ਜ਼ਿੰਦਗੀ ਬਸਰ ਕਰਨ ਲਈ ਸੰਘਰਸ਼ ਕਰ ਰਹੇ 6 ਨਾਬਾਲਗ ਅਨਾਥ ਗਰੀਬ ਬੱਚਿਆਂ ਦੀ ਦਾਸਤਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਲਾਜ ਨਾ ਹੋਣ ਕਾਰਨ ਮਾਂ ਮਰ ਗਈ, ਪਿਤਾ ਬੇਸਹਾਰਾ ਛੱਡ ਘਰੋਂ ਹੋਇਆ ਲਾਪਤਾ

File Photo

ਮਾਛੀਵਾੜਾ (ਭੂਸ਼ਣ ਜੈਨ) - ਮਾਛੀਵਾੜਾ ਵਿਖੇ ਜ਼ਿੰਦਗੀ ਜਿਓਣ ਲਈ ਸੰਘਰਸ਼ ਕਰ ਰਹੇ 6 ਗਰੀਬ ਅਨਾਥ ਬੱਚਿਆਂ ਦੇ ਦਰਦ ਭਰੀ ਦਾਸਤਾਨ ਸੁਣ ਹਰ ਕੋਈ ਭਾਵੁਕ ਹੋ ਸਕਦਾ ਹੈ ਜਿਨ੍ਹਾਂ ਦੀ ਮਾਂ ਦਾ ਇਲਾਜ ਨਾ ਹੋਣ ਕਾਰਨ ਉਹ ਦਮ ਤੋੜ ਗਈ ਅਤੇ ਪਿਤਾ ਇਨ੍ਹਾਂ ਨੂੰ ਬੇਸਹਾਰਾ ਛੱਡ ਕੇ ਘਰੋਂ ਲਾਪਤਾ ਹੋ ਗਿਆ। ਜਾਣਕਾਰੀ ਮੁਤਾਬਿਕ ਮਾਛੀਵਾੜਾ ਦਾ ਰਹਿਣ ਵਾਲਾ ਤੇ ਕਿੱਤੇ ਵਜੋਂ ਪੇਂਟਰ ਰਾਜੂ ਠਾਕੁਰ ਦਾ ਵਿਆਹ ਵੰਦਨਾ ਦੇਵੀ ਨਾਲ ਹੋਇਆ ਜਿਸ ਤੋਂ ਉਸਦੇ 7 ਬੱਚੇ ਪੈਦਾ ਹੋਏ। ਰਾਜੂ ਠਾਕੁਰ 2 ਬੱਚਿਆਂ ਨੂੰ ਪੈਦਾ ਕਰਨ ਤੋਂ ਬਾਅਦ ਆਪਣੀ ਪਤਨੀ ਨੂੰ ਬੇਸਹਾਰਾ ਛੱਡ ਘਰੋਂ ਲਾਪਤਾ ਹੋ ਗਿਆ ਅਤੇ ਫਿਰ 6 ਸਾਲ ਬਾਅਦ ਪਰਤ ਆਇਆ ਜਿਸ ਤੋਂ ਬਾਅਦ ਉਨ੍ਹਾਂ ਦੇ 4 ਬੱਚੇ ਹੋਰ ਪੈਦਾ ਹੋਏ।

ਪਤੀ ਨਿਕੰਮਾ ਤੇ ਸ਼ਰਾਬੀ ਹੋਣ ਕਾਰਨ ਪਤਨੀ ਵੰਦਨਾ ਦੇਵੀ ਨੇ ਹਾਰ ਨਾ ਮੰਨੀ ਅਤੇ ਉਹ ਲੋਕਾਂ ਦੇ ਘਰਾਂ ’ਚ ਭਾਂਡੇ ਮਾਂਝ ਤੇ ਸਫ਼ਾਈਆਂ ਕਰ ਪਰਿਵਾਰ ਦਾ ਪਾਲਣ-ਪੋਸ਼ਣ ਕਰਦੀ ਰਹੀ ਪਰ ਫਿਰ ਉਸਦਾ ਪਤੀ ਬੱਚਿਆਂ ਤੇ ਉਸ ਨੂੰ ਛੱਡ ਘਰੋਂ ਭੱਜ ਗਿਆ। ਕਰੀਬ 1 ਸਾਲ ਪਹਿਲਾਂ ਰਾਜੂ ਠਾਕੁਰ ਮੁੜ ਆਪਣੀ ਪਤਨੀ ਕੋਲ ਮਿੰਨਤਾਂ ਕਰ ਘਰ ਪਰਤ ਆਇਆ ਅਤੇ ਪਤਨੀ ਨੇ ਬੱਚਿਆਂ ਦੇ ਸਿਰ ’ਤੇ ਪਿਓ ਦਾ ਸਾਇਆ ਬਰਕਰਾਰ ਰੱਖਣ ਲਈ ਉਸ ਨੂੰ ਮਨਜ਼ੂਰ ਕਰ ਲਿਆ ਪਰ ਰਾਜੂ ਠਾਕੁਰ ਦੀਆਂ ਗੰਦੀਆਂ ਆਦਤਾਂ ਨਾ ਹਟੀਆਂ ਤੇ ਉਹ ਵੰਦਨਾ ਦੇਵੀ ਨੂੰ ਗਰਭਵਤੀ ਕਰ ਫਿਰ ਭੱਜ ਗਿਆ।

5 ਮਹੀਨੇ ਪਹਿਲਾਂ ਉਸਦੇ ਘਰ ਲੜਕਾ ਕਾਰਤਿਕ ਪੈਦਾ ਹੋਇਆ ਜਿਸ ਤੋਂ ਬਾਅਦ ਵੰਦਨਾ ਦੇਵੀ ’ਚ ਖੂਨ ਦੀ ਘਾਟ ਆ ਗਈ ਪਰ ਉਸਨੇ 7 ਬੱਚਿਆਂ ਦਾ ਪਾਲਣ-ਪੋਸ਼ਣ ਜਾਰੀ ਰੱਖਿਆ ਅਤੇ ਵੱਡੀ ਲੜਕੀ ਸ਼ੋਭਾ ਦਾ ਵਿਆਹ ਕਰ ਦਿੱਤਾ। 6 ਬੱਚਿਆਂ ਦੀ ਰੋਟੀ, ਘਰ ਦਾ ਕਿਰਾਇਆ, ਬਿਜਲੀ ਤੇ ਪਾਣੀ ਦਾ ਬਿੱਲ ਦੇਣ ਲਈ ਵੰਦਨਾ ਦੇਵੀ ਬੀਮਾਰੀ ਦੀ ਹਾਲਤ ਵਿਚ ਵੀ ਲੋਕਾਂ ਦੇ ਘਰ ਕੰਮ ਕਰਦੀ ਰਹੀ ਅਤੇ ਜਦੋਂ ਉਸਦੇ ਸਰੀਰ ’ਚ ਖੂਨ 2 ਗ੍ਰਾਮ ਰਹਿ ਗਿਆ ਤਾਂ ਬਿਸਤਰੇ ’ਤੇ ਜਾ ਪਈ। ਘਰ ਵਿਚ 6 ਨਾਬਾਲਗ ਬੱਚਿਆਂ ਦੀ ਭੁੱਖਮਰੀ, ਪੈਸੇ ਦੀ ਘਾਟ ਕਾਰਨ ਉਸਦਾ ਸੁਚੱਜੇ ਢੰਗ ਨਾਲ ਇਲਾਜ ਨਾ ਹੋ ਸਕਿਆ ਤੇ ਆਖ਼ਰ ਉਹ 22 ਜੁਲਾਈ ਨੂੰ ਦਮ ਤੋੜ ਗਈ ਅਤੇ ਘਰ ਵਿਚ 6 ਛੋਟੇ-ਛੋਟੇ ਬੱਚੇ ਪਿਓ ਦੇ ਜਿਉਂਦਾ ਹੋਣ ਦੇ ਬਾਵਜੂਦ ਵੀ ਅਨਾਥ ਹੋ ਗਏ।

ਇਸ ਘਰ ’ਚ ਗਰੀਬੀ ਦੇ ਅਜਿਹੇ ਹਾਲਾਤ ਸਨ ਕਿ ਘਰ ਵਿਚ ਬੱਚਿਆਂ ਕੋਲ ਐਨੇ ਪੈਸੇ ਵੀ ਨਹੀਂ ਸਨ ਕਿ ਉਹ ਆਪਣੀ ਮਾਂ ਦਾ ਅੰਤਿਮ ਸਸਕਾਰ ਕਰ ਸਕਣ ਅਤੇ ਦੂਜੇ ਪਾਸੇ ਘਰੋਂ ਭੱਜ ਕੇ ਲਾਪਤਾ ਹੋਏ ਪਿਤਾ ਦਾ ਕੋਈ ਥਾਂ ਪਤਾ ਨਹੀਂ। ਅਖੀਰ ਇਲਾਕੇ ਦੇ ਸਮਾਜ ਸੇਵੀ ਲੋਕਾਂ ਵਲੋਂ ਇਨ੍ਹਾਂ 6 ਅਨਾਥ ਹੋਏ ਬੱਚਿਆਂ ਦੀ ਮਾਂ ਦਾ ਅੰਤਿਮ ਸਸਕਾਰ ਕਰਵਾਇਆ ਗਿਆ ਅਤੇ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ। 17 ਸਾਲਾ ਵੱਡੀ ਲੜਕੀ ਸੁਮਨ ਤੇ 13 ਸਾਲ ਦੀ ਲੜਕੀ ਪੂਜਾ ਉੱਪਰ ਆਪਣੇ ਤੋਂ ਛੋਟੇ ਭੈਣ-ਭਰਾ ਰਾਣੀ, ਸਨੀ, ਰਮਨ ਤੇ 5 ਮਹੀਨੇ ਦੇ ਬੱਚੇ ਕਾਰਤਿਕ ਦਾ ਪਾਲਣ-ਪੋਸ਼ਣ ਕਰਨ ਦੀ ਜਿੰਮੇਵਾਰੀ, ਰੋਜ਼ਾਨਾ ਦੀ ਰੋਟੀ, ਘਰ ਦਾ ਕਿਰਾਇਆ ਅਤੇ ਹੋਰ ਆਰਥਿਕ ਬੋਝ ਆ ਪਏ

ਜਿਸ ਤੋਂ ਉਹ ਅਸਮਰੱਥ ਹੋਣ ਦੇ ਬਾਵਜ਼ੂਦ ਵੀ ਜ਼ਿੰਦਗੀ ਨਾਲ ਸੰਘਰਸ਼ ਕਰ ਰਹੇ ਹਨ। ਸੁਮਨ ਨੇ ਦੱਸਿਆ ਕਿ ਉਹ ਦੋਵੇਂ ਭੈਣਾਂ ਲੋਕਾਂ ਦੇ ਘਰਾਂ ’ਚ ਕੰਮ ਕਰ 4 ਤੋਂ 5 ਹਜ਼ਾਰ ਰੁਪਏ ਕਮਾ ਲੈਣਗੀਆਂ ਪਰ 1800 ਰੁਪਏ ਘਰ ਦਾ ਕਿਰਾਇਆ, ਬਿਜਲੀ ਦੇ ਬਿੱਲ ਤੇ ਘਰ ਦਾ ਰਾਸ਼ਨ ਕਿਵੇਂ ਪੂਰਾ ਕਰਨਗੀਆਂ, ਇਹ ਜ਼ਿੰਦਗੀ ਜਿਓਣ ਦਾ ਸੰਘਰਸ਼ ਉਨ੍ਹਾਂ ਲਈ ਬਹੁਤ ਔਖਾ ਹੈ। ਦੋਵੇਂ ਨਾਬਾਲਗ ਭੈਣਾਂ ਨੇ ਦੱਸਿਆ ਕਿ ਉਹ ਬਾਕੀਆਂ ਵਾਂਗ ਭੀਖ ਮੰਗਣ ਦੀ ਬਜਾਏ ਮਿਹਨਤ ਕਰਕੇ ਆਪਣੇ ਭੈਣ-ਭਰਾਵਾਂ ਦਾ ਪਾਲਣ-ਪੋਸ਼ਣ ਕਰਨਗੀਆਂ।