ਮਹਿੰਗਾਈ ਵਿਰੋਧੀ ਮਾਰਚ ਦੌਰਾਨ ਰਾਜ ਭਵਨ ਵਲ ਜਾ ਰਹੇ ਪੰਜਾਬ ਦੇ ਕਾਂਗਰਸੀਆਂ ’ਤੇ ਪਾਣੀ ਦੀਆਂ ਵਾਛੜਾਂ

ਏਜੰਸੀ

ਖ਼ਬਰਾਂ, ਪੰਜਾਬ

ਮਹਿੰਗਾਈ ਵਿਰੋਧੀ ਮਾਰਚ ਦੌਰਾਨ ਰਾਜ ਭਵਨ ਵਲ ਜਾ ਰਹੇ ਪੰਜਾਬ ਦੇ ਕਾਂਗਰਸੀਆਂ ’ਤੇ ਪਾਣੀ ਦੀਆਂ ਵਾਛੜਾਂ

image


 ਮੋਦੀ ਸਰਕਾਰ ਦੀਆਂ ਨੀਤੀਆਂ ਕਾਰਨ ਭਾਰਤ ’ਚ ਬਣ ਸਕਦੀ ਹੈ ਸ੍ਰੀਲੰਕਾ ਵਰਗੀ ਸਥਿਤੀ

ਚੰਡੀਗੜ੍ਹ, 5 ਅਗੱਸਤ (ਗੁਰਉਪਦੇਸ਼ ਭੁੱਲਰ) : ਕਾਂਗਰਸ ਦੇ ਮਹਿੰਗਾਈ ਅਤੇ ਅਗਨੀਪੱਥ ਯੋਜਨਾ ਵਿਰੋਧੀ ਦੇਸ਼ ਵਿਆਪੀ ਐਕਸ਼ਨ ਤਹਿਤ ਅੱਜ ਰਾਜਧਾਨੀ ਚੰਡੀਗੜ੍ਹ ’ਚ ਪੰਜਾਬ ਕਾਂਗਰਸ ਦੀ ਅਗਵਾਈ ਹੇਠ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। 
ਪੰਜਾਬ ਕਾਂਗਰਸ ਭਵਨ ’ਚ ਰੋਸ ਧਰਨੇ ਤੋਂ ਬਾਅਦ ਪੰਜਾਬ ਰਾਜ ਭਵਨ ਵਲ ਵਧ ਰਹੇ ਕਾਂਗਰਸੀਆਂ ’ਤੇ ਪੁਲਿਸ ਨੇ ਪਾਣੀ ਦੀਆਂ ਜ਼ੋਰਦਾਰ ਬੁਛਾੜਾਂ ਕੀਤੀਆਂ ਅਤੇ ਖਿਚਾ ਧੂਹੀ ਦੇ ਮਾਹੌਲ ’ਚ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ ਸਮੇਤ ਹੋਰ ਕਈ ਪ੍ਰਮੁੱਖ ਆਗੂਆਂ ਅਤੇ ਸੈਂਕੜੇ ਵਰਕਰਾਂ ਨੂੰ ਹਿਰਾਸਤ ਵਿਚ ਲੈਣ ਬਾਅਦ ਥਾਣੇ ਪਹੁੰਚਾਇਆ ਗਿਆ। ਬਾਅਦ ’ਚ ਇਨ੍ਹਾਂ ਨੂੰ ਕਾਗਜ਼ੀ ਕਾਰਵਾਈ ਪਾ ਕੇ ਛੱਡ ਦਿਤਾ ਗਿਆ। ਹਿਰਾਸਤ ’ਚ ਲਏ ਪ੍ਰਮੁੱਖ ਕਾਂਗਰਸੀ ਨੇਤਾਵਾਂ ’ਚ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਯੂਥ ਕਾਂਗਰਸ ਪ੍ਰਧਾਨ ਵਰਿੰਦਰ ਸਿੰਘ ਢਿਲੋਂ ਅਤੇ ਪ੍ਰਗਟ ਸਿੰਘ ਵੀ ਸ਼ਾਮਲ ਸਨ। 
ਇਸ ਪ੍ਰਦਰਸ਼ਨ ’ਚ ਕੇਂਦਰ ਸਰਕਾਰ ਵਲੋਂ ਦੁੱਧ ਉਤਪਾਦਾਂ ਸਮੇਤ ਹੋਰ ਜ਼ਰੂਰੀ ਘਰੇਲੂ ਵਸਤਾਂ ਉਪਰ ਜੀਐਸਟੀ ਲਾਉਣ ਦਾ ਵੀ ਵਿਰੋਧ ਕੀਤਾ ਗਿਆ। ਬੁਲਾਰਿਆਂ ਨੇ ਪਟਰੌਲ ਡੀਜ਼ਲ ਨੂੰ ਵੈਟ ਦੇ ਘੇਰੇ ’ਚ ਲਿਆਉਣ ਦੀ ਮੰਗ ਵੀ ਚੁਕੀ। ਅੱਜ ਪੰਜਾਬ ਕਾਂਗਰਸ ਦੇ ਰੋਸ ਐਕਸ਼ਨ ’ਚ ਸ਼ਾਮਲ ਹੋਰ ਨੇਤਾਵਾਂ ’ਚ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ, ਸਾਬਕਾ ਉਪ ਮੁੱਖ ਮੰਤਰੀ ਓ.ਪੀ. ਸੋਨੀ, ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖ ਸਰਕਾਰੀਆ, ਰਾਣਾ ਗੁਰਜੀਤ, ਵਿਧਾਇਕ ਬਰਿੰਦਰਜੀਤ ਸਿੰਘ ਪਾਹੜਾ, ਵਿਕਰਮਜੀਤ ਚੌਧਰੀ ਅਤੇ ਪੰਜਾਬ ਕਾਂਗਰਸ ਦੇ ਮੁੱਖ ਦਫ਼ਤਰ ਇੰਚਾਰਜ ਕੈਪਟਨ ਸੰਦੀਪ ਸੰਧੂ ਵੀ ਸ਼ਾਮਲ ਸਨ। 

ਰਾਜ ਵੜਿੰਗ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਡੀਜ਼ਲ ਪਟਰੌਲ, ਗੈਸ ਸਿਲੰਡਰ ’ਚ ਲਗਾਤਾਰ ਵਾਧੇ ਤੇ ਹੋਰ ਵਸਤੂਆਂ ਦੀਆਂ ਕੀਮਤਾਂ ’ਚ ਲਗਾਤਾਰ ਵਾਧੇ ਹੋਣ ਨਾਲ ਗ਼ਰੀਬ ਵਰਗ ਸੁੱਕੀ ਰੋਟੀ ਖਾਣ ਲਈ ਮਜਬੂਰ ਹੋ ਰਿਹਾ ਹੈ ਮਹਿੰਗਾਈ ਹਰ ਵਰਗ ’ਤੇ ਮਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਵੀ ਵਧ ਰਹੀ ਹੈ ਅਤੇ ਮੋਦੀ ਸਰਕਾਰ ਦੀਆਂ ਅਜਿਹੀਆਂ ਨੀਤਆਂ ਜਾਰੀ ਰਹੀਆਂ ਤਾਂ ਇਥੇ ਵੀ ਸ੍ਰੀਲੰਕਾ ਵਾਲੀ ਸਥਿਤੀ ਬਣ ਜਾਵੇਗੀ। ਲੋਕ ਅੱਕ ਕੇ ਮੌਜੂਦਾ ਸਰਕਾਰ ਤੋਂ ਬਾਗ਼ੀ ਹੋ ਜਾਣਗੇ।