ਵਿਰੋਧੀ ਧਿਰ ਦੇ ਹੰਗਾਮੇ ਕਾਰਨ ਲੋਕ ਸਭਾ ਅਤੇ ਰਾਜ ਸਭਾ ਚਾਰ ਵਾਰ ਮੁਲਤਵੀਹੋਣ ਤੋਂਬਾਅਦ ਪੂਰੇਦਿਨ ਲਈਉਠੀ

ਏਜੰਸੀ

ਖ਼ਬਰਾਂ, ਪੰਜਾਬ

ਵਿਰੋਧੀ ਧਿਰ ਦੇ ਹੰਗਾਮੇ ਕਾਰਨ ਲੋਕ ਸਭਾ ਅਤੇ ਰਾਜ ਸਭਾ ਚਾਰ ਵਾਰ ਮੁਲਤਵੀ ਹੋਣ ਤੋਂ ਬਾਅਦ ਪੂਰੇ ਦਿਨ ਲਈ ਉਠੀ

image


ਵਿਰੋਧੀ ਧਿਰਾਂ ਅਤੇ ਸਰਕਾਰ ਵਿਚਕਾਰ ਪੇਗਾਸਸ ਤੇ ਖੇਤੀ ਕਾਨੂੰਨਾਂ ਨੂੰ  ਲੈ ਕੇ ਰੇੜਕਾ ਕਾਇਮ

ਨਵੀਂ ਦਿੱਲੀ, 5 ਅਗੱਸਤ : ਸੰਸਦ ਦੇ ਦੋਨਾਂ ਸਦਨਾਂ 'ਚ ਪੇਗਾਸਸ ਜਾਸੂਸੀ ਮਾਮਲਾ ਅਤੇ ਨਵੇਂ ਖੇਤੀ ਕਾਨੂੰਨਾਂ ਤੇ ਹੋਰ ਮੁੱਦਿਆਂ ਨੂੰ  ਲੈ ਕੇ ਕਾਂਗਰਸ, ਤਿ੍ਣਮੂਲ ਕਾਂਗਰਸ ਸਮੇਤ ਹੋਰ ਵਿਰੋਧੀ ਧਿਰਾਂ ਦਾ ਹੰਗਾਮਾ ਲਗਾਤਾਰ ਜਾਰੀ ਹੈ |  ਵਿਰੋਧੀ ਧਿਰ ਖੇਤੀ ਕਾਨੂੰਨਾਂ ਨੂੰ  ਰੱਦ ਕਰਾਉਣ ਅਤੇ ਪੇਗਾਸਸ ਮਾਮਲੇ ਦੀ ਜਾਂਚ ਕਰਾਉਣ ਲਈ ਰਾਜ ਸਭਾ ਅਤੇ ਲੋਕ ਸਭਾ ਵਿਚ ਲਗਾਤਾਰ ਹੰਗਾਮਾ ਕਰ ਰਹੇ ਹਨ ਜਿਸ ਕਾਰਨ ਦੋਨਾਂ ਸਦਨਾਂ ਦੀ ਕਾਰਵਾਈ ਵਾਰ ਵਾਰ ਮੁਲਤਵੀ ਕਰਨੀ ਪੈ ਰਹੀ ਹੈ | ਵੀਰਵਾਰ ਨੂੰ  ਵੀ ਲੋਕ ਸਭਾ ਅਤੇ ਰਾਜ ਸਭਾ ਵਿਚ ਕਾਰਵਾਈ ਚਾਰ ਵਾਰ ਮੁਲਤਵੀ ਕਰਨ ਦੇ ਬਾਅਦ ਪੂਰੇ ਦਿਨ ਲਈ ਉਠਾ ਦਿਤੀ ਗਈ | ਇਸ ਦੌਰਾਨ ਕਈ ਬਿੱਲ ਵੀ ਪਾਸ ਕੀਤੇ ਗਏ | ਹੁਣ ਸ਼ੁਕਰਵਾਰ ਸਵੇਰੇ 11 ਵਜੇ ਸਦਨਾਂ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ | ਰਾਜ ਸਭਾ ਵਿਚ ਹੰਗਾਮੇ ਦੌਰਾਨ ਤਿੰਨ ਬਿਲਾਂ ਨੂੰ  ਸੰਖੇਪ ਵਿਚਾਰ ਚਰਚਾ ਦੇ ਬਾਅਦ ਪਾਸ ਕਰ ਦਿਤਾ ਗਿਆ | 

ਰਾਜ ਸਭਾ 'ਚ ਅਰੁਣਾਚਲ ਪ੍ਰਦੇਸ਼ ਦੇ ਸਬੰਧ ਵਿਚ ਅਨੁਸੂਚਿਤ ਜਨਜਾਤੀਆਂ ਦੀ ਸੂਚੀ ਨੂੰ  ਸੋਧ ਕਰਨ ਵਾਲੇ ਸੰਵਿਧਾਨ (ਅਨੁਸੂਚਿਤ ਜਨਜਾਤੀ) ਆਦੇਸ਼ (ਸੋਧ) ਬਿੱਲ 2021 ਵੀਰਵਾਰ ਨੂੰ  ਜ਼ੁਬਾਨੀ ਵੋਟ ਦੁਆਰਾ ਪ੍ਰਵਾਨਗੀ ਦੇ ਦਿਤੀ |
ਆਦਿਵਾਸੀ ਮਾਮਲਿਆਂ ਦੇ ਮੰਤਰੀ ਅਰਜੁਨ ਮੁੰਡਾ ਨੇ ਸੰਵਿਧਾਨ (ਅਨੁਸੂਚਿਤ ਜਨਜਾਤੀ) ਆਦੇਸ (ਸੋਧ) ਬਿੱਲ 2021 ਨੂੰ  ਚਰਚਾ ਅਤੇ ਪਾਸ ਕਰਨ ਲਈ ਪੇਸ਼ ਕੀਤਾ | ਬਿੱਲ 'ਤੇ ਸੰਖੇਪ ਚਰਚਾ ਵਿਚ, ਟੀਆਰਐਸ ਦੇ ਡਾ: ਬੰਦਾ ਪ੍ਰਕਾਸ਼, ਏਆਈਏਡੀਐਮਕੇ ਦੇ ਐਮ ਥੰਬੀਦੁਰਾਈ, ਵਾਈਐਸਆਰ ਕਾਂਗਰਸ ਪਾਰਟੀ ਦੇ ਸੁਭਾਸ਼ ਚੰਦਰ ਬੋਸ ਪਲੀ, ਆਰਜੇਡੀ ਦੇ ਮਨੋਜ ਝਾ, ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਗੁਪਤਾ ਅਤੇ ਐਨਸੀਪੀ ਦੀ ਫੌਜੀਆ ਖ਼ਾਨ ਨੇ ਭਾਸ਼ਣ ਦਿਤਾ | 
ਉਥੇ ਹੀ ਵੀਰਵਾਰ ਸਵੇਰੇ ਲੋਕ ਸਭਾ ਸਪੀਕਰ ਉਮ ਬਿਰਲਾ ਨੇ ਕਿਹਾ ਕਿ ਟੋਕੀਉ ਉਲੰਪਿਕ 'ਚ ਹਾਕੀ ਟੀਮ ਦੀ ਸਫ਼ਲਤਾ 'ਤੇ ਪੂਰੇ ਦੇਸ਼ ਨੂੰ  ਮਾਣ ਹੈ | ਬਿਰਲਾ ਨੇ ਅੱਜ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਹਾਕੀ 'ਚ ਕਾਂਸੀ ਤਮਗਾ ਹਾਸਲ ਕਰਨ 'ਤੇ ਹਾਕੀ ਟੀਮ ਅਤੇ ਕਾਂਸੀ ਤਮਗਾ ਜਿੱਤਣ ਵਾਲੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੂੰ  ਅਪਣੇ ਅਤੇ ਸਦਨ ਵਲੋਂ ਵਧਾਈ ਦਿਤੀ |  ਬਿਰਲਾ ਨੇ ਕਿਹਾ ਕਿ ਭਾਰਤ ਦੀ ਹਾਕੀ ਟੀਮ ਨੇ 41 ਸਾਲਾਂ ਦੀ ਲੰਮੀ ਉਡੀਕ ਮਗਰੋਂ ਕਾਂਸੀ ਤਮਗ਼ਾ ਜਿੱਤਿਆ ਹੈ | ਪੂਰਾ ਦੇਸ਼ ਇਸ ਜਿੱਤ ਦੀ ਖੁਸ਼ੀ ਮਨਾ ਰਿਹਾ ਹੈ | ਇਹ ਹਾਕੀ ਲਈ ਮੀਲ ਦਾ ਪੱਥਰ ਸਾਬਿਤ ਹੋਵੇਗਾ | ਉਨ੍ਹਾਂ ਨੇ ਅੱਗੇ ਕਿਹਾ ਕਿ ਟੋਕੀਓ ਓਲੰਪਿਕ 'ਚ ਸਾਡੇ ਦੇਸ਼ ਦੀਆਂ ਧੀਆਂ ਨੇ ਤਿੰਨ ਤਮਗੇ ਹਾਸਲ ਕਰ ਕੇ ਖ਼ਿਡਾਰੀਆਂ ਲਈ ਪ੍ਰੇਰਣਾ ਬਣੀ | ਪੂਰਾ ਸਦਨ ਨਾਰੀ ਸ਼ਕਤੀ ਨੂੰ  ਸਲਾਮ ਕਰਦਾ ਹੈ | ਭਾਰਤ ਦੀਆਂ ਧੀਆਂ ਨੇ ਖੇਡ ਤੋਂ ਇਲਾਵਾ ਹੋਰ ਖੇਤਰਾਂ ਵਿਚ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ, ਜੋ ਬਹੁਤ ਹੀ ਸ਼ਲਾਘਾਯੋਗ ਹੈ |     (ਏਜੰਸੀ)