SC ਦੇ ਹੁਕਮਾਂ ਵਿਰੁਧ ਹਰਿਆਣਾ ਦੀਆਂ ਗੋਲਕਾਂ 'ਤੇ ਐਸ.ਜੀ.ਪੀ.ਸੀ. ਵਲੋਂ 70 ਕਰੋੜ ਰੁਪਏ ਦਾ ਡਾਕਾ:ਨਲਵੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਰਿਆਣਾ ਦੇ ਸਿੱਖ ਸਮਾਜ ਦਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਲੋਂ ਲਗਾਤਾਰ ਸ਼ੋਸ਼ਣ ਜਾਰੀ ਹੈ

Didar Singh Nalvi

ਚੰਡੀਗੜ੍ਹ, 5 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ) : ਹਰਿਆਣਾ ਦੇ ਸਿੱਖ ਸਮਾਜ ਦਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਲੋਂ ਲਗਾਤਾਰ ਸ਼ੋਸ਼ਣ ਜਾਰੀ ਹੈ। ਇਹ ਵਿਚਾਰ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਦੀਦਾਰ ਸਿੰਘ ਨਲਵੀ ਨੇ ਪ੍ਰੈੱਸ ਨੂੰ ਜਾਰੀ ਕੀਤੇ ਇਕ ਬਿਆਨ ਰਾਹੀਂ ਪ੍ਰਗਟਾਏ।

ਉਨ੍ਹਾਂ ਦਸਿਆ ਕਿ ਬੇਸ਼ੱਕ ਹਰਿਆਣਾ ਵਿਧਾਨ ਸਭਾ ਨੇ 2014 ਵਿਚ ਐਕਟ ਨੰਬਰ 22 ਆਫ਼ 2014 ਰਾਹੀਂ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਗਠਨ ਕਰ ਦਿਤਾ ਸੀ, ਪ੍ਰੰਤੂ ਸ੍ਰੀ ਹਰਭਜਨ ਸਿੰਘ ਮਸਾਨਾ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਹਰਿਆਣਾ ਵਿਧਾਨ ਸਭਾ ਦੇ ਫ਼ੈਸਲੇ ਵਿਰੁਧ ਸੁਪਰੀਮ ਕੋਰਟ ਵਿਚ ਚਲੇ ਗਏ। ਜਿਸ 'ਤੇ ਸੁਪਰੀਮ ਕੋਰਟ ਨੇ 7 ਅਗੱਸਤ 2014 ਨੂੰ ਦੋਵੇਂ ਪਾਰਟੀਆਂ ਨੂੰ 'ਸਟੇਟ ਕਿਊ' ਬਣਾਈ ਰੱਖਣ ਤੇ ਨਵੇਂ ਬੈਂਕ ਖਾਤੇ ਖੋਲ੍ਹਣ ਦੇ ਹੁਕਮ ਦਿਤੇ, ਉਦੋਂ ਤੋਂ ਹੀ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧ ਕਮੇਟੀ ਤਾਂ ਦੋਵੇਂ ਫ਼ੈਸਲਿਆਂ 'ਤੇ ਅਮਲ ਕਰ ਰਹੀ ਹੈ।

ਸ. ਨਲਵੀ ਨੇ ਦਸਿਆ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸੁਪਰੀਮ ਕੋਰਟ ਦੇ ਫ਼ੈਸਲੇ ਵਿਰੁਧ ਹਰਿਆਣਾ ਸਥਿਤ ਗੁਰਦਵਾਰਿਆਂ ਦੀ ਗੋਲਕ 'ਤੇ ਡਾਕਾ ਮਾਰ ਰਹੀ ਹੈ। ਇਨ੍ਹਾਂ ਤੱਥਾਂ ਦੀ ਗਵਾਹੀ ਐਸ.ਜੀ.ਪੀ.ਸੀ. ਦੇ ਵਿੱਤੀ ਸਾਲ 2020-21 ਦੇ ਬਜਟ ਅਨੁਮਾਨਾਂ ਤੋਂ ਮਿਲਦੀ ਹੈ ਜਿਵੇਂ ਕਿ ਗੁ. ਸਾਹਿਬ ਪਾਤਸ਼ਾਹੀ ਦਸਵੀਂ ਨਾਢਾ ਸਾਹਿਬ, ਪੰਚਕੂਲਾ ਦਾ ਸਾਲ 2018-19 ਦਾ ਅਸਲ ਖ਼ਰਚਾ- 5,39,62,667 ਜਦਕਿ ਸਾਲ 2020-21 ਲਈ ਪ੍ਰਸਤਾਵਿਤ ਖਰਚਾ- 4,62,13,968, ਗੁਰਦਵਾਰਾ ਸ੍ਰੀ ਪੰਜੋਖਰਾ ਸਾਹਿਬ ਪਾਤਸ਼ਾਹੀ ਅੱਠਵੀਂ, ਅੰਬਾਲਾ ਦਾ 2018-19 ਦਾ ਅਸਲ ਖਰਚਾ- 1,88,91,642 ਜਦਕਿ ਸਾਲ 2020-21 ਲਈ ਪ੍ਰਸਤਾਵਿਤ ਖਰਚਾ-2,37,50,255, ਗੁ. ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ, ਧਮਤਾਨ ਸਾਹਿਬ, ਜੀਂਦ ਦਾ 2018-19 ਦਾ ਅਸਲ ਖ਼ਰਚਾ- 1,30,11,086 ਜਦਕਿ ਸਾਲ 2020-21 ਦਾ ਪ੍ਰਸਤਾਵਿਤ ਖ਼ਰਚਾ 1,83,90,200, ਗੁ. ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਜੀਂਦ ਦਾ ਸਾਲ 2018-19 ਦਾ ਅਸਲ ਖਰਚਾ-1,22,35,288 ਜਦਕਿ ਸਾਲ 2020-21 ਦਾ ਪ੍ਰਸਤਾਵਿਤ ਖਰਚਾ-1,28,98,734, ਗੁ. ਸਾਹਿਬ ਪਾਤਸ਼ਾਹੀ ਛੇਵੀਂ ਥਾਨੇਸਰ (ਕੁਰੂਕਸ਼ੇਤਰ) ਦਾ ਸਾਲ 2018-19 ਦਾ ਅਸਲ ਖਰਚਾ-53,75,973 ਜਦਕਿ ਸਾਲ 2020-21 ਦਾ ਪ੍ਰਸਤਾਵਤ ਖਰਚਾ- 91,33,546, ਗੁ. ਮੰਜੀ ਸਾਹਿਬ, ਅੰਬਾਲਾ ਸ਼ਹਿਰ ਦਾ 2018-19 ਦਾ ਅਸਲ ਖਰਚਾ- 47,10,223 ਜਦਕਿ ਸਾਲ 2020-21 ਦਾ ਪ੍ਰਸਤਾਵਿਤ ਖਰਚਾ- 74,48,076, ਗੁ. ਪਾਤਸ਼ਾਹੀ ਪਹਿਲੀ ਤੇ ਨੌਵੀਂ ਕਪਾਲ ਮੋਚਨ (ਯਮੁਨਾ ਨਗਰ) ਦਾ 2018-19 ਦਾ ਅਸਲ ਖਰਚਾ- 28,73,477 ਜਦਕਿ ਸਾਲ 2020-21 ਦਾ ਪ੍ਰਸਤਾਵਿਤ ਖਰਚਾ- 38,74,588 ਹੈ।

ਉਪਰੋਕਤ ਤੱਥਾਂ ਤੋਂ ਸਪਸ਼ਟ ਹੈ ਕਿ ਵਿੱਤੀ ਸਾਲ 2018-19 ਵਿਚ ਐਸ.ਜੀ.ਪੀ.ਸੀ. ਹਰਿਆਣ ਦੇ ਗੁਰਦਵਾਰਿਆਂ ਤੋਂ 11,10,60,356 ਰੁਪਏ ਅਪਣੇ ਖਾਤੇ ਵਿਚ ਲੈ ਗਈ ਅਤੇ ਬਜਟ ਅਨੁਮਾਨਾਂ ਅਨੁਸਾਰ ਵਿਤੀ ਸਾਲ 2020-21 ਵਿਚ 12,17,09,367 ਰੁਪਏ ਲੈ ਜਾਣ ਦੀ ਪ੍ਰਸਤਾਵਨਾ ਹੈ। ਇਸ ਤਰ੍ਹਾਂ ਦੋਵੇਂ ਅੰਕੜਿਆਂ ਦੀ ਐਵਰੇਜ 11,63,84,862 ਰੁਪਏ ਬਣਦੀ ਹੈ, ਜਿਸ ਅਨੁਸਾਰ ਸਾਲ 2014 ਤੋਂ ਅੱਜ ਤਕ 6 ਸਾਲ ਵਿਚ ਅੰਦਾਜਨ ਤੌਰ 'ਤੇ 69,83,09,172 ਰੁਪਏ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹਰਿਆਣਾ ਦੇ ਗੁਰਦਵਾਰਿਆਂ ਤੋਂ ਅਪਣੇ ਬੈਂਕ ਖਾਤਿਆਂ ਵਿਚ ਲੈ ਗਈ ਹੈ ਜੋ ਕਿ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਗੋਲਕ 'ਤੇ ਡਾਕਾ ਹੈ।

ਹਰਿਆਣਾ ਸੂਬੇ ਦੇ ਖ਼ਜ਼ਾਨੇ ਨੂੰ ਵੀ 69,83,09,172 ਰੁਪਏ ਦਾ ਨੁਕਸਾਨ ਹੋਇਆ ਹੈ, ਹਰਿਆਣਾ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਕਾਰਵਾਈ ਕਰ ਕੇ ਇਸ ਨੁਕਸਾਨ ਦੀ ਭਰਪਾਈ ਕਰਵਾਏ। ਸਾਡੀ ਮੁੱਖ ਮੰਤਰੀ ਹਰਿਆਣਾ ਨੂੰ ਅਪੀਲ ਹੈ ਕਿ  ਉਹ ਭਾਰਤ ਸੰਵਿਧਾਨ ਦੇ ਆਰਟੀਕਲ 144 ਤਹਿਤ ਪ੍ਰਧਾਨ ਤੇ ਮੁੱਖ ਸਕੱਤਰ ਐਸ.ਜੀ.ਪੀ.ਸੀ. ਨੂੰ ਲਿਖਤੀ ਹੁਕਮ ਜਾਰੀ ਕਰਨ ਕਿ ਉਹ 30 ਦਿਨਾਂ ਦੇ ਅੰਦਰ-ਅੰਦਰ ਉਪਰੋਕਤ ਰਕਮ ਹਰਿਆਣਾ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਨੂੰ ਵਾਪਸ ਕਰੇ, ਨਹੀਂ ਤਾਂ ਐਸ.ਜੀ.ਪੀ.ਸੀ. ਵਿਰੁਧ ਸੁਪਰੀਮ ਕੋਰਟ ਦੀ ਹੱਤਕ ਦਾ ਕੇਸ ਹਰਿਆਣਾ ਕਮੇਟੀ ਦਾਇਰ ਕਰੇਗੀ।