ਤਨਖ਼ਾਹੀਆ ਕਰਾਰ ਦਿਤੇ ਜ਼ਫ਼ਰਵਾਲ ਅਤੇ ਗੋਰਾ ਨੇ ਅਕਾਲ ਤਖ਼ਤ ਪੁੱਜ ਕੇ ਦਿਤਾ ਸਪਸ਼ਟੀਕਰਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਅਸੀ ਅੰਮ੍ਰਿਤ ਸੰਚਾਰ ਵਿਚ ਗਏ ਹੀ ਨਹੀਂ, ਸ਼ੋਸਲ ਮੀਡੀਆ 'ਤੇ ਜੋ ਤਸਵੀਰਾਂ ਪਾਈਆਂ ਗਈਆਂ ਹਨ ਉਹ ਪੁਰਾਣੀਆਂ ਹਨ

File Photo

ਅੰਮ੍ਰਿਤਸਰ, 5 ਅਗੱਸਤ (ਪਰਮਿੰਦਰਜੀਤ): ਪੰਥ ਵਿਚੋਂ ਛੇਕੇ ਸੁੱਚਾ ਸਿੰਘ ਲੰਗਾਹ ਮਾਮਲੇ 'ਤੇ ਬੀਤੇ ਦਿਨ ਤਨਖ਼ਾਹੀਆ ਕਰਾਰ ਦਿਤੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਅਤੇ ਰਤਨ ਸਿੰਘ ਜ਼ਫ਼ਰਵਾਲ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹਾਜ਼ਰ ਹੋਏ ਤੇ ਅਪਣਾ ਸਪਸ਼ਟੀਕਰਨ ਦਿਤਾ। ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜੇ ਇਨ੍ਹਾਂ ਦੋਹਾਂ ਮੈਂਬਰਾਂ ਨੇ ਅਪਣਾ ਲਿਖਤੀ ਸਪਸ਼ਟੀਕਰਨ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਿਜੀ ਸਹਾਇਕ ਜਸਪਾਲ ਸਿੰਘ ਨੂੰ ਦਿਤਾ।

ਪੱਤਰਕਾਰਾਂ ਨਾਲ ਗੱਲ ਕਰਦਿਆਂ ਦੋਹਾਂ ਮੈਂਬਰਾਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਾਡੇ ਲਈ ਸੁਪਰੀਮ ਹੈ। ਉਨ੍ਹਾਂ ਕਿਹਾ,''ਮੈ ਅੰਮ੍ਰਿਤ ਸੰਚਾਰ ਵਿਚ ਗਿਆ ਹੀ ਨਹੀਂ ਸੀ ਤੇ ਮੇਰੀਆਂ ਤੇ ਜਥੇਦਾਰ ਰਤਨ ਸਿੰਘ ਜ਼ਫ਼ਰਵਾਲ ਦੀਆਂ ਸ਼ੋਸਲ ਮੀਡੀਆ 'ਤੇ ਜੋ ਤਸਵੀਰਾਂ ਪੇਸ਼ ਕੀਤੀਆਂ ਜਾ ਰਹੀਆਂ ਹਨ ਉਹ ਪੁਰਾਣੀਆਂ ਹਨ। ਮੈਨੂੰ ਨਹੀਂ ਪਤਾ ਕਿ ਉਹ ਕਦੋਂ ਦੀਆਂ ਹਨ।'' ਦੋਵਾਂ ਮੈਂਬਰਾਂ ਨੇ ਕਿਹਾ ਕਿ ਸਾਨੂੰ ਸ਼ੋਸਲ ਮੀਡੀਆ ਰਾਹੀਂ ਪਤਾ ਲਗਾ ਹੈ ਕਿ ਸਾਨੂੰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਤਨਖ਼ਾਹੀਆ ਕਰਾਰ ਦੇ ਦਿਤਾ ਹੈ। ਦੋਵਾਂ ਮੈਂਬਰਾਂ ਨੇ ਕਿਹਾ ਕਿ ਜਾਣੇ ਅਣਜਾਣੇ ਵਿਚ ਸਾਡੇ ਕੋਲੋਂ ਕੋਈ ਗ਼ਲਤੀ ਹੋ ਗਈ ਹੈ ਤਾਂ ਅਸੀ ਖ਼ਿਮਾ ਮੰਗਦੇ ਹਾਂ। ਅਸੀ ਤੇ ਸਾਡਾ ਪ੍ਰਵਾਰ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਅਸੀ 'ਜਥੇਦਾਰ' ਦਾ ਹਰ ਹੁਕਮ ਸਵੀਕਾਰ ਕਰਾਂਗੇ।