ਸੰਧਵਾਂ ਵੱਲੋਂ ਡਾ. ਸਰੂਪ ਸਿੰਘ ਅਲੱਗ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡਾ. ਅਲੱਗ ਪਿਛਲੇ ਕੁਝ ਸਮੇਂ ਤੋਂ ਲੁਧਿਆਣਾ ਦੇ ਸੀਐਮਸੀ ਹਸਪਤਾਲ ਵਿਚ ਇਲਾਜ ਅਧੀਨ ਸਨ।

Kultar Singh Sandhwan

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਨਾਮੀਂ ਸਿੱਖ ਵਿਦਵਾਨ ਡਾ. ਸਰੂਪ ਸਿੰਘ ਅਲੱਗ (86 ਸਾਲ) ਦੇ ਦਿਹਾਂਤ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਡਾ. ਅਲੱਗ ਪਿਛਲੇ ਕੁਝ ਸਮੇਂ ਤੋਂ ਲੁਧਿਆਣਾ ਦੇ ਸੀਐਮਸੀ ਹਸਪਤਾਲ ਵਿਚ ਇਲਾਜ ਅਧੀਨ ਸਨ। ਇੱਥੋਂ ਜਾਰੀ ਸ਼ੋਕ ਸੰਦੇਸ਼ ਵਿੱਚ ਸੰਧਵਾਂ ਨੇ ਕਿਹਾ ਕਿ ਡਾ. ਸਰੂਪ ਸਿੰਘ ਅਲੱਗ ਦੇ ਜਾਣ ਨਾਲ ਸਿੱਖ ਕੌਮ ਨੂੰ ਬਹੁਤ ਵੱਡਾ ਘਾਟਾ ਪਿਆ ਹੈ।

ਡਾ. ਅਲੱਗ ਵੱਡੇ ਵਿਦਵਾਨ ਸਨ, ਜਿਨ੍ਹਾਂ ਨੇ ਵਿਸ਼ਵ ਭਰ 'ਚ ਸ਼ਬਦ ਲੰਗਰ ਲਗਾ ਕੇ ਵੱਖ ਵੱਖ ਭਾਸ਼ਾਵਾਂ 'ਚ 110 ਧਾਰਮਿਕ ਪੁਸਤਕਾਂ ਪਾਠਕਾਂ ਦੀ ਝੋਲੀ ਪਾਈਆਂ। ਸਪੀਕਰ ਨੇ ਡਾ. ਸਰੂਪ ਸਿੰਘ ਅਲੱਗ ਵੱਲੋਂ ਸਥਾਪਿਤ ਕੀਤੇ "ਅਲੱਗ ਸ਼ਬਦ ਯੱਗ ਟਰੱਸਟ" ਬਾਰੇ ਕਿਹਾ ਕਿ ਡਾ. ਅਲੱਗ ਦਾ ਇਹ ਕਾਰਜ ਹਮੇਸ਼ਾ ਯਾਦ ਰੱਖਿਆ ਜਾਵੇਗਾ ਕਿਉਂ ਕਿ ਇਸ ਟਰੱਸਟ ਵੱਲੋਂ ਕਰੋੜਾਂ ਰੁਪਏ ਦੇ ਮੁੱਲ ਦੀਆਂ ਪੁਸਤਕਾਂ ਲੰਗਰ ਦੇ ਰੂਪ ਵਿੱਚ ਲੋਕਾਂ ਨੂੰ ਵੰਡੀਆਂ ਗਈਆਂ ਹਨ।

ਇਹ ਵੀ ਡਾ. ਸਰੂਪ ਸਿੰਘ ਅਲੱਗ ਦੇ ਹਿੱਸੇ ਆਇਆ ਹੈ ਕਿ ਉਨ੍ਹਾਂ ਦੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਬਾਰੇ ਲਿਖੀ ਪੁਸਤਕ 'ਹਰਿਮੰਦਰ ਦਰਸ਼ਨ' ਦੇ 218 ਐਡੀਸ਼ਨ ਪ੍ਰਕਾਸ਼ਿਤ ਹੋਏ ਹਨ। ਇਹ ਪੁਸਤਕ ਵੀ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨੂੰ ਵੰਡੀ ਗਈ ਹੈ। ਸੰਧਵਾਂ ਨੇ ਡਾ. ਅਲੱਗ ਦੇ ਦੇਹਾਂਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਇਸ ਰੱਬੀ ਰੂਹ ਨੂੰ ਅਕਾਲ ਪੁਰਖ ਆਪਣੇ ਚਰਨਾਂ 'ਚ ਸਥਾਨ ਦੇਵੇ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।