦੌਰਾ ਕਰਨ ਆਉਣਗੇ। ਉਧਰ ਇਸ ਮਾਮਲੇ 'ਚ ਪੁਲਿਸ ਵਲੋਂ ਵੀ ਕਾਰਵਾਈ ਜਾਰੀ ਹੈ। ਪੁਲਿਸ ਨੇ ਇਸ ਮਾਮਲੇ 'ਚ 197 ਨਵੇਂ ਮਾਮਲੇ ਦਰਜ ਕਰ 135 ਹੋਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਹੁਣ ਤਕ ਇਸ ਮਾਮਲੇ 'ਚ 1489 ਕੇਸ ਦਰਜ ਹੋ ਚੁੱਕੇ ਹਨ ਜਦਕਿ 1034 ਲੋਕਾਂ ਨੂੰ ਹੁਣ ਤਕ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਪੁਲਿਸ ਨੇ ਇਸ ਮਾਮਲੇ 'ਚ ਮੁੱਖ ਦੋਸ਼ੀ ਰਜੀਵ ਜੋਸ਼ੀ ਦੀ ਦੁਕਾਨ ਤੋਂ 284 ਡਰਮ ਮੈਥਨੋਲ ਜ਼ਬਤ ਕੀਤੀ ਹਨ। ਇਸ ਤੋਂ ਪਹਿਲਾਂ ਵੀ ਪੁਲਿਸ ਨੇ ਇਸ ਮਾਮਲੇ 'ਚ ਤਿੰਨ ਮੈਥਨੋਲ ਡਰਮ ਬਰਾਮਦ ਕੀਤੇ ਸਨ।
ਇਸ ਮੈਥਨੋਲ ਸਪਲਾਈ ਤੋਂ ਬਾਅਦ ਹੀ ਮੌਤਾਂ ਦਾ ਸਿਲਸਿਲਾ ਸ਼ੁਰੂ ਹੋਇਆ ਸੀ। ਪੁਲਿਸ ਨੇ ਵੱਡੀਕ ਕਾਰਵਾਈ ਕਰਦਿਆਂ 29,422 ਲੀਟਰ ਨਕਲੀ ਸ਼ਰਾਬ, 5,82,406 ਕਿਲੋ ਲਾਹਣ ਅਤੇ 20960 ਲੀਟਰ ਸਪਿਰਟ ਵੀ ਬਰਾਮਦ ਕੀਤੀ ਹੈ। ਇਸ ਮਾਮਲੇ 'ਚ ਜਾਂਚ ਅਤੇ ਫੜੋ-ਫੜੀ ਦਾ ਸਿਲਸਿਲਾ ਜਾਰੀ ਹੈ।