ਆਖ਼ਰ ਪ੍ਰਸ਼ਾਂਤ ਕਿਸ਼ੋਰ ਨੇ ਕੈਪਟਨ ਦੇ ਮੁੱਖ ਸਲਾਹਕਾਰ ਦਾ ਅਹੁਦਾ ਛਡਿਆ

ਏਜੰਸੀ

ਖ਼ਬਰਾਂ, ਪੰਜਾਬ

ਆਖ਼ਰ ਪ੍ਰਸ਼ਾਂਤ ਕਿਸ਼ੋਰ ਨੇ ਕੈਪਟਨ ਦੇ ਮੁੱਖ ਸਲਾਹਕਾਰ ਦਾ ਅਹੁਦਾ ਛਡਿਆ

image

ਮੁੱਖ ਮੰਤਰੀ ਨੇ ਅਸਤੀਫ਼ਾ ਕੀਤਾ ਮਨਜ਼ੂਰ 

ਚੰਡੀਗੜ੍ਹ, 5 ਅਗੱਸਤ (ਗੁਰਉਪਦੇਸ਼ ਭੁੱਲਰ) : ਪ੍ਰਸਿੱਧ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਆਖਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਸਲਾਹਕਾਰ ਦੇ ਅੁਹਦੇ ਤੋਂ ਅਸਤੀਫ਼ਾ ਦੇ ਦਿਤਾ ਹੈ | 
ਜ਼ਿਕਰਯੋਗ ਹੈ ਕਿ ਕੁੱਝ ਮਹੀਨੇ ਪਹਿਲਾਂ ਹੀ ਮੁੱਖ ਮੰਤਰੀ ਵਲੋਂ ਉਨ੍ਹਾਂ ਨੂੰ  ਅਪਣੇ ਮੁੱਖ ਸਲਾਹਕਾਰ ਵਜੋਂ ਨਿਯੁਕਤ ਕਰਦਿਆਂ ਉਨ੍ਹਾਂ ਨੂੰ  ਸਰਕਾਰੀ ਦਫ਼ਤਰ, ਰਿਹਾਇਸ਼ ਤੇ ਸਟਾਫ਼ ਸਮੇਤ ਹੋਰ ਸਹੂਲਤਾਂ ਉਪਲਬਧ ਕਰਵਾਈਆਂ ਸਨ | ਪ੍ਰਸ਼ਾਂਤ ਕਿਸ਼ੋਰ ਨੇ ਪਛਮੀ ਬੰਗਾਲ ਚੋਣਾਂ ਦੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਹੀ ਜਦੋਂ ਚੋਣ ਰਣਨੀਤੀ ਦੇ ਕੰਮ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ ਤਾਂ ਉਸ ਸਮੇਂ ਹੀ ਚਰਚਾ ਸ਼ੁਰੂ ਹੋ ਗਈ ਸੀ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਦਾ ਅਹੁਦਾ ਵੀ ਛੱਡਣਗੇ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ  ਸੰਖੇਪ ਜਿਹਾ ਪੱਤਰ ਭੇਜ ਕੇ ਮੁੱਖ ਸਲਾਹਕਾਰ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ  ਉਹ ਹੁਣ ਜਨਤਕ ਜੀਵਨ 'ਚ ਸਰਗਰਮ ਰਾਜਨੀਤਕ ਕੰਮਾਂ ਤੋਂ ਕੁੱਝ ਆਰਾਮ ਲੈਣਾ ਚਾਹੁੰਦੇ ਹਨ | ਇਸ ਕਰ ਕੇ ਉਹ ਭਵਿੱਖ 'ਚ ਇਸ ਅਹੁਦੇ 'ਤੇ ਜ਼ਿੰਮੇਵਾਰੀ ਨਹੀਂ ਨਿਭਾ ਸਕਣਗੇ | ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦਾ ਇਹ ਅਹੁਦਾ ਦੇਣ ਲਈ ਧਨਵਾਦ ਵੀ ਕੀਤਾ ਅਤੇ ਨਾਲ ਹੀ ਕਿਹਾ ਕਿ ਇਸ ਅਹੁਦੇ ਤੋਂ ਮੈਨੂੰ ਫਾਰਗ ਕੀਤਾ ਜਾਵੇ |
ਇਸੇ ਦੌਰਾਨ ਮੁੱਖ ਮੰਤਰੀ ਨੇ ਤੁਰਤ ਹੀ ਅਸਤੀਫ਼ਾ ਮਨਜ਼ੂਰ ਕਰ ਲਿਆ | ਉਨ੍ਹਾਂ ਨੇ ਫ਼ਾਰਗ ਕਰਨ ਦੇ ਹੁਕਮ ਜਾਰੀ ਕਰ ਦਿਤੇ ਹਨ |
ਇਹ ਵੀ ਦੱਸ ਦੇਈਏ ਕਿ ਭਾਵੇਂ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਸਮੇਂ 'ਚ ਪ੍ਰਸ਼ਾਂਤ ਕਿਸ਼ੋਰ ਨੂੰ  ਪਛਮੀ ਬੰਗਾਲ ਚੋਣਾਂ ਬਾਅਦ ਅਹੁਦੇ 'ਤੇ ਬਣੇ ਰਹਿਣ ਲਈ ਮਨਾਇਆ ਸੀ ਪਰ ਹੁਣ ਨਵਜੋਤ ਸਿੱਧੂ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਪਾਰਟੀ ਅੰਦਰ ਪੈਦਾ ਹੋਈਆਂ ਨਵੀਆਂ ਸਥਿਤੀਆਂ ਨੂੰ  ਵੇਖਦਿਆਂ ਉਨ੍ਹਾਂ ਨੇ ਅਹੁਦਾ ਛੱਡਣ ਦਾ ਮਨ ਬਣਾਇਆ | ਇਨ੍ਹਾਂ ਸਥਿਤੀਆਂ 'ਚ ਪ੍ਰਸ਼ਾਂਤ ਲਈ ਕੰਮ ਕਰਨ ਆਸਾਨ ਨਹੀਂ ਸੀ |