ਲੋਕਾਂ ਦੇ ਨਾਲ-ਨਾਲ ਅਪਣੇ ਸੀਨੀਅਰ ਲੀਡਰਾਂ ਦਾ ਵੀ ਵਿਸ਼ਵਾਸ ਗਵਾ ਚੁੱਕੀ ਹੈ ਕੈਪਟਨ ਸਰਕਾਰ : 'ਆਪ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਬਚਾਉਣ ਅਤੇ ਮਾਫ਼ੀਆ ਰਾਜ ਵਿਰੁਧ ਜੋ ਬੋਲਦੈ ਰਾਜੇ ਦੀ ਜੁੰਡਲੀ ਉਸ ਦਾ ਵਿਰੋਧ ਕਰਦੀ ਹੈ :  ਚੀਮਾ

Harpal Cheema

ਚੰਡੀਗੜ੍ਹ, 5 ਅਗੱਸਤ (ਨੀਲ ਭਲਿੰਦਰ) : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਪਣੇ ਹੀ ਪਾਰਟੀ ਦੇ ਦੋ ਸੀਨੀਅਰ ਆਗੂਆਂ ਸ਼ਮਸ਼ੇਰ ਸਿੰਘ ਦੂਲੋ ਅਤੇ ਪ੍ਰਤਾਪ ਸਿੰਘ ਬਾਜਵਾ ਬਾਰੇ ਕਿਹਾ ਕਿ ਉਕਤ ਦੋਵੇਂ ਸੰਸਦ ਮੈਂਬਰਾਂ ਨੇ ਪਾਰਟੀ ਦਾ ਅਨੁਸ਼ਾਸਨ ਭੰਗ ਕੀਤਾ ਹੈ ਅਤੇ ਕਾਂਗਰਸ ਪਾਰਟੀ ਦੀ ਪਿੱਠ 'ਚ ਛੁਰਾ ਮਾਰ ਰਹੇ ਹਨ। ਜਦਕਿ ਇਹ ਮਸਲਾ ਕਾਂਗਰਸ ਪਾਰਟੀ ਦਾ ਅੰਦਰੂਨੀ ਮਸਲਾ ਹੈ, ਕਿ ਕਿਹੜਾ ਲੀਡਰ ਕਿਸ ਨੂੰ ਕੀ ਨਸੀਹਤ ਦਿੰਦਾ ਹੈ, ਪ੍ਰੰਤੂ ਅੱਜ ਪੰਜਾਬ ਦੇ ਲੋਕ ਅਪਣੀ ਥਾਲੀ ਵਿਚ ਛੇਕ ਅਤੇ ਅਪਣੀ ਪਿੱਠ ਵਿਚ ਛੁਰੇ ਦਾ ਦਰਦ ਜ਼ਰੂਰ ਮਹਿਸੂਸ ਕਰ ਰਹੇ ਹਨ।

'ਆਪ' ਪਾਰਟੀ ਹੈੱਡਕੁਆਟਰ ਤੋਂ ਜਾਰੀ ਸੰਯੁਕਤ ਬਿਆਨ ਰਾਹੀਂ ਸੀਨੀਅਰ ਨੇਤਾ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਸੀਨੀਅਰ ਨੇਤਾ ਅਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਇਹ ਉਹੀ ਕਾਂਗਰਸ ਪਾਰਟੀ ਹੈ ਜਿਸ ਨੇ 2017 ਦੀਆਂ ਚੋਣਾਂ ਦੌਰਾਨ ਪੰਜਾਬ ਜਨਤਾ ਨਾਲ ਆਪਣੇ ਚੋਣ ਮੈਨੀਫ਼ੈਸਟੋ ਵਿਚ ਵੱਡੇ-ਵੱਡੇ ਵਾਅਦੇ ਅਤੇ ਰਾਜਾ ਅਮਰਿੰਦਰ ਸਿੰਘ ਨੇ ਸ੍ਰੀ ਗੁਟਕਾ ਸਾਹਿਬ ਦੀ ਕਸਮ ਖਾ ਕੇ ਕਿਹਾ ਸੀ ਕਿ ਸੱਤਾ ਵਿਚ ਆਉਣ ਤੋਂ ਬਾਅਦ ਪੰਜਾਬ ਨੂੰ 4 ਹਫ਼ਤਿਆਂ ਵਿਚ ਨਸ਼ਾ ਮੁਕਤ ਕਰ ਦਿਤਾ ਜਾਵੇਗਾ ਅਤੇ ਹਰ ਚੋਣ ਰੈਲੀ ਵਿਚ ਰਾਜਾ ਨੇ ਇਹ ਵੀ ਐਲਾਨ ਕਰ ਕੇ ਕਿ ਪੰਜਾਬ ਵਿਚ ਘਰ-ਘਰ ਨੌਕਰੀ, ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ਼, ਦਲਿਤਾਂ ਨੂੰ 5 ਮਰਲੇ ਪਲਾਟ, 2500 ਰੁਪਏ ਪੈਨਸ਼ਨ ਆਦਿ ਦੀ ਸਹੂਲਤ ਦੇ ਕੇ ਪੰਜਾਬ ਨੂੰ ਇਕ ਖ਼ੁਸ਼ਹਾਲ ਪੰਜਾਬ ਬਣਾਉਣ ਦਾ ਵਾਅਦਾ ਕਰ ਕੇ ਸੱਤਾ ਹਾਸਲ ਕੀਤੀ ਸੀ, ਪ੍ਰੰਤੂ ਅਫ਼ਸੋਸ ਅੱਜ ਪੰਜਾਬ ਦੀ ਜਨਤਾ ਰਾਜਾ ਅਮਰਿੰਦਰ ਸਿੰਘ ਦੀ ਰਾਜ ਵਿਚ ਤ੍ਰਾਹ-ਤ੍ਰਾਹ ਕਰਦੀ ਸੜਕਾਂ 'ਤੇ ਉਤਰ ਕੇ ਅਪਣੇ ਹੱਕ ਮੰਗ ਰਹੀ ਹੈ, ਜਿਨ੍ਹਾਂ ਨੂੰ ਰਾਜਾ ਅਮਰਿੰਦਰ ਨੇ ਹੱਕ ਤਾਂ ਕੀ ਦੇਣੇ ਸਨ ਉਨ੍ਹਾਂ ਦੀ ਲਾਠੀਆਂ ਨਾਲ ਮਾਰਕੁੱਟ ਕਰਵਾਈ ਜਾ ਰਹੀ ਹੈ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਸਾਢੇ 3 ਸਾਲ ਬੀਤ ਜਾਣ ਦੇ ਬਾਵਜੂਦ ਵੀ ਅੱਜ ਪੰਜਾਬ ਵਿਚ ਨਸ਼ੇ ਸਮੇਤ ਹਰ ਤਰ੍ਹਾਂ ਦਾ ਮਾਫ਼ੀਆ ਬੇਖ਼ੌਫ ਚਲ ਰਿਹਾ ਹੈ। ਜੇਕਰ ਕੋਈ ਵੀ ਪੰਜਾਬ ਹਿਤੈਸ਼ੀ ਮਾਫ਼ੀਆ ਵਿਰੁਧ ਬੋਲਦਾ ਹੈ ਤਾਂ ਸੁਨੀਲ ਜਾਖੜ ਕੈਪਟਨ ਦਾ ਬਚਾਅ ਕਰਨ ਲਈ ਅੱਗੇ ਆ ਜਾਂਦੇ ਹਨ।
ਚੀਮਾ ਨੇ ਕਿਹਾ ਕਿ ਸੁਨੀਲ ਜਾਖੜ ਸ਼ਾਇਦ ਭੁੱਲ ਗਏ ਹਨ ਕਿ ਉਹ ਵੀ ਆਪਣੇ ਚੋਣ ਦੌਰਾਨ ਲੋਕਾਂ ਨੂੰ ਅਪਣੇ ਆਪ ਨੂੰ ਪੰਜਾਬ ਹਿਤੈਸ਼ੀ ਸਾਬਤ ਕਰਨ ਲਈ ਉਨ੍ਹਾਂ ਨਾਲ ਵੱਡੇ-ਵੱਡੇ ਵਾਅਦੇ ਕਰਦਿਆਂ ਕਿਹਾ ਕਿ ਉਹ ਆਪਣੀ ਜਿੱਤ ਤੋਂ ਬਾਅਦ ਬਿਜਲੀ ਦੇ ਹੋਏ ਘਾਤਕ ਸਮਝੌਤਿਆਂ ਨੂੰ ਰੱਦ ਕਰਵਾ ਕੇ ਲੋਕਾਂ ਨੂੰ ਸਸਤੀ ਬਿਜਲੀ ਮੁਹਈਆ ਕਰਵਾਉਣਗੇ, ਪ੍ਰੰਤੂ ਅੱਜ ਸੁਨੀਲ ਜਾਖੜ ਅਪਣੇ ਕੀਤੇ ਸਾਰੇ ਵਾਅਦੇ ਭੁੱਲ ਕੇ ਰਾਜਾ ਅਮਰਿੰਦਰ ਸਿੰਘ ਦੇ ਹੱਕ 'ਚ ਬੋਲਦੇ ਨਜ਼ਰ ਆ ਰਹੇ ਹਨ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਰਾਜਾ ਅਮਰਿੰਦਰ ਸਿੰਘ ਤੋਂ ਬਤੌਰ ਮੁੱਖ ਮੰਤਰੀ, ਗ੍ਰਹਿ ਮੰਤਰੀ ਅਤੇ ਆਬਕਾਰੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ੇ ਦੀ ਮੰਗ ਕਰ ਰਹੀ ਹੈ ਤਾਂ ਉਨ੍ਹਾਂ ਦਾ ਬਚਾਅ ਕਰਨ ਲਈ ਸੁਨੀਲ ਜਾਖੜ ਅੱਗੇ ਆ ਰਹੇ ਹਨ, ਜੋ ਪੰਜਾਬ ਦੀ ਜਨਤਾ ਨਾਲ ਵੱਡੇ-ਵੱਡੇ ਵਾਅਦੇ ਕਰ ਕੇ ਭੁੱਲ ਗਏ ਹਨ। ਚੀਮਾ ਨੇ ਬੜੀ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਜਿਹੜਾ ਵੀ ਮਾਫ਼ੀਆ ਰਾਜ ਵਿਰੁਧ ਬੋਲਦਾ ਹੈ। ਉਸ ਦਾ ਰਾਜਾ ਅਮਰਿੰਦਰ ਸਿੰਘ ਦੀ ਜੁੰਡਲੀ ਖ਼ਾਸ ਕਰ ਕੇ ਸੁਨੀਲ ਜਾਖੜ ਉਸ ਦਾ ਵਿਰੋਧ ਕਰਦੀ ਹੈ।  

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਰਕਾਰਾਂ ਲੋਕਾਂ ਦੇ ਵਿਸ਼ਵਾਸ 'ਤੇ ਆਧਾਰਤ ਹੁੰਦੀਆਂ ਹਨ, ਪ੍ਰੰਤੂ ਪੰਜਾਬ ਦੇ ਲੋਕਾਂ ਅਤੇ ਵਿਰੋਧੀ ਧਿਰਾਂ ਦਾ ਤਾਂ ਛੱਡੋ, ਜਿਸ ਤਰੀਕੇ ਨਾਲ ਰਾਜਾ ਅਮਰਿੰਦਰ ਸਿੰਘ ਦੀ ਸਰਕਾਰ ਆਪਣੇ ਲੋਕਾਂ ਅਤੇ ਸੀਨੀਅਰ ਲੀਡਰਾਂ ਦਾ ਵਿਸ਼ਵਾਸ ਗਵਾ ਚੁੱਕੀ ਹੈ, ਅਜਿਹੇ ਹਾਲਾਤਾਂ ਵਿਚ ਰਾਜਾ ਅਮਰਿੰਦਰ ਸਿੰਘ ਨੂੰ ਕੋਈ ਨੈਤਿਕ ਅਧਿਕਾਰ ਨਹੀਂ ਹੈ ਕਿ ਉਹ ਇਕ ਦਿਨ ਵੀ ਸੱਤਾ 'ਤੇ ਕਾਬਜ਼ ਰਹਿਣ, ਉਨ੍ਹਾਂ ਨੂੰ ਤੁਰਤ ਅਪਣੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।

ਅਮਨ ਅਰੋੜਾ ਨੇ ਕਿਹਾ, ''ਮੈਂ ਕੈਪਟਨ ਅਮਰਿੰਦਰ ਸਿੰਘ ਨੂੰ 'ਰਾਜਾ ਅਮਰਿੰਦਰ ਸਿੰਘ' ਇਸ ਲਈ ਕਿਹਾ ਕਿਉਂਕਿ ਜਿਹੜੇ ਕੈਪਟਨ ਹੁੰਦੇ ਹਨ, ਉਹ ਸਮੇਂ ਆਉਣ 'ਤੇ ਦਲੇਰੀ ਨਾਲ ਅੱਗੇ ਹੋ ਲੜਾਈ ਲੜਦੇ ਹਨ, ਅਤੇ ਜਿਹੜੇ ਰਾਜੇ-ਮਹਾਰਾਜੇ ਹੁੰਦੇ ਹਨ ਉਹ ਅਪਣੇ ਮਹਿਲਾਂ ਵਿਚ ਬੇਫ਼ਿਕਰ ਹੋ ਕੇ ਆਰਾਮ ਫ਼ਰਮਾ ਰਹੇ ਹੁੰਦੇ ਹਨ। ਇਸ ਲਈ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਕੈਪਟਨ ਨਹੀਂ ਬਲਕਿ ਰਾਜਾ ਹੈ ਜੋ ਪੰਜਾਬ ਦੀ ਜਨਤਾ ਦੇ ਦੁੱਖ-ਦਰਦਾਂ ਨੂੰ ਭੁੱਲਾ ਕੇ ਬੇਫ਼ਿਕਰ ਅਪਣੇ ਫ਼ਾਰਮ ਹਾਊਸ 'ਤੇ ਆਰਾਮ ਫ਼ਰਮਾ ਰਹੇ ਹਨ।''

ਅਮਨ ਅਰੋੜਾ ਨੇ ਕਿਹਾ ਕਿ ਰਾਜਾ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਨਸੀਹਤਾਂ ਤਾਂ ਬਹੁਤ ਦੇ ਰਹੇ ਹਨ। ਪਿਛਲੇ ਦਿਨਾਂ ਦੌਰਾਨ ਰਾਜਾ ਅਮਰਿੰਦਰ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਸੀਹਤ ਦਿੱਤੀ ਕਿ ਲਾਸ਼ਾਂ 'ਤੇ ਰਾਜਨੀਤੀ ਨਾ ਕਰੋ, ਮੈਂ (ਅਮਨ ਅਰੋੜਾ) ਪੁੱਛਣਾ ਚਾਹੁੰਦਾ ਹਾਂ ਕਿ ਇਨ੍ਹਾਂ 110 ਪਰਵਾਰਾਂ ਦੇ ਕਮਾਊ ਮੈਂਬਰਾਂ ਨੂੰ ਲਾਸ਼ਾਂ ਵਿਚ ਕਿਸ ਨੇ 'ਕਨਵਰਟ' ਕੀਤਾ ਹੈ? ਇਨ੍ਹਾਂ ਮੌਤਾਂ ਦੇ ਜ਼ਿੰਮੇਵਾਰ ਖ਼ੁਦ ਰਾਜਾ ਅਮਰਿੰਦਰ ਸਿੰਘ ਹੀ ਹਨ, ਕਿਉਂਕਿ ਕਾਂਗਰਸ ਸਰਕਾਰ ਦੀ ਗ਼ਲਤ ਨੀਤੀਆਂ ਅਤੇ ਨਸ਼ੇ ਦੇ ਤਸਕਰਾਂ ਨੂੰ ਦਿਤੀ ਗਈ ਖੁਲ੍ਹ ਦਾ ਹੀ ਨਤੀਜਾ ਹੈ ਕਿ ਅੱਜ ਉਕਤ ਪਰਿਵਾਰਾਂ ਦੇ ਕਮਾਊ ਮੈਂਬਰਾਂ ਦੀ ਮੌਤ ਹੋਈ ਹੈ।

ਅਮਨ ਅਰੋੜਾ ਨੇ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਮੈਂ ਬੇਨਤੀ ਕਰਦਿਆਂ ਕਿਹਾ ਕਿ ਤੁਸੀਂ ਇਕ ਨਸੀਹਤ ਰਾਜਾ ਅਮਰਿੰਦਰ ਸਿੰਘ ਨੂੰ ਵੀ ਦਿਉ ਕਿ ਰਾਜ-ਧਰਮ ਨਾਮ ਦੀ ਵੀ ਇਕ ਚੀਜ਼ ਹੁੰਦੀ ਹੈ ਜੋ ਖ਼ਾਸ ਕਰ ਕੇ ਮੁੱਖ ਮੰਤਰੀ ਨੇ ਨਿਭਾਉਣੀ ਹੁੰਦੀ ਹੈ, ਜਿਸ ਨੂੰ ਰਾਜਾ ਅਮਰਿੰਦਰ ਸਿੰਘ ਭੁੱਲੀ ਬੈਠੇ ਹਨ।  ਅਮਨ ਅਰੋੜਾ ਨੇ ਕਿਹਾ ਕਿ ਰਾਜਾ ਅਮਰਿੰਦਰ ਜੀ ਫਾਰਮ ਹਾਊਸ 'ਤੇ ਬੈਠ ਕੇ 'ਲਿਪ ਸਰਵਿਸ' ਕਰਨ ਨਾਲ ਨਾ ਤਾਂ ਪੀੜਤ ਪਰਵਾਰਾਂ ਨੂੰ ਇਨਸਾਫ਼ ਮਿਲੇਗਾ ਅਤੇ ਨਾ ਹੀ ਤ੍ਰਾਹ-ਤ੍ਰਾਹ ਕਰ ਰਹੀ ਪੰਜਾਬ ਦੀ ਜਨਤਾ ਨੂੰ ਕੋਈ ਰਾਹਤ ਮਿਲੇਗੀ।